Site icon Sikh Siyasat News

ਜ਼ੀਰਾ ਸਾਂਝਾ ਮੋਰਚਾ – ਚੇਤਾਵਨੀ ਰੈਲੀ ਭਲਕੇ

ਚੰਡੀਗੜ੍ਹ :- ਜੁਲਾਈ 2022 ਤੋਂ ਜੀਰੇ ਦੇ ਨੇੜਲੇ ਪਿੰਡ ਮਨਸੂਰਵਾਲ ਵਿਖੇ ਲੋਕਾਂ ਨੇ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਪੂਰਨ ਤੌਰ ‘ਤੇ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਬੰਦ ਕਰਵਾਉਣ ਦੀ ਮੰਗ ਦਾ ਮੁੱਖ ਕਾਰਨ ਕਾਰਖਾਨੇ ਵੱਲੋਂ ਇਲਾਕੇ ਦੀ ਹਵਾ, ਪਾਣੀ ਅਤੇ ਮਿੱਟੀ ਨੂੰ ਗੰਧਲਾ ਕਰਨਾ ਹੈ। ਜਿਸ ਕਾਰਨ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਖਰਾਬ ਹੋ ਚੁੱਕਿਆ ਹੈ। ਫੈਕਟਰੀ ਦੀ ਸੁਆਹ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਸਮੱਸਿਆਵਾਂ ਨਾਲ ਜੂਝਣਾ ਪਿਆ ਹੈ। ਸੁਆਹ ਨਾਲ ਇਨਸਾਨਾਂ ਅਤੇ ਪਸ਼ੂਆਂ, ਦੋਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗੀਆਂ ਹਨ। ਫੈਕਟਰੀ ਦਾ ਦੂਸ਼ਿਤ ਪਾਣੀ ਬੋਰ ਰਾਹੀਂ ਧਰਤੀ ਹੇਠ ਪਾਇਆ ਜਾਂਦਾ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਗੰਧਲਾ ਅਤੇ ਮੁਸ਼ਕ ਵਾਲਾ ਪਾਣੀ ਨਿਕਲਦਾ ਹੈ। ਇਹ ਪਾਣੀ ਪੀਣ ਯੋਗ ਅਤੇ ਵਰਤਣ ਯੋਗ ਨਹੀਂ ਹੈ। ਇਹਨਾਂ ਕਾਰਨਾਂ ਕਰਕੇ ਇਲਾਕੇ ਵਿਚ ਕਾਲਾ ਪੀਲੀਆ, ਕੈਂਸਰ ਵਰਗੇ ਭਿਆਨਕ ਰੋਗ ਵੀ ਫੈਲ ਗਏ ਹਨ ਅਤੇ ਕਈ ਮੌਤਾਂ ਵੀ ਹੋ ਗਈਆਂ ਹਨ।

ਜੀਰੇ ਦੇ ਨੇੜਲੇ ਪਿੰਡ ਮਹੀਆਂ ਵਾਲਾ ਵਿੱਚ ਜਦੋਂ ਇਕ ਧਾਰਮਿਕ ਸਥਾਨ ‘ਤੇ ਬੋਰ ਕੀਤਾ ਗਿਆ ਤਾਂ ਉਸ ਵਿੱਚੋਂ ਲਾਹਣ ਵਰਗਾ ਪਾਣੀ ਨਿਕਲਿਆ। ਜਿਸ ਕਾਰਨ ਮਾਮਲਾ ਹੋਰ ਭੱਖ ਗਿਆ ਤੇ ਲੋਕਾਂ ਨੇ ਇਕੱਠੇ ਹੋ ਕੇ ਫੈਕਟਰੀ ਦੇ ਬਾਹਰ ਧਰਨਾ ਲਾਇਆ ਹੋਇਆ ਹੈ।

ਲਗਭਗ ਪਿਛਲੇ 9 ਮਹੀਨਿਆਂ ਵਿਚ ਇਸ ਧਰਨੇ ਅਤੇ ਫੈਕਟਰੀ ‘ਤੇ ਕਾਰਵਾਈ ਸੰਬੰਧੀ ਬਹੁਤ ਉਤਰਾਅ-ਚੜਾਅ ਆਏ ਹਨ। ਇਲਾਕੇ ਦੇ ਲੋਕ ਅਤੇ ਬਾਕੀ ਪੰਜਾਬ ਵਾਸੀਆਂ ਦੀ ਵੀ ਸਿਰਫ ਇਹੀ ਮੰਗ ਹੈ ਕਿ ਫੈਕਟਰੀ ਨੂੰ ਬਿਲਕੁਲ ਬੰਦ ਕੀਤਾ ਜਾਵੇ। ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਹਰ ਹੀਲਾ ਵਰਤ ਕੇ ਇਸ ਧਰਨੇ ਨੂੰ ਚੁਕਵਾਉਣ ਅਤੇ ਫੈਕਟਰੀ ਨੂੰ ਮੁੜ ਤੋਂ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਲੋਕਾਂ ਦੀ ਏਕਤਾ ਅਤੇ ਸੰਘਰਸ਼ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਇਸ ਵਿੱਚ ਪੁਲਸ ਬੱਲ ਦਾ ਵੀ ਪ੍ਰਯੋਗ ਕੀਤਾ ਗਿਆ। ਅਦਾਲਤੀ ਹੁਕਮ ਵੀ ਜਾਰੀ ਕੀਤੇ ਗਏ। ਮੋਨੀਟਰਿੰਗ ਕਮੇਟੀ ਦੀ ਰਿਪੋਰਟ ਵੀ ਆ ਗਈ ਜਿਸ ਵਿੱਚ ਫੈਕਟਰੀ ਨੂੰ ਸਾਰਿਆਂ ਇਲਜ਼ਾਮਾਂ ਤੋਂ ਮੁਕਤ ਕਰਕੇ ਪਾਣੀ ਨੂੰ ਸਾਫ਼ ਦੱਸਿਆ ਗਿਆ। ਉੱਥੋਂ ਦੇ ਕਾਮਿਆਂ ਵੱਲੋਂ ਪੁਲਸ ਦੀ ਮੌਜੂਦਗੀ ਵਿੱਚ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਸਾਰੇ ਲੋਕਾਂ ਤੇ’ ਝੂਠੇ ਪਰਚੇ ਵੀ ਪਾਏ ਗਏ।

 

ਪਰ ਇਸ ਸਭ ਦੇ ਬਾਵਜੂਦ ਲੋਕ ਅੜੇ ਰਹੇ ਅਤੇ ਇਸ ਏਕੇ ਅੱਗੇ ਝੁਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਫੈਕਟਰੀ ਨੂੰ ਬੰਦ ਕਰਨ ਲਈ ਹੁਕਮ ਜਾਰੀ ਕਰਨਾ ਪਿਆ। ਇਹ ਹੁਕਮ ਜਨਵਰੀ 2023 ਵਿੱਚ ਦਿੱਤਾ ਗਿਆ ਸੀ ਪਰ ਲਿਖਤੀ ਰੂਪ ਵਿਚ ਕੋਈ ਆਰਡਰ ਨਹੀਂ ਕੱਢਿਆ ਗਿਆ। ਇਸ ਲਈ ਲੋਕਾਂ ਵਿਚ ਸਰਕਾਰ ਪ੍ਰਤੀ ਅਵਿਸ਼ਵਾਸ ਸੀ ਤੇ ਲੋਕਾਂ ਨੇ ਧਰਨਾ ਖਤਮ ਨਹੀਂ ਕੀਤਾ। ਅੱਜ ਤੱਕ ਵੀ ਸਰਕਾਰ ਵੱਲੋਂ ਪੂਰਨ ਤੌਰ ‘ਤੇ ਕਾਰਵਾਈ ਕਰਕੇ ਕਾਰਖਾਨਾ ਬੰਦ ਨਹੀਂ ਕਰਵਾਇਆ ਗਿਆ। ਇਸ ਦੇ ਕਾਰਨ ਧਰਨਾ ਅਜੇ ਵੀ ਜਾਰੀ ਹੈ।

ਪ੍ਰਬੰਧਕਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਅਤੇ ਸਰਕਾਰ ਨੂੰ ਚੇਤਾਵਨੀ ਦੇਣ ਲਈ 31 ਮਾਰਚ ਨੂੰ ਇਕ ਵੱਡਾ ਇਕੱਠ ਕਰਨ ਲਈ ਸੱਦਾ ਦਿੱਤਾ ਗਿਆ ਹੈ। ਉਹਨਾ ਨੇ ਸਾਰੇ ਪੰਜਾਬ ਅਤੇ ਵਾਤਾਵਰਣ ਹਿਤੈਸ਼ੀਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version