ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਨ ਦੀ ਸੇਵਾ ਕੀਤੀ ਜਾਂਦੀ ਹੈ। ਬੀਤੇ ਦਿਨਾਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼੍ਰੋ.ਗੁ.ਪ੍ਰ.ਕ. ਦੇ ਆਪਣੇ ਰਿਕਾਰਡ ਮੁਤਾਬਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 264 ਸਰੂਪ ਘੱਟ ਹਨ ਜਾਂ ਲਾਪਤਾ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਜਾਂਚ ਜਥਾ ਕਾਇਮ ਕੀਤਾ ਗਿਆ। ਜਦੋਂ ਉਸ ਜਾਂਚ ਜਥੇ ਦੀ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਗਏ ਸਰੂਪਾਂ ਵਿੱਚੋਂ ਇਸ ਸੰਸਥਾ ਦੇ ਆਪਣੇ ਰਿਕਾਰਡ ਮੁਤਾਬਕ 328 ਸਰੂਪ ਘੱਟ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 61 ਅਤੇ 125 ਸਰੂਪ ਬਿਨਾਂ ਰਿਕਾਰਡ ਵਿੱਚ ਦਰਜ ਕੀਤਿਆਂ ਤਿਆਰ ਕੀਤੇ ਹਨ। ਇਨ੍ਹਾਂ ਸਾਰੇ ਸਰੂਪ ਸਾਹਿਬਾਨ ਬਾਬਤ ਅੱਜ ਤੱਕ ਸਿੱਖ ਸੰਗਤ ਨੂੰ ਇਹ ਨਹੀਂ ਪਤਾ ਕਿ ਇਹ ਕਿੱਥੇ ਹਨ? ਇਸ ਜਾਂਚ ਲੇਖੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ. ਵੱਲੋਂ ਦਰਜਨ ਦੇ ਕਰੀਬ ਮੌਜੂਦਾ ਅਤੇ ਸਾਬਕਾ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ ਵੱਖ-ਵੱਖ ਪੱਧਰ ਦੀ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਰ ਸ਼੍ਰੋ.ਗੁ.ਪ੍ਰ.ਕ. ਸਿੱਖ ਸੰਗਤ ਨੂੰ ਅੱਜ ਵੀ ਇਹ ਦੱਸਣ ਵਿੱਚ ਨਾਕਾਮ ਹੈ ਕਿ ਲਾਪਤਾ ਦੱਸੇ ਜਾਂਦੇ ਸਰੂਪ ਆਖਿਰ ਕਿੱਥੇ ਹਨ? ਇਸ ਤੋਂ ਇਲਾਵਾ ਸੁਆਲ ਇਹ ਵੀ ਹੈ ਕਿ ਜਾਂਚ ਜਥੇ ਵੱਲੋਂ ਪੇਸ਼ ਕੀਤਾ ਗਿਆ ਲੇਖਾ ਸਿੱਖ ਸੰਗਤ ਦੀ ਜਾਣਕਾਰੀ ਹਿੱਤ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ?