ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।
(ਸਿਰੀਰਾਗੁ ਮਹਲਾ ੧-੧੯)
ਗੁਰੂ ਨਾਨਕ ਸਾਹਿਬ ਵਲੋਂ ਫੁਰਮਾਇਆ ਗਿਆ ਕਿ ਸ੍ਰਿਸ਼ਟੀ ਨੂੰ ਜੀਵਨ ਦੇਣ ਵਾਲਾ ਪਾਣੀ ਇੱਕ ਐਸਾ ਤੱਤ ਹੈ, ਜਿਸ ਦੁਆਰਾ ਜੀਵ-ਜੰਤੂਆਂ, ਬਨਸਪਤੀ ਆਦਿ ਵਿੱਚ ਜੀਵਨ ਦੀ ਰੌਂ ਚਲਦੀ ਰਹਿੰਦੀ ਹੈ ਅਤੇ ਹਰੇਕ ਪਾਸੇ ਹਰਿਆਵਲ ਛਾਈ ਰਹਿੰਦੀ ਹੈ ਜੋ ਕਿ ਪਾਣੀ ਦੀ ਅਣਹੋਂਦ ਵਿੱਚ ਕਦਾਚਿਤ ਸੰਭਵ ਨਹੀਂ ਹੋ ਸਕਦੀ। ਪਰ ਅਸੀਂ ਇਨਸਾਨਾਂ ਨੇ ਪੌਣ – ਪਾਣੀ ਨੂੰ ਇਸ ਕਦਰ ਪਲੀਤ ਕਰ ਦਿੱਤਾ ਹੈ ਕਿ ਇਸ ਪੂਰੀ ਸ਼੍ਰਿਸ਼ਟੀ ਦੀ ਹੋਂਦ ਨੂੰ ਹੀ ਖਤਰੇ ਵਿਚ ਪਾ ਦਿੱਤਾ ਹੈ।
ਪੰਜਾਬ ਵਿੱਚ ਪਹਿਲਾਂ ਫ਼ਸਲਾਂ ਖਿੱਤੇ ਦੇ ਮੌਸਮ ਅਨੁਸਾਰ ਲਗਾਈਆਂ ਜਾਂਦੀਆਂ ਸਨ। ਫ਼ਸਲਾਂ ਲਈ ਪਾਣੀ ਜਾਂ ਤਾਂ ਖੂਹਾਂ ਤੋਂ ਲਿਆ ਜਾਂਦਾ ਸੀ, ਜਾਂ ਬਰਸਾਤਾਂ ‘ਤੇ ਨਿਰਭਰਤਾ ਹੁੰਦੀ ਸੀ। ਜਦ ਕਿ ਪਿਛਲੀ ਸਦੀ ਵਿੱਚ ਨਹਿਰੀ ਪ੍ਰਬੰਧ ਨਾਲ ਪਾਣੀ ਦੀ ਉਪਲਬਧਤਾ ਦੀ ਸੌਖ ਵੀ ਹੋਈ ਹੈ, ਪਰ ਝੋਨੇ ਦੀ ਖੇਤੀ ਵੱਡੇ ਪੱਧਰ ‘ਤੇ ਅਪਣਾਉਣ ਕਾਰਨ ਅਸੀਂ ਖੇਤੀ ਲਈ ਪਾਣੀ ਦੀ ਪੂਰਤੀ ਨੂੰ ਜਮੀਨ ਦੇ ਹੇਠੋਂ ਕੱਢ ਕੇ ਪੂਰਾ ਕਰਨਾ ਸੁਰੂ ਕਰ ਦਿੱਤਾ ਜਿਸ ਕਾਰਨ ਸਾਡੇ ਖੇਤੀ ਢਾਂਚੇ ਤੇ ਵਾਤਾਵਰਨ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ ।
ਆਓ ਗੱਲ ਕਰਦੇ ਹਾਂ ਬਰਨਾਲਾ ਜਿਲ੍ਹੇ ਵਿੱਚ ਪਾਣੀ ਦੀ ਸਥੀਤੀ ਦੀ :-
ਬਰਨਾਲਾ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਘੱਟ ਚਿੰਤਾਜਨਕ ਨਹੀਂ ਹਨ। ਇਸ ਦੇ ਕੁੱਲ 3 ਬਲਾਕ ਹਨ। ਇਹ ਤਿੰਨੋ ਬਲਾਕ ਵੱਧ ਖਰਾਬ ਹਾਲਤ ਵਿਚ ਹਨ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ । ਵੱਖ – ਵੱਖ ਬਲਾਕਾਂ ਵਿਚ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ :-
2017(%) 2020(%)
ਬਰਨਾਲਾ 255 296
ਮਹਿਲ ਕਲਾਂ 177 118
ਸਹਿਣਾ 185 206
2019-20 ਬਲਾਕਾਂ ਦੀ ਸ਼ੋਸ਼ਣ ਦਰ:
ਬਰਨਾਲਾ ਜ਼ਿਲ੍ਹੇ ਦੇ ਤਿੰਨਾ ਬਲਾਕਾਂ ਵਿੱਚੋਂ ਬੇ-ਹਿਸਾਬਾ ਪਾਣੀ
ਕੱਢਿਆ ਜਾ ਰਿਹਾ ਹੈ। ਭਾਵੇਂ ਕਿ ਇਸਦੇ ਇਕ ਬਲਾਕ ਵਿੱਚ ਪਾਣੀ ਕੱਢਣ ਦੀ ਦਰ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ ਪਰ ਫਿਰ ਵੀ ਤਿੰਨੋ ਬਲਾਕ ਚਿੰਤਾਜਨਕ ਸਥਿਤੀ ਵਿੱਚ ਹੀ ਹਨ। ਬਰਨਾਲਾ ਬਲਾਕ ਵਿੱਚ ਤਾਂ 296%, ਸਹਿਣਾ ਵਿੱਚ 206% ਅਤੇ ਮਹਿਲ ਕਲਾਂ ਵਿੱਚ 118% ਤੱਕ ਪਾਣੀ ਕੱਢਿਆ ਜਾ ਰਿਹਾ ਹੈ।
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਬਰਨਾਲਾ ਜ਼ਿਲ੍ਹੇ ਵਿੱਚ 2018 ਦੇ ਅੰਕੜਿਆਂ ਅਨੁਸਾਰ ਧਰਤੀ ਹੇਠਲੇ ਤਿੰਨਾਂ ਪੱਤਣਾਂ ਦਾ ਪਾਣੀ ਜੋ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਨਾਲੋਂ ਘੱਟ ਹੈ। ਇਸ ਦੇ ਪਹਿਲੇ ਪੱਤਣ ਵਿੱਚ 44.5 ਲੱਖ ਏਕੜ ਫੁੱਟ (LAF), ਦੂਜੇ ਪੱਤਣ ਵਿੱਚ 28.78 ਲੱਖ ਏਕੜ ਫੁੱਟ (LAF) ਅਤੇ ਤੀਜੇ ਪੱਤਣ ਵਿੱਚ 16.28 ਲੱਖ ਏਕੜ ਫੁੱਟ (LAF) ਪਾਣੀ ਬਚਿਆ ਹੈ। ਜਿਸ ਗਤੀ ਨਾਲ ਇਸ ਜ਼ਿਲ੍ਹੇ ਦਾ ਪਾਣੀ ਕੱਢਿਆ ਜਾ ਰਿਹਾ ਹੈ, ਉਸ ਅਨੁਸਾਰ ਆਉਣ ਵਾਲੇ ਸਮੇਂ ਵਿਚ ਇਸ ਜ਼ਿਲ੍ਹੇ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਵੇਗੀ। ਫਿਰ ਖੇਤੀ ਨਾਲੋ ਪੀਣ ਲਈ ਪਾਣੀ ਨੂੰ ਸੰਭਾਲ ਕੇ ਰੱਖਣ ਨੂੰ ਤਰਜੀਹ ਦੇਣੀ ਪਵੇਗੀ। ਦੂਜੇ ਤੇ ਤੀਜੇ ਪੱਤਣ ਵਿਚ ਪਾਣੀ ਪਹਿਲੇ ਪੱਤਣ ਨਾਲੋਂ ਕਾਫੀ ਘੱਟ ਹੈ। ਜਿੰਨਾ ਪਾਣੀ ਡੂੰਘਾ ਕੱਢਿਆ ਜਾਵੇਗਾ ਯੂਰੇਨੀਅਮ, ਫਲੋਰਾਈਡ, ਨਿਕਲ ਸੁਲਫੇਟ ਆਦਿ ਭਾਰੀ ਤੱਤਾਂ ਦੀ ਮਾਤਰਾ ਵੱਧ ਆਉਣ ਦਾ ਖਤਰਾ ਵੀ ਓਨਾ ਜਿਆਦਾ ਬਣਿਆ ਰਹਿੰਦਾ ਹੈ। ਜਿਸ ਕਾਰਨ ਕੈਂਸਰ, ਕਾਲਾ ਪੀਲੀਆ ਆਦਿ ਵਰਗੀਆਂ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ ।
ਬਰਨਾਲਾ ਜ਼ਿਲ੍ਹੇ ਵਿੱਚ ਜੰਗਲਾਤ ਹੇਠ ਰਕਬਾ:
ਬਰਨਾਲਾ ਜ਼ਿਲ੍ਹੇ ਵਿੱਚ ਸਿਰਫ਼ 0.55% ਹੀ ਜੰਗਲਾਤ ਹੇਠ ਰਕਬਾ ਹੈ। ਮਾਹਿਰਾਂ ਅਨੁਸਾਰ ਲਗਪਗ 33% ਧਰਤੀ ਉੱਤੇ ਜੰਗਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਬਰਨਾਲਾ ਜ਼ਿਲ੍ਹਾ ਜ਼ਰੂਰੀ ਅੰਕੜੇ ਤੋਂ ਬਹੁਤ ਜ਼ਿਆਦਾ ਦੂਰ ਹੈ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਬਰਨਾਲਾ ਜ਼ਿਲ੍ਹੇ ਵਿੱਚ ਝੋਨੇ ਹੇਠ ਰਕਬਾ:
ਬਰਨਾਲਾ ਜਿਲ੍ਹੇ ਦੇ ਬਹੁਤੇ ਹਿੱਸੇ ਵਿਚ ਸਬਜ਼ੀਆਂ ਦੀ ਕਾਸ਼ਤ ਵੱਡੇ ਪੱਧਰ ਤੇ ਹੋ ਸਕਦੀ ਹੈ। ਪਰ ਸਬਜ਼ੀਆਂ ਦਾ ਕੋਈ ਪੱਕਾ ਭਾਅ ਨਾ ਹੋਣ ਕਰਕੇ ਝੋਨੇ ਹੇਠ ਰਕਬੇ ਵਿੱਚ ਕੋਈ ਘਾਟ ਆਉਦੀ ਨਜ਼ਰ ਨਹੀਂ ਆਉਂਦੀ । ਮੌਜੂਦਾ ਸਮੇਂ ਲੱਗਭੱਗ 91% ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ।
ਸੰਭਾਵੀ ਹੱਲ ਲਈ ਕੀ ਕੀਤਾ ਜਾ ਸਕਦਾ ਹੈ:
੧. ਜਿਲ੍ਹੇ ਵਿਚ ਝੋਨੇ ਹੇਠ ਰਕਬਾ ਘਟਾਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਵਿੱਚ ਵਿੰਭਿੰਨਤਾ ਦੇ ਨਾਲ ਆਪਣੀਆਂ ਰਵਾਇਤੀ ਫ਼ਸਲਾਂ ਵੱਲ ਵਾਪਿਸ ਮੁੜਨਾ ਚਾਹੀਦਾ ਹੈ।
੨. ਖੇਤੀ ਲਈ ਜ਼ਮੀਨ ਹੇਠਲੇ ਪਾਣੀ ਦੀ ਜਗ੍ਹਾ ਨਹਿਰੀ ਪਾਣੀ ਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ।
੩. ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਅਤੇ ਫੁਆਰਾ ਤੇ ਤੁਪਕਾ ਸਿੰਚਾਈ ਵਿਧੀ ਵਰਗੇ ਸੰਚਾਈ ਦੇ ਪ੍ਰਬੰਧ ਅਪਣਾਉਣੇ ਚਾਹੀਦੇ ਹਨ।
੪. ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।
੫. ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿੱਜੀ ਅਤੇ ਸਮਾਜਿਕ ਪੱਧਰ ‘ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
ਇੱਥੇ ਇਹ ਦੱਸਣ ਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਗਾਏ ਜਾਂਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ। ਇਹ ਜੰਗਲ ਕਾਰਸੇਵਾ ਖਡੂਰ ਸਾਹਬ ਵੱਲੋਂ ਬਿਨਾਂ ਕੋਈ ਖਰਚ ਲਏ ਲਗਾਇਆ ਜਾਂਦਾ ਹੈ। ਇਸ ਬਾਬਤ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਨਾਲ ਜਾਂ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਖੇਤੀਬਾੜੀ ਅਤੇ ਵਾਤਾਵਰਨ ਜਾਗਰੁਕਤਾ ਕੇਂਦਰ ਸੰਪਰਕ : 9056684184 www.aecpunjab.com info@aecpunjab.com