ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅੱਜ ਅੰਮ੍ਰਿਤ ਵੇਲੇ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਸੱਦੇ ‘ਤੇ ਇਕਜੁਟਤਾ ਤੇ ਇਕਮੁਠਤਾ ਦਾ ਇਜ਼ਹਾਰ ਕੀਤਾ ਹੈ।

ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿੱਚ ਤਲਵੰਡੀ ਸਾਬੋ ਵਿਖੇ ਹੋਣ ਵਾਲਾ 10 ਨਵੰਬਰ 2016 ਦਾ ‘ਸਰਬੱਤ ਖਾਲਸਾ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੇ ਛਤਰ ਛਾਇਆ ਹੇਠ ਕਰਨ ਦਾ ਫੈਸਲਾ ਲਿਆ ਹੈ। ਲਏ ਗਏ ਫੈਸਲੇ ਅਨੁਸਾਰ ਹੁਣ ਛੇਤੀ ਹੀ ਦੇਸ਼ ਵਿਦੇਸ਼ ਦੀਆਂ ਸਮੁਚੀਆਂ ਸਿੱਖ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਤੇ ਸਿੱਖ ਸ਼ਖਸੀਅਤਾਂ ਦੀ ਇਕਤਰਤਾ ਬੁਲਾਕੇ ‘ਸਰਬੱਤ ਖਾਲਸਾ’ ਦੇ ਅਯੋਜਨ ਹਿੱਤ ਇਕ ਕਾਰਜਕਾਰਣੀ ਦਾ ਗਠਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਦੀ ਹੋਈ ਇਕਤਰਤਾ ਭਾਈ ਮੇਜਰ ਸਿੰਘ ਜੀ (ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਮ੍ਰਿਤ ਸੰਚਾਰ ਜੱਥਾ) ਦੀ ਸਥਾਨਕ ਰਿਹਾਇਸ਼ ‘ਤੇ ਅੰਮ੍ਰਿਤ ਵੇਲੇ ਹੋਈ।