ਨਵੀਂ ਦਿੱਲੀ, (20 ਮਈ 2014):- ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਤੇ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 16ਵੀਆਂ ਲੋਕ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਲੈ ਕੇ ਭਾਜਪਾ ਦੀ ਅਗਵਾਈ ਹੇਠ ਕੇਂਦਰ ਵਿੱਚ ਸਰਕਾਰ ਬਣਾਉਣ ਜਾ ਰਹੇ ਨਰਿੰਦਰ ਮੋਦੀ ਨੂੰ ਗੁਜਰਾਤ ਭਵਨ ਵਿਖੇ ਮਿਲ ਕੇ ਅੱਜ ਜਿੱਤ ਦੀ ਵਧਾਈ ਦਿੱਤੀ।
ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਮਹਾਨ ਆਗੂ ਕਰਾਰ ਦਿੱਤਾ ਅਤੇ ਕਿਹਾ ਕਿ ਅੱਜ ਦੇ ਦਿਨ ਨੂੰ ਭਾਰਤ ਦੇ ਇਤਿਹਾਸ ‘ਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਹਿੰਦੁਸਤਾਨ ਜਾਂ ਕਿਸੇ ਹੋਰ ਜਮਹੂਰੀਅਤ ਵਿਚ ਇੰਨੀ ਵੱਡੀ ਜਿੱਤ ਨੇ ਆਪਣੇ-ਆਪ ‘ਚ ਇਕ ਰਿਕਾਰਡ ਕਾਇਮ ਕੀਤਾ ਹੈ ।
ਅਜੀਤ ਅਖਬਾਰ ਅਨੁਸਾਰ ਉਨ੍ਹਾਂ ਕਿਹਾ ਕਿ ਉਹ ਫਖ਼ਰ ਨਾਲ ਕਹਿ ਸਕਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਭ ਤੋਂ ਪੁਰਾਣਾ ਤੇ ਸੱਚਾ-ਸੁੱਚਾ ਸਾਥੀ ਹੈ । ਉਨ੍ਹਾਂ ਕਿਹਾ ਕਿ ਗਠਜੋੜ ‘ਚ ਕਈ ਵਾਰ ਕੋਈ ਨਾਰਾਜ਼ ਵੀ ਹੋ ਜਾਂਦਾ ਹੈ, ਪਰ ਸਾਡੇ ਗਠਜੋੜ ਦਾ ਰਿਸ਼ਤਾ ਘਿਓ-ਖਿਚੜੀ ਵਾਂਗ ਹੈ, ਜਿਸ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ । ਸ: ਬਾਦਲ ਨੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ।