ਸ੍ਰੀਨਗਰ: ਕਸ਼ਮੀਰ ‘ਚ ਲਗਾਤਾਰ ਚੌਥੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਹਨ। ਕਸ਼ਮੀਰ ‘ਚ ਮੌਜੂਦਾ ਹਲਾਤ ਨੂੰ ਵੇਖਦਿਆਂ ਹੋਇਆ ਸ੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿਚ ਕਰਫਿਊ ਜਾਰੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਵਿਚ ਕੱਲ ਜ਼ਖਮੀ ਹੋਏ ਇਕ ਨੌਜਵਾਨ ਦੀ ਸਥਾਨਕ ਐਸ. ਐਮ. ਐਚ. ਐਸ. ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਦੀਲ ਅਹਿਮਦ ਮਾਟੋ ਵਜੋਂ ਹੋਈ ਹੈ। ਪੁਲਵਾਮਾ ਦੇ ਡਿਪਟੀ ਕਮਿਸ਼ਨਰ ਮਨੀਰੁਲ ਇਸਲਾਮ ਨੇ ਕਿਹਾ ਕਿ ਜੇਕਰ ਦਿਨ ਸ਼ਾਂਤੀ ਨਾਲ ਗੁਜ਼ਰਿਆ ਤਾਂ ਕੱਲ੍ਹ ਛੁੱਟੀ ਹੋਣ ਦੇ ਬਾਵਜੂਦ ਵੀ ਸਰਕਾਰ ਸਾਰੀਆਂ ਰਾਸ਼ਨ ਦੀਆਂ ਦੁਕਾਨਾਂ ਖੋਲ੍ਹੇਗੀ।

ਹੁਰੀਅਤ ਦੇ ਸੱਦੇ 'ਤੇ ਬੰਦ ਕਸ਼ਮੀਰ
ਹੁਰੀਅਤ ਦੇ ਸੱਦੇ ‘ਤੇ ਬੰਦ ਕਸ਼ਮੀਰ

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਸੁਰੱਖਿਆ ਬਲਾਂ ਦੀ ਮੌਜੂਦਗੀ ਨੂੰ ਵਧਾ ਦਿੱਤਾ ਹੈ। ਮੋਬਾਈਲ, ਇੰਟਰਨੈੱਟ ਅਤੇ ਰੇਲਵੇ ਸੇਵਾਵਾਂ ਅਜੇ ਵੀ ਬੰਦ ਰੱਖੀਆਂ ਗਈਆਂ ਹਨ। ਅਜ਼ਾਦੀ ਪਸੰਦ ਜਥੇਬੰਦੀਆਂ ਵਲੋਂ ਬੁਲਾਏ ਗਏ ਬੰਦ ਕਰਕੇ ਵਾਦੀ ਵਿਚ ਮੁਕੰਮਲ ਬੰਦ ਰਿਹਾ।

ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਨਰਿੰਦਰ ਮੋਦੀ ਦੀ ਅਗਵਾਈ ‘ਚ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ‘ਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਸ਼ਾਮਿਲ ਨਾ ਹੋਣ ‘ਤੇ ਸਵਾਲ ਉਠਾਏ ਹਨ। ਉਮਰ ਨੇ ਟਵਿੱਟਰ ‘ਤੇ ਲਿਖਿਆ ਕਿ, ‘ਉਹ ਸਮਝਦੇ ਹਨ ਕਿ ਮੁੱਖ ਮੰਤਰੀ ਬੈਠਕ ਵਿਚ ਸ਼ਾਮਿਲ ਹੋਣ ਦੇ ਲਈ ਸੂਬਾ ਨਹੀਂ ਛੱਡ ਸਕਦੇ ਸੀ, ਪਰ ਵੀਡੀਓ ਕਾਨਫ੍ਰਸਿੰਗ ਦੇ ਜ਼ਰੀਏ ਉਹ ਮੀਟਿੰਗ ‘ਚ ਸ਼ਾਮਿਲ ਕਿਉਂ ਨਹੀਂ ਹੋ ਸਕਦੇ ਸੀ? ਉਨ੍ਹਾਂ ਕਿਹਾ ਕਿ ਬੈਠਕ ਵਿਚ ਕਸ਼ਮੀਰ ਦਾ ਪ੍ਰਤੀਨਿਧ ਨਹੀਂ ਹੋਇਆ। ਉਮਰ ਨੇ ਕਿਹਾ ਕਿ ਅਸੀ ਬੇਕਾਰ ਚੀਜ਼ਾਂ ਦੇ ਲਈ ਵੀਡੀਓ ਲਿੰਕ ਸਥਾਪਿਤ ਕਰਦੇ ਹਾਂ ਪ੍ਰੰਤੂ ਜਿਥੇ ਮਹਿਬੂਬਾ ਮੁਫਤੀ ਦਾ ਸ਼ਾਮਿਲ ਹੋਣਾ ਅਹਿਮ ਸੀ, ਅਜਿਹਾ ਨਹੀਂ ਹੋਇਆ। ਹਾਲਾਂਕਿ, ਜੰਮੂ-ਕਸ਼ਮੀਰ ਦੇ ਇਕ ਉੱਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਕਸ਼ਮੀਰ ਦੇ ਹਲਾਤ ਦੇ ਸਬੰਧ ਵਿਚ ਇਹ ਬੈਠਕ ਕੇਂਦਰੀ ਮੰਤਰੀਆਂ ਦੀ ਸੀ ਅਤੇ ਮਹਿਬੂਬਾ ਦੀ ਬੈਠਕ ‘ਚ ਕੋਈ ਭੂਮਿਕਾ ਨਹੀਂ ਸੀ।

ਇਸੇ ਦੌਰਾਨ ਰੋਸ ਪ੍ਰਦਰਸ਼ਨਾਂ ਵਿਚ ਜ਼ਖਮੀ ਹੋਇਆਂ ਵਿਚੋਂ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਗਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਸ੍ਰੀਨਗਰ ਦੇ ਨੂਰਬਾਗ ਇਲਾਕੇ ਵਿਚ ਅਣਪਛਾਤੇ ਵਿਅਕਤੀਆਂ ਨੇ ਡਿਊਟੀ ‘ਤੇ ਤਾਇਨਾਤ ਸੁਰੱਖਿਆ ਬਲਾਂ ‘ਤੇ ਇਕ ਪੈਟਰੋਲ ਬੰਬ ਸੁੱਟਿਆ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਖਣੀ ਕਸ਼ਮੀਰ ਦੇ ਪੁਲਵਾਮਾ ਦੇ ਅਵੰਤੀਪੁਰਾ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਨੇ ਇਕ ਪੁਲਿਸ ਸਬ-ਇੰਸਪੈਕਟਰ ਅਸ਼ਰਫ ਪਾਲ ਦੀ ਪਤਨੀ ਅਤੇ ਬੇਟੀ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਘਰ ਨੂੰ ਨੁਕਸਾਨ ਪਹੁੰਚਾਇਆ। ਜਿਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਅਸ਼ਰਫ ਘਰ ਵਿਚ ਨਹੀਂ ਸੀ। ਉਸਦੀ ਪਤਨੀ ਅਤੇ ਬੇਟੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Comments

comments