ਸੰਗਰੂਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 29 ਜੁਲਾਈ ਨੂੰ ਕੈਪਟਨ ਕਰਮ ਸਿੰਘ ਸਟੇਡੀਅਮ ਸ਼ਹਿਣਾ ਵਿੱਚ ਸੰਗਤ ਦਰਸ਼ਨ ‘ਚ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਗੀਤ ਗਾਉਣ ਅਤੇ ਚੁਟਕਲੇ ਸੁਣਾਉਣ ਵਾਲਿਆਂ ਨੂੰ ਜਿਤਾ ਕੇ ਵੱਡੀ ਗਲਤੀ ਕੀਤੀ ਹੈ। ਅਜਿਹੀ ਗਲਤੀ ਵਿਕਾਸ ਕਾਰਜਾਂ ਨੂੰ ਪਿੱਛੇ ਲੈ ਜਾਂਦੀ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੀ ਸੱਜੀ ਬਾਂਹ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਹਲਕੇ ਤੋਂ ਚੋਣ ਲੜਾਇਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁੱਖ ਸਕੱਤਰ ਨੂੰ ਲੜਾਇਆ ਪਰ ਤੁਸੀਂ ਦੋਵੇਂ ਹਰਾ ਦਿੱਤੇ। ਨਤੀਜਾ ਇਲਾਕੇ ਦਾ ਵਿਕਾਸ ਜ਼ੀਰੋ ਹੋ ਗਿਆ।
ਬਾਦਲ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਨਾਲ ਕੋਈ ਹਿੱਤ ਨਹੀਂ ਹੈ। ਦਰਬਾਰ ਸਾਹਿਬ ’ਤੇ ਹਮਲਾ ਕਾਂਗਰਸ ਨੇ ਕੀਤਾ। ਐਸਵਾਈਐਲ ਨਹਿਰ ਦੀ ਪੁਟਾਈ ਇੰਦਰਾ ਗਾਂਧੀ ਨੇ ਕਰਵਾਈ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਰਿਆਣਾ ਦਾ ਰਹਿਣ ਵਾਲਾ ਹੈ। ਉਸ ਨੂੰ ਬਰਨਾਲਾ, ਸ਼ਹਿਣਾ ਤੇ ਭਦੌੜ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਪਤਾ ਹੈ ਕਿ ਇਹ ਪਿੰਡ ਕਿੱਥੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕੋਈ ਕੁਰਬਾਨੀ ਨਹੀਂ ਹੈ। ਉਸ ਨੇ ਕਦੇ ਜੇਲ੍ਹ ਨਹੀਂ ਕੱਟੀ।