Site icon Sikh Siyasat News

ਮਲੇਰਕੋਟਲਾ ਵਿਖੇ ਹੋਏ ਕੁਰਾਨ ਬੇਅਦਬੀ ਮਾਮਲੇ ਦੇ ਤਾਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ

ਮਲੇਰਕੋਟਲਾ: ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ 24 ਜੂਨ ਨੂੰ ਮਲੇਰਕੋਟਲਾ (ਜ਼ਿਲ੍ਹਾ ਸੰਗਰੂਰ) ਵਿਖੇ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਤਾਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜ ਰਹੇ ਹਨ। ਬੇਅਦਬੀ ਤੋਂ ਬਾਅਦ ਮੁਸਲਮਾਨਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਸਿੱਖ ਜਥੇਬੰਦੀਆਂ ਨੇ ਵੀ ਬੇਅਦਬੀ ਘਟਨਾ ਦੀ ਨਿਖੇਧੀ ਕੀਤੀ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਫੜ੍ਹੇ ਗਏ ਤਿੰਨ ਦੋਸ਼ੀਆਂ ਵਿਚੋਂ ਇਕ ਨੰਦ ਕਿਸ਼ੋਰ ਉਰਫ ਗੋਲਡੀ, ਪਠਾਨਕੋਟ ਦਾ ਰਹਿਣ ਵਾਲਾ ਹੈ, ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਪੰਜਾਬ ਸਕੱਤਰ ਹੈ। ਪੁਲਿਸ ਵਲੋਂ ਨੰਦ ਕਿਸ਼ੋਰ ਦਾ ਮੁੰਡਾ ਗੌਰਵ ਅਤੇ ਦਿੱਲੀ ਦਾ ਕਾਰੋਬਾਰੀ ਵਿਜੈ ਕੁਮਾਰ ਵੀ ਇਸ ਬੇਅਦਬੀ ਮਾਮਲੇ ‘ਚ ਸਹਿ-ਦੋਸ਼ੀ ਮੰਨੇ ਗਏ ਹਨ।

ਦੋਸ਼ੀ ਪੁਲਿਸ ਦੀ ਗ੍ਰਿਫਤ ਵਿਚ (ਫੋਟੋ ਏਬੀਪੀ ਸਾਂਝ)

ਹਿੰਦੁਸਤਾਨ ਟਾਈਮਜ਼ ਮੁਤਾਬਕ, “ਹਾਲਾਂਕਿ ਪੁਲਿਸ ਨੇ ਇਸ ਕੇਸ ਵਿਚ ਭਗਵਾ-ਸਬੰਧ ‘ਤੇ ਆਪਣਾ ਮੂੰਹ ਬੰਦ ਕੀਤਾ ਹੋਇਆ ਹੈ ਪਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਮੀਤ-ਪ੍ਰਧਾਨ ਦਵਿੰਦਰ ਕੁਮਾਰ ਨੇ ਬੁੱਧਵਾਰ ਨੂੰ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ‘ਤੇ ਇਹ ਦੋਸ਼ ਲਾਇਆ ਕਿ ਨੰਦ ਕਿਸ਼ੋਰ ਨੂੰ ਜਾਣ ਬੁੱਝ ਕੇ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ”।

ਪੁਲਿਸ ਸੂਤਰਾਂ ਅਨੁਸਾਰ ਵਿਜੈ ਕੁਮਾਰ ਇਸ ਬੇਅਦਬੀ ਕਾਂਡ ਦਾ ਮੁੱਖ ਦੋਸ਼ੀ ਹੈ, ਜਿਸਨੇ ਪਿਓ-ਪੁੱਤ ਨੂੰ ਇਸ ਕੰਮ ਲਈ ਉਕਸਾਇਆ ਤਾਂ ਜੋ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਪਾਕਿਸਤਾਨੀ ਅੱਤਵਾਦੀਆਂ ਦੀਆਂ ਕਾਰਵਾਈਆਂ ਦਾ “ਬਦਲਾ” ਲਿਆ ਜਾ ਸਕੇ। ਗੌਰਵ, ਜੋ ਕਿ ਵਿਜੈ ਦਾ ਮੁਲਾਜ਼ਮ ਹੈ।

ਦਵਿੰਦਰ ਕੁਮਾਰ ਨੇ ਕਿਹਾ, “ਮੈਨ ਨੰਦ ਕਿਸ਼ੋਰ ਨੂੰ ਪਿਛਲੇ 15 ਸਾਲਾਂ ਤੋਂ ਜਾਣਦਾ ਹਾਂ, ਉਸਨੇ ਮੈਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਸੈਕਟਰੀ ਬਣਨ ਵਿਚ ਮਦਦ ਕੀਤੀ ਸੀ”।

ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਪਰਮਰਾਜ ਸਿੰਘ ਉਮਰਾਨੰਗਲ ਨੇ ਮੀਡੀਆ ਨੂੰ ਦੱਸਿਆ ਕਿ ਮੁੱਖ ਦੋਸ਼ੀ ਵਿਜੈ ਕੁਮਾਰ ਪਾਕਿਸਤਾਨ ਅਤੇ ਮੁਸਲਮਾਨਾਂ ਤੋਂ ਨਫਰਤ ਕਰਦਾ ਹੈ ਅਤੇ ਉਹ ਇਸ ਬੇਅਦਬੀ ਘਟਨਾ ਤੋਂ ਬਾਅਦ ਫਿਰਕੂ ਹਿੰਸਾ ਕਰਵਾਉਣੀ ਚਾਹੁੰਦਾ ਸੀ। ਵਿਜੈ ਕੁਮਾਰ ਪਾਕਿਸਤਾਨ ਵਿਰੋਧੀ ਇਕ ਵਾਟਸਐਪ ਗਰੁੱਪ ਵੀ ਚਲਾਉਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version