ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਡੇਢ ਦਹਾਕਾ ਪੰਜਾਬ ਵਿੱਚ ਚੰਮ ਦੀਆਂ ਚਲਾਉਣ ਵਾਲੇ ਬਾਦਲ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਝੂਠੇ ਪਰਚੇ ਦਰਜ ਕਰਨਾ ਪਾਪ ਹੈ। ਉਨ੍ਹਾਂ ਇਸ ਕੰਮ ਵਿੱਚ ਲੱਗੇ ਪੁਲਿਸ ਅਫਸਰਾਂ ਨੂੰ ਤਾੜਨਾ ਵੀ ਕੀਤੀ ਹੈ। ਸੁਖਬੀਰ ਸਿੰਘ ਬਾਦਲ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਾਉਣ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

1 ਜੂਨ 2018 ਤੋਂ ਸ਼ੁਰੂ ਹੋਏ ਬਰਗਾੜੀ ਇਨਸਾਫ ਮੋਰਚੇ ਪ੍ਰਤੀ ਆਪਣਾ ਦਰਦ ਜਾਹਰ ਕਰਦਿਆਂ ਸਾਬਕਾ ਉਪ ਮੁਖ ਮੰਤਰੀ ਨੇ ਕਿਹਾ “ਬਰਗਾੜੀ ਮਾਮਲੇ ਵਿੱਚ ਪੰਜਾਬ ਦੀ ਜਨਤਾ ਇਨਸਾਫ ਚਾਹੁੰਦੀ ਹੈ। ਜੋ ਲੋਕ ਬੇਅਦਬੀ ਦੀ ਗਲ ਕਰ ਰਹੇ ਹਨ ਉਨ੍ਹਾਂ ਨੇ ਹੀ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕੀਤਾ ਸੀ। ਕਾਂਗਰਸ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਸਨੂੰ ਹਵਾ ਦੇ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵਲੋਂ ਸ਼ੁਰੂ ਕੀਤੇ ਵਿਕਾਸ ਪ੍ਰੋਜੈਕਟਾਂ ਨੂੰ ਕਾਂਗਰਸ ਬੰਦ ਕਰਵਾ ਰਹੀ ਹੈ। ਕਾਂਗਰਸ ਖਿਲਾਫ ਮੁਹਾਜ
ਖੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਮ “ਸਾਡੇ ਰਾਜ ਵੇਲੇ ਕਾਂਗਰਸੀ ਕਹਿੰਦੇ ਸੀ 70 ਫੀਸਦੀ ਪੰਜਾਬੀ ਨਸ਼ੇੜੀ ਹਨ। ਹੁਣ ਇੰਝ ਲਗਦੈ ਜਿਵੇਂ 70 ਫੀਸਦੀ ਕਾਂਗਰਸੀ ਹੀ ਨਸ਼ੇੜੀ ਹਨ।”