Site icon Sikh Siyasat News

ਦਿੱਲੀ ਦੇ ਉੱਪ-ਰਾਜਪਾਲ ਨੂੰ ਦਲ ਖਾਲਸਾ ਨੇ ਪੱਤਰ ਲਿਖਕੇ ਭਾਈ ਹਵਾਰਾ ਦਾ ਠੀਕ ਇਲਾਜ਼ ਕਰਵਾਉਣ ਲਈ ਕਿਹਾ

ਅੰਮ੍ਰਿਤਸਰ (25 ਜੂਨ 2014): ਦਲ ਖਾਲਸਾ  ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਰੀੜ ਦੀ ਹੱਡੀ ਅਤੇ ਲੱਤ ਦੇ ਦਰਦ ਤੋਂ ਪੀੜਤ ਹਨ, ਨੇ ਸ਼੍ਰੀ ਨਜੀਬ ਜੰਗ ਨੂੰ ਫੈਕਸ ਰਾਂਹੀ ਭੇਜੇ ਖੱਤ ਵਿੱਚ ਲਿਖਿਆ ਹੈ ਕਿ ਜੇਲ ਅਧਿਕਾਰੀ ਭਾਈ ਹਵਾਰਾ ਦਾ ਇਲਾਜ ਕਰਵਾਉਣ ਵਿੱਚ ਢਿੱਲ-ਮੱਠ ਕਰ ਰਹੇ ਹਨ ਜਿਸ ਕਾਰਨ ਉਹਨਾਂ ਦੀ ਤਕਲੀਫ ਵੱਧਦੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਉਹ ਦਿੱਲੀ ਪ੍ਰਸ਼ਾਸਨ ਦੇ ਮੁੱਖੀ ਹੋਣ ਦੇ ਨਾਤੇ ਖੁਦ ਇਸ ਮਾਮਲੇ ਵਿੱਚ ਦਖਲਅੰਦਾਜੀ ਕਰਨ ਅਤੇ ਜੇਲ ਸੁਪਰੀਟੈਂਡੇਂਟ ਨੂੰ ਹਦਾਇਤ ਜਾਰੀ ਕਰਨ ਕਿ ਉਹ ਜਗਤਾਰ ਸਿੰਘ ਦਾ ਸਹੀ ਅਤੇ ਢੁੱਕਵਾਂ ਇਲਾਜ ਕਿਸੇ ਮਾਹਿਰ ਡਾਕਟਰ ਕੋਲੋਂ ਕਰਵਾਉਣ।

ਉਹਨਾਂ ਜੇਲ ਅਧਿਕਾਰੀਆਂ ਦੇ ਪੱਖਪਾਤੀ ਰਵਈਏ ਦੀ ਆਲੋਚਨਾ ਖਤ ਵਿੱਚ ਲਿਖਿਆ ਹੈ ਕਿ ਭਾਈ ਹਵਾਰਾ ਨੂੰ ਜਾਂ ਤਾਂ ਕਿਸੇ ਚੰਗੇ ਹਸਪਤਾਲ ਵਿੱਚ ਦਾਖਿਲ਼ ਕਰਵਾਇਆ ਜਾਵੇ ਜਾਂ ਮਾਹਿਰ ਡਾਕਟਰਾਂ ਨੂੰ ਜੇਲ ਅੰਦਰ ਇਲਾਜ ਕਰਨ ਲਈ ਲਿਜਾਇਆ ਜਾਵੇ।

ਸ ਧਾਮੀ ਨੇ ਕਿਹਾ ਕਿ ਭਾਈ ਹਵਾਰਾ ਪਿਛਲੇ ਇੱਕ ਮਹੀਨੇ ਤੋਂ ਡਾਢੀ ਤਕਲੀਫ ਵਿੱਚ ਹਨ ਪਰ ਅਤੇ ਜੇਲ ਡਾਕਟਰ ਵਲੋਂ ਦਿੱਤੀ ਜਾ ਰਹੀ ਦਰਦ ਘੱਟ ਕਰਨ ਦੇ ਕੈਪਸੂਲ ਨੇ ਵੀ ਹੁਣ ਅਸਰ ਕਰਨਾ ਬੰਦ ਕਰ ਦਿਤਾ ਹੈ। ਉਹਨਾਂ ਕਿਹਾ ਕਿ ਭਾਈ ਹਵਾਰਾ ਨੇ ਆਪਣੀ ਤਕਲੀਫ ਅਤੇ ਜੇਲ ਅਧਿਕਾਰੀਆਂ ਦੇ ਪੱਖਪਾਤੀ ਰਵਈਏ ਬਾਬਤ ਉਹਨਾਂ ਨੂੰ ਮਿਲਣ ਗਏ ਆਪਣੇ ਸਕੇ-ਸਬੰਧੀਆਂ ਨੂੰ ਦਸਿਆ ਹੈ। ਉਹਨਾਂ ਦਸਿਆ ਕਿ ਭਾਈ ਹਵਾਰਾ ਪਹੀਏਦਾਰ ਕੁਰਸੀ ਉਤੇ ਬੈਠਕੇ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਨ ਲਈ ਆਉਂਦੇ ਹਨ।ਸ ਧਾਮੀ ਨੇ ਖੱਤ ਵਿੱਚ ਲਿਖਿਆ ਹੈ ਕਿ ਕੈਦੀ ਨੂੰ ਮੁਕੰਮਲ ਅਤੇ ਯੋਗ ਮੈਡੀਕਲ ਸਹੂਲਤ ਨਾ ਦੇਣਾ ਗੈਰ-ਮੱਨੁਖੀ ਹੈ ਅਤੇ ਨਾਲ ਹੀ ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਜ਼ਿਕਰਯੋਗ ਹੈ ਕਿ  ਭਾਈ ਜਗਤਾਰ ਸਿੰਘ ਹਵਾਰਾ ਪਿਛਲ਼ੇ 19 ਸਾਲਾਂ ਤੋਂ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਉਹ ਇਸ ਵੇਲੇ ਤਿਹਾੜ ਜੇਲ ਅੰਦਰ ਨਜ਼ਰਬੰਦ ਹਨ। ਉਹਨਾਂ ਦੀ ਰੀੜ ਦੀ ਹੱਡੀ ਦੀ ਕੋਈ ਨੱਸ ਦੱਬ ਰਹੀ ਹੈ ਜਿਸ ਕਾਰਨ ਉਹਨਾਂ ਦੀ ਲੱਤ ਵਿੱਚ ਬਹੁਤ ਦਰਦ ਹੈ ਅਤੇ ਉਹਨਾਂ ਦਾ ਚੱਲਣਾ-ਫਿਰਣਾ ਮੁਸ਼ਕਿਲ ਹੋ ਗਿਆ ਹੈ।

ਇਸਤੋਂ ਪਹਿਲਾਂ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਕੇ ਬੇਨਤੀ ਕੀਤੀ ਸੀ ਕਿ ਉਹ ਭਾਈ ਹਵਾਰਾ ਦਾ ਸਹੀ ਇਲਾਜ਼ ਕਰਵਾਉਣ ਲਈ ਉਪਰਾਲਾ ਕਰਨ।ਜੱਥੇਦਾਰ ਨੇ ਸਿੱਖ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਸੀ ਕਿ ਉਹ ਭਾਈ ਹਵਾਰਾ ਦੇ ਠੀਕ ਇਲਾਜ਼ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version