ਬਠਿੰਡਾ (ਚਰਨਜੀਤ ਭੁੱਲਰ): ਪੰਜਾਬ ਪੁਲਿਸ ਹੁਣ ਲਾਠੀਚਾਰਜ ਕਰਨੋਂ ਹਟ ਗਈ ਹੈ? ਇਹ ਖੁਲਾਸਾ ਪੰਜਾਬ ਪੁਲੀਸ ਦਾ ਸਰਕਾਰੀ ਰਿਕਾਰਡ ਕਰ ਰਿਹਾ ਹੈ, ਜਦੋਂਕਿ ਹਕੀਕਤ ਵਿੱਚ ਪੰਜਾਬ ਦੇ ਲੋਕਾਂ ’ਤੇ ਆਏ ਦਿਨ ਪੁਲਿਸ ਦੀਆਂ ਡਾਂਗਾਂ ਵਰ੍ਹਦੀਆਂ ਹਨ।
ਪੁਲਿਸ ਰਿਕਾਰਡ ਅਨੁਸਾਰ ਲੰਘੇ ਦੋ ਵਰ੍ਹਿਆਂ ਵਿੱਚ ਪੰਜਾਬ ’ਚ ਸਿਰਫ਼ ਦੋ ਵਾਰ ਲਾਠੀਚਾਰਜ ਹੋਇਆ ਹੈ। ਇਸ ਵਿੱਚ ਪੰਜ ਆਮ ਵਿਅਕਤੀ ਫੱਟੜ ਹੋਏ ਹਨ, ਜਦੋਂਕਿ 27 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਵੇਰਵਿਆਂ ਅਨੁਸਾਰ ਸਾਲ 2014 ਵਿੱਚ ਪੰਜਾਬ ਪੁਲਿਸ ਨੂੰ ਸਿਰਫ਼ ਇੱਕ ਵਾਰ ਡਾਂਗਾਂ ਚਲਾਉਣੀਆਂ ਪਈਆਂ। ਸਾਲ 2015 ਵਿੱਚ ਵੀ ਪੁਲਿਸ ਨੇ ਸਿਰਫ਼ ਇੱਕ ਵਾਰੀ ਹੀ ਲਾਠੀਚਾਰਜ ਕੀਤਾ ਹੈ। ਸਰਕਾਰੀ ਵੇਰਵਿਆਂ ਅਨੁਸਾਰ 2011 ਤੋਂ 2015 ਤੱਕ ਦੇ ਪੰਜ ਵਰ੍ਹਿਆਂ ਦੌਰਾਨ ਪੰਜਾਬ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ’ਤੇ ਤਿੰਨ ਦਫ਼ਾ ਫਾਇਰਿੰਗ ਕਰਨੀ ਪਈ ਹੈ। ਪੁਲਿਸ ਨੇ 2011 ’ਚ ਇੱਕ ਵਾਰ ਫਾਇਰਿੰਗ ਕੀਤੀ ਸੀ ਜਿਸ ਵਿੱਚ ਦੋ ਸਿਵਲੀਅਨ ਮਾਰੇ ਗਏ ਸਨ ਅਤੇ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। 2014 ਵਿੱਚ ਦੋ ਵਾਰੀ ਪੁਲਿਸ ਫਾਇਰਿੰਗ ਹੋਈ, ਜਿਸ ਵਿੱਚ ਦੋ ਸਿਵਲੀਅਨ ਮਾਰੇ ਗਏ ਸਨ, ਜਦੋਂਕਿ 3 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ।

ਉਂਝ ਹਕੀਕਤ ਦੇਖੀਏ ਤਾਂ ਬਰਗਾੜੀ ਕਾਂਡ ’ਚ ਪੁਲੀਸ ਫਾਇਰਿੰਗ ਹੋਈ, ਕੋਟਕਪੂਰਾ ’ਚ ਪੰਥਕ ਇਕੱਠ ’ਤੇ ਪੁਲਿਸ ਫਾਇਰਿੰਗ ਹੋਈ, ਲੁਧਿਆਣਾ ’ਚ ਪਰਵਾਸੀ ਮਜ਼ਦੂਰਾਂ ’ਤੇ ਲਾਠੀਚਾਰਜ, ਪੰਜਾਬੀ ਵਰਸਿਟੀ ਦੇ ਵਿਦਿਆਰਥੀਆਂ ’ਤੇ ਲਾਠੀਚਾਰਜ ਸਣੇ ਅਨੇਕਾਂ ਵਾਰ ਲਾਠੀਚਾਰਜ ਕੀਤਾ ਗਿਆ। ਸੂਤਰ ਦੱਸਦੇ ਹਨ ਕਿ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਕਿਤੇ ਰਿਕਾਰਡ ’ਚ ਲੈ ਕੇ ਨਹੀਂ ਆਉਂਦੀ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਕੋਈ ਹਫ਼ਤਾ ਅਜਿਹਾ ਨਹੀਂ, ਜਦੋਂ ਹੱਕ ਮੰਗਣ ਵਾਲਿਆਂ ’ਤੇ ਲਾਠੀਚਾਰਜ ਨਾ ਹੋਇਆ ਹੋਵੇ। ਆਂਗਣਵਾੜੀ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਦਰਜਨਾਂ ਵਾਰ ਆਂਗਣਵਾੜੀ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ’ਤੇ ਪੁਲਿਸ ਨੇ ਡਾਂਗਾਂ ਚਲਾਈਆਂ ਹਨ।
ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਪਹਿਲਾਂ ਚਿਤਾਵਨੀ ਦਿੱਤੀ ਜਾਂਦੀ ਹੈ, ਫਿਰ ਤਾਕਤ ਦੀ ਵਰਤੋਂ ਕਰਨ ਤੋਂ ਪਹਿਲਾਂ ਕਾਰਜਕਾਰੀ ਮੈਜਿਸਟਰੇਟ ਦੀ ਪਰਵਾਨਗੀ ਲੈਣੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲੋਕਰਾਜ ਵਿੱਚ ਲਾਠੀਚਾਰਜ ਦੀ ਵਰਤੋਂ ਅਖ਼ੀਰਲਾ ਹਥਿਆਰ ਹੈ, ਉਸ ਤੋਂ ਪਹਿਲਾਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਹੁੰਦੀ ਹੈ। ਐਡਵੋਕੇਟ ਐਨ. ਕੇ. ਜੀਤ ਦਾ ਪ੍ਰਤੀਕਰਮ ਸੀ ਕਿ ਪੁਲੀਸ ਬਿਨਾਂ ਕਿਸੇ ਪ੍ਰਵਾਨਗੀ ਤੋਂ ਮੁਢਲੇ ਪੜਾਅ ’ਤੇ ਹੀ ਡਾਂਗਾਂ ਚਲਾ ਦਿੰਦੀ ਹੈ, ਜਿਸ ਕਰਕੇ ਪੁਲਿਸ ਹਰ ਲਾਠੀਚਾਰਜ ਨੂੰ ਰਿਕਾਰਡ ’ਤੇ ਨਹੀਂ ਲਿਆਉਂਦੀ ਹੈ।
(ਧੰਨਵਾਦ: ਪੰਜਾਬੀ ਟ੍ਰਿਬਿਊਨ)
