ਚੰਡੀਗੜ੍ਹ (24 ਫਰਵਰੀ , 2015): ਪਿੱਛਲੇ ਸਮੇਂ ਵਿੱਚ ਥਾਈਲੈਂਡ ਤੋਂ ਥਾਈ ਸਰਕਾਰ ਵੱਲੋਂ ਗ੍ਰਿਫਤਾਰ ਕਰਕੇ ਵਾਪਸ ਭੇਜੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦੋਸ਼ਾਂ ਦਾ ਸਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਤਾਰਾ ਨੂੰ ਬੁੜੈਲ ਜੇਲ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ।

ਅਦਾਲਤ ‘ਚ ਪੇਸ਼ ਹੋਏ ਬੁੜੈਲ ਜੇਲ੍ਹ ਦੇ ਡਿਪਟੀ ਜੇਲ੍ਹ ਸੁਪਰਡੈਂਟ ਅਮਨਦੀਪ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਧਾਰਾ 268 ਆਇਦ ਕਰ ਰੱਖੀ, ਜਿਸ ਕਾਰਨ ਮਾਮਲੇ ਨਾਲ ਸਬੰਧਤ ਕਿਸੇ ਵੀ ਦੋਸ਼ੀ ਨੂੰ ਬੁੜੈਲ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ।
ਇਸ ‘ਤੇ ਪੁਲਿਸ ਵੱਲੋਂ ਪੇਸ਼ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਧਾਰਾ 268 ਅਮਨ ਕਾਨੂੰਨ ਦੀ ਸਮੱਸਿਆ ਅਤੇ ਆਮ ਲੋਕਾਂ ਦੀ ਜਾਨ ਮਾਲ ਨੂੰ ਖਤਰੇ ਦੇ ਖਦਸ਼ੇ ਵਜੋਂ ਲਾਈ ਗਈ ਸੀ ਜਿਸ ਨੂੰ ਕਿ ਪ੍ਰਸ਼ਾਸਕ ਵੱਲੋਂ ਹਟਾਇਆ ਵੀ ਜਾ ਸਕਦਾ ਹੈ।
ਅਦਾਲਤ ਨੇ ਪੁਲਿਸ ਧਾਰਾ ਹਟਾਏ ਜਾਣ ਦੀ ਮਨਜ਼ੂਰੀ ਸਬੰਧੀ ਪ੍ਰਸ਼ਾਸਨ ਦਾ ਮਨਜ਼ੂਰੀ ਪੱਤਰ ਅਦਾਲਤ ‘ਚ ਪੇਸ਼ ਕਰਨ ਅਤੇ ਮਾਮਲੇ ਦੀ ਸੁਣਵਾਈ ਕੱਲ੍ਹ ਤੱਕ ਲਈ ਅੱਗੇ ਪਾ ਦਿੱਤੀ। ਇਸ ਮਾਮਲੇ ‘ਚ ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਵਜੋਂ ਐਡਵੋਕੇਟ ਅਮਰ ਸਿੰਘ ਚਾਹਲ ਪੇਸ਼ ਹੋਏ।
ਚੰਡੀਗੜ੍ਹ ਪੁਲਿਸ ਵੱਲੋਂ ਭਾਈ ਤਾਰਾ ਦਾ ਪੁੱਛਗਿੱਛ ਰਿਮਾਂਡ ਲੈਣ ਲਈ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਅਪੀਲ਼ ਕੀਤੀ ਹੋਈ ਹੈ, ਹੇਠਲੀ ਅਦਾਲਤ ਨੇ ਉਨ੍ਹਾਂ ਦਾ ਪੁਲਿਸ ਰਿਮਾਂਡ ਲੈਣ ਲਈ ਪੁਲਿਸ ਦੀਅ ਅਰਜ਼ੀ ਖਾਰਜ਼ ਕਰ ਦਿੱਤੀ ਸੀ।