ਅੱਜ 15 ਜਨਵਰੀ ਦੀਆਂ ਪੰਜਾਬ ਦੀਆਂ ਅਖਬਾਰਾਂ, ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਮਾਘੀ ਦੇ ਦਿਹਾੜੇ ਤੇ ਹੋਈਆਂ ਸਿਆਸੀ ਕਾਨਫਰੰਸਾਂ ਨਾਲ ਭਰੀਆਂ ਪਈਆਂ ਹਨ। ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਸਿਆਸੀ ਕਸਰਤ ਨੂੰ ਮੀਡੀਆ ਅਤੇ ਸਿਆਸੀ ਵਿਸ਼ਲੇਸ਼ਕ ਬਹੁਤ ਧਿਆਨ ਨਾਲ ਦੇਖ ਰਹੇ ਸਨ। ਅੱਜ ਦੀਆਂ ਅਖਬਾਰਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਦੀਆਂ ਖਬਰਾਂ ਛਾਈਆਂ ਹੋਈਆਂ ਹਨ, “ਦੀ ਟ੍ਰਿਿਬਊਨ” ਤੋਂ ਲੈ ਕੇ “ਟਾਈਮਜ਼ ਆਫ ਇੰਡੀਆ” ਅਤੇ “ਦੈਨਿਕ ਭਾਸਕਰ” ਤੋਂ ਲੈ ਕੇ “ਜੱਗਬਾਣੀ” ਤੱਕ ਸਾਰਿਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਸਿਆਸੀ ਰੈਲੀ ਨੂੰ ਬਹੁਤ ਪ੍ਰਮੁੱਖਤਾ ਨਾਲ ਥਾਂ ਦਿੱਤੀ ਹੈੈ। ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਨੇ ਇਸਨੂੰ ਪੰਜਾਬ ਦੀ ਆਉਣ ਵਾਲੀ ਸੰਭਾਵਨਾ ਦੇ ਰੂਪ ਵਿੱਚ ਪੇਸ਼ ਕੀਤਾ ਹੈੈ।
ਨਿਰਸੰਦੇਹ ਸ੍ਰੀ ਮੁਕਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਜੋ ਇਕੱਠ ਹੋਇਆ ਉਹ ਬੇਮਿਸਾਲ ਸੀ। ਸ਼ਾਇਦ ਪਿਛਲੇ 10 ਸਾਲਾਂ ਦੌਰਾਨ ਕਿਸੇ ਸਿਆਸੀ ਪਾਰਟੀ ਦੀ ਰੈਲੀ ਵਿੱਚ ਏਨਾ ਇਕੱਠ ਨਹੀ ਹੋਇਆ। ਸਿਰਫ ਇਕੱਠ ਦੀ ਹੀ ਗੱਲ ਨਹੀ ਬਲਕਿ ਜਿਸ ਜੋਸ਼, ਜਜਬੇ ਅਤੇ ਡਸਿਪਲਨ ਨਾਲ ਲੋਕ ਪੰਜਾਬ ਦੀ ‘ਨਵੀਂ ਉਮੀਦ’ ਦੇ ਹੱਕ ਵਿੱਚ ਭੁਗਤੇ ਉਹ ਵੁੀ ਲਾਮਿਸਾਲ ਸੀ। ਮਾਲਵੇ ਦੇ ਪਿੰਡਾਂ ਦੇ ਗੁਰਸਿੱਖ ਵੀਰ ਭੈਣਾਂ ਅਤੇ ਬਜ਼ੁਰਗ ਜਿਸ ਜਜਬੇ ਅਤੇ ਉਮੀਦ ਨਾਲ ਉਸ ਰੈਲੀ ਵਿੱਚ ਆਏ ਉਹ ਆਪਣੇ ਆਪ ਵਿੱਚ ਇੱਕ ਸੁਨੇਹਾ ਸੀ ਕਿ ਪੰਜਾਬ ਦੇ ਸਿੱਖ ਸੱਤਾਧਾਰੀ ਅਕਾਲੀ ਦਲ ਦੇ ਕੰਮ ਕਾਜ ਅਤੇ ਗੁੰਡਾ-ਰਾਜਨੀਤੀ ਤੋਂ ਤੰਗ ਹੀ ਨਹੀ ਆਏ ਬਲਕਿ ਅੱਕ ਚੁੱਕੇ ਹਨ। ਉਹ ਗੁਰੂਆਂ ਦੀ ਇਸ ਪਵਿੱਤਰ ਧਰਤੀ ਨੂੰ ਮੁੜ ਤੋਂ ਹਰੀ ਭਰੀ ਅਤੇ ਗੁਰਬਾਣੀ ਦੇ ਰੰਗ ਵਿੱਚ ਰੰਗੀ ਹੋਈ ਪਵਿੱਤਰ ਰਾਜਨੀਤੀ ਨਾਲ ਲਬਲਬ ਹੋਈ ਦੇਖਣੀ ਚਾਹੁੰਦੇ ਹਨ।
ਪਰ ਕੀ ਬਾਦਲਕਿਆਂ ਦੀ ਹਾਰ ਦਾ ਲਾਹਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਲੈ ਜਾਵੇਗੀ? ਕੀ ਬਾਦਲ ਦਾ ਪਰਿਵਾਰ ਦਾ ਬਦਲ ਕੋਈ ‘ਹੋਰ’ ਧਿਰ ਹੈ? ਪੰਜਾਬ ਦੀ ਇਸ ਸਿਆਸੀ ਜੰਗ ਵਿੱਚ ਪੰਥ ਕਿੱਥੇ ਹੈੈ? ਕਿੱਥੇ ਹੈ ਉਹ ਪੰਥਕ ਧਿਰ ਜਿਸ ਨੇ ਪੰਜਾਬ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ,ਕੁਰਕੀਆਂ ਕਰਵਾਈਆਂ, ਫਾਂਸੀਆਂ ਦੇ ਰੱਸੇ ਗਲ ਵਿੱਚ ਪਵਾਏ, ਮਣਾਂਮੂੰਹੀ ਤਸ਼ੱਦਦ ਝੱਲਿਆ ਅਤੇ ਗੁਰੂ ਦੇ ਭਾਣੇ ਨੂੰ ਅਦਬ ਨਾਲ ਮੰਨਿਆਂ।
ਪੰਜਾਬ ਬਿਹਾਰ ਜਾਂ ਮੱਧ ਪ੍ਰਦੇਸ਼ ਨਹੀ ਹੈ।ਪੰਜਾਬ ਦਿੱਲੀ ਵੀ ਨਹੀ ਹੈ ਅਤੇ ਨਾ ਹੀ ਇਹ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਹੈੈ। ਪੰਜਾਬ ਦੀ ਸਿਆਸਤ ਮਹਿਜ਼ ਅਧਿਆਪਕਾਂ ਦੀਆਂ ਬਦਲੀਆਂ ਕਰਨ ਜਾਂ ਸੜਕਾਂ ਦੇ ਠੇਕੇ ਦੇਣ ਦੀ ਸਿਆਸਤ ਨਹੀ ਹੈ। ਇਸ ਨਾਲ ਸਿੱਖ ਕੌਮ ਦੀ ਭਵਿੱਖੀ ਹੋਣੀ ਦਾ ਸਵਾਲ ਜੁੜਿਆ ਹੋਇਆ ਹੈੈ। ਕੌਮ ਦੇ ਜੀਵਨ ਅਤੇ ਮੌਤ ਦੀ ਹੋਣੀ ਇਸਦੇ ਨਾਲ ਜੁੜੀ ਹੋਈ ਹੈ।
ਪੰਜਾਬ ਦਾ ਆਪਣਾਂ ਇਤਿਹਾਸ ਹੈ। ਇਸ ਇਤਿਹਾਸ ਨਾਲ ਸਿੱਖਾਂ ਦੀ ਪਹਿਚਾਣ ਦਾ ਲਹੂਵੀਟਵਾਂ ਸੰਘਰਸ਼ ਜੁੜਿਆ ਹੋਇਆ ਹੈੈ। ਪੰਜਾਬ ਨੇ 1984 ਦੀ ਸਿਆਸੀ ਸੁਨਾਮੀ ਨੂੰ ਪਿੰਡੇ ਤੇ ਹੰਢਾਇਆ ਹੈੈ। ਇਸ ਧਰਤੀ ਤੇ ਜੁਲਮੋ ਸਿਤਮ ਦੀ ਹਨੇਰੀ ਝੁੱਲੀ ਹੈ। ਉਸ ਹਨੇਰੀ ਵਿੱਚ ਆਪਣੇ ਪੰਥ ਨਾਲ ਵਫਾ ਪਾਲਣ ਵਾਲੀਆਂ ਰੂਹਾਂ ਅੱਜ ਵੀ ਕਾਲ ਕੋਠੜੀਆਂ ਵਿੱਚ ਬੰਦ ਹਨ।
ਫਿਰ ਇਸ ਸਥਿਤੀ ਵਿੱਚ ਪੰਜਾਬ ਨੂੰ ਮਹਿਜ਼ ਉਤਰ ਪ੍ਰਦੇਸ਼ ਜਾਂ ਬਿਹਾਰ ਸਮਝਣ ਦੀ ਸਿਆਸੀ ਬਿਰਤੀ ਇਸ ਧਰਤੀ ਲਈ ਸਹੀ ਨਹੀ ਹੈ। ਬਾਦਲਕਿਆਂ ਦਾ ਬਦਲ ਪੰਥ ਹੋਣਾਂ ਚਾਹੀਦਾ ਸੀ। ਉਹ ਲੋਕ ਬਾਦਲਕਿਆਂ ਦਾ ਬਦਲ ਹੋਣੇ ਚਾਹੀਦੇ ਸਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਗੁਰੂ ਸਾਹਿਬ ਦੀ ਸੋਚ ਦਾ ਸੁਪਨਾ ਸਮੋਇਆ ਹੋਇਆ ਹੈੈ। ਜੋ ਗੁਰਬਾਣੀ ਦੇ ਰੰਗ ਵਿੱਚ ਪੰਜਾਬ ਨੂੰ ਅੱਗੇ ਤੋਰਨਾ ਚਾਹੁੰਦੇ ਹਨ, ਜੋ ਪੰਜਾਬ ਵਿੱਚ ਸਿਆਸੀ ਬਾਜ਼ੀਗਰੀ ਦਾ ਖਾਤਮਾ ਕਰਕੇ ਰੁਹਾਨੀ ਰਾਜਨੀਤੀ ਦਾ ਆਗਾਜ਼ ਕਰਨਾ ਚਾਹੁੰਦੇ ਹਨ।
ਪਰ ਅਫਸੋਸ ਕਿ ਸਮੁੱਚੇ ਮਾਲਵੇ ਦਾ ਅੰਮ੍ਰਿਤਧਾਰੀ ਸਿੱਖ, ਗੁਰੂ ਦੇ ਅੰਗ ਸੰਗ ਵਿਚਰਨ ਵਾਲੀਆਂ ਮਾਈਆਂ ਬੀਬੀਆਂ ਅੱਜ ਕਿਸੇ ਮਜਬੂਤ ਪੰਥਕ ਧਿਰ ਦੇ ਮੈਦਾਨ ਵਿੱਚ ਨਾ ਹੋਣ ਕਾਰਨ ਕਿਸੇ ਹੋਰ ਵੱਲ ਜਾ ਰਹੀਆਂ ਹਨ। ਮੂੰਹ ਵਿੱਚ ਵਾਹਿਗੁਰੂ ਦਾ ਸ਼ਬਦ ਹੈ ਪਰ ਬੇਬਸ ਹੋਏ ਸਿੱਖ ਕਿਸੇ ਹੋਰ ਵੱਲ ਦੇਖ ਰਹੇ ਹਨ। ਇਹ ਠਕਿ ਹੈ ਕਿ ਪੰਜਾਬ ਨੂੰ ਰਾਜਨੀਤੀ ਦੇ ਬਾਦਲ ਮਾਡਲ ਤੋਂ ਜਿੰਨੀ ਛੇਤੀ ਹੋਵੇ ਮੁਕਤ ਹੋਣਾਂ ਚਾਹੀਦਾ ਹੈ ਪਰ ਇਸਦਾ ਬਦਲ ਪੰਥ ਹੋਣਾਂ ਚਾਹੀਦਾ ਹੈ।
ਸਿੱਖ ਰਾਜਨੀਤੀ ਦੀ ਸੂਝਵਾਨ ਧਿਰ ਜਿਸਨੇ ਸਿੱਖ ਸਰੋਕਾਰਾਂ ਨੂੰ ਬਚਾਉਣ ਲਈ ਆਪਣੀ ਜਾਨ ਤੇ ਖੇਡਿਆ ਉਹ ਤਾਂ ਸਟੇਟ ਨੇ ਚੁੱਪ ਕਰਵਾ ਦਿੱਤੀ ਹੈ ਪਰ ਦੂਜੀ ਪੰਥਕ ਧਿਰ ਜੋ ਹਾਲੇ ਵੀ ਸਰਗਰਮ ਹੈ ਉਹ ਕੋਈ ਅਜਿਹਾ ਰਾਜਨੀਤਿਕ ਮਾਡਲ ਤਿਆਰ ਨਾ ਕਰ ਸਕੀ ਜੋ ਗੁਰਬਾਣੀ ਜਾਂ ਸਿੱਖ ਇਤਿਹਾਸ ਦੇ ਸੰਦਰਭ ਵਿੱਚ ਪੰਜਾਬ ਨੂੰ ਚਲਾਉਣ ਦੇ ਯੋਗ ਹੁੰਦਾ। ਸਰਗਰਮ ਪੰਥਕ ਧਿਰ ਦੇ ਸੱਜਣ ਵੀ ਸੁਖਬੀਰ ਜਾਂ ਮਜੀਠੀਏ ਦੇ ਵਾਰਸ ਹੀ ਬਣਨਾਂ ਚਾਹੁੰਦੇ ਹਨ, ਉਨ੍ਹਾਂ ਮਾਸੂਮ ਜਿੰਦਾਂ ਦੇ ਵਾਰਸ ਨਹੀ ਬਣਨਾਂ ਚਾਹੁੰਦੇ ਜਿਨ੍ਹਾਂ ਆਪਣੇ ਗੁਰੂ ਨਾਲ ਪ੍ਰੀਤ ਕਮਾਉਣ ਲਈ ਤਖਤਾਂ ਤਾਜਾਂ ਨੂੰ ਲੱਤ ਮਾਰ ਦਿੱਤੀ ਸੀ।
ਨਿਰਸੰਦੇਹ ਇਹ ਸੂਝਵਾਨ ਪੰਥਕ ਰਾਜਨੀਤੀ ਦੀ ਵੱਡੀ ਹਾਰ ਹੈ।ਇਸਦਾ ਖਮਿਆਜ਼ਾ ਪੰਜਾਬ ਨੂੰ ਹਾਲੇ ਹੋਰ ਭੁਗਤਣਾਂ ਪਵੇਗਾ।
ਇਸ ਕੜੀ ਦਾ ਦੂਸਰਾ ਲੇਖ ਪੜ੍ਹੋ – ‘ਆਪ’ ਦਾ ਉਭਾਰ ਅਤੇ ਸਿੱਖ ਜਜਬਾ