ਜਲੰਧਰ (26 ਅਕਤੂਬਰ, 2014): ਨਵੰਬਰ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦਾ ਸ਼ਿਕਾਰ ਖੇਡ ਕੇ ਉਨ੍ਹਾਂ ਦੇ ਖੂੁਨ ਕਾਲ ਜਦ ਹੋਲੀ ਖੇਡੀ ਗਈ ਸੀ ਤਾਂ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਜਿਲੇ ਗੁੜਗਾਉਂ ਦੇ ਪਿੰਡ “ਹੋਂਦ ਚਿੱਲੜ” ਵਿੱਚ ਘੁੱਗ ਵੱਸਦੇ ਸਿੱਖ ਪਰਿਵਾਰਾਂ ਦੇ ਕਈ ਮੈਂਬਰਾਂ ਨੂੰ ਵੀ ਬਹੁਗਿਣਤੀ ਨਾਲ ਸਬੰਧਿਤ ਭੀੜ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀਆਂ ਜਾਇਦਾਦਾ ਲੁੱਟ ਲਈਆਂ ਗਈਆਂ ਅਤੇ ਉਹਨਾਂ ਦੇ ਮਹਿਲਾਂ ਵਰਗੇ ਘਰ ਸਾੜ ਕੇ ਸੁਆਹ ਕਰ ਦਿੱਤੇ ਸਨ।
ਇਹ ਹੋਂਦਚਿੱਲੜ ਕਤਲੇਆਮ ਲੱਗਭੱਗ ਤਿੰਨ ਸਾਲ ਪਹਿਲਾਂ ਉਜਾਗਰ ਹੋਇਆ ਸੀ ਤਾਂ ਮਾਰਚ 2011 ਨੂੰ ਕਾਂਗਰਸ ਦੀ ਹੁੱਡਾ ਸਰਕਾਰ ਵਲੋਂ ਛੇ ਮਹੀਨੇ ਵਿੱਚ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ ਦੇ ਨਾਮ ‘ਤੇ ਸਿਰਫ ਤਰੀਕਾਂ ਹੀ ਮਿਲ ਰਹੀਆਂ ਹਨ।
ਨਵੰਬਰ 1984 ਦੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਲਦੀ ਹੀ ਮਿਲਿਆ ਜਾਵੇਗਾ ਙ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਪੀੜਤਾਂ ਸਮੇਤ ਪ੍ਰੈਸ ਨਾਲ ਗੱਲ ਕਰਦਿਆਂ ਕੀਤਾ।
ਇਥੇ ਇਹ ਵੀ ਵਰਣਨਯੋਗ ਹੈ ਕਿ 30 ਸਤੰਬਰ ਨੂੰ ਹੋਂਦ ਚਿੱਲੜ ਮਾਮਲੇ ਦੀ ਜਾਂਚ ਕਰ ਰਹੇ ਇੱਕ ਮੈਂਬਰੀ ਗਰਗ ਕਮਿਸ਼ਨ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ ਙ ਦੋਹਾਂ ਆਗੂਆਂ ਨੇ ਪੀੜਤਾਂ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਉਹ ਕਮਿਸ਼ਨ ਦੀ ਮਿਆਦ ਵਧਾਉਣ ਅਤੇ ਉਸ ਨੂੰ ਸਮਾਂਬੱਧ ਕਰਵਾਉਣ ਲਈ ਮੁੱਖ ਮੰਤਰੀ ਸ੍ਰੀ ਖੱਟਰ ਨੂੰ ਅਪੀਲ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਯੂ. ਐਨ. ਓ. ਤੱਕ ਪਹੁੰਚ ਕਰਨਗੇ ਅਤੇ ਯੂ. ਐਨ. ਓ. ਦੇ ਅਹੁਦੇਦਾਰਾਂ ਨੂੰ ਹੋਂਦ ਚਿੱਲੜ ਦਾ ਦੌਰਾ ਕਰਵਾਉਣਗੇ ਤਾਂ ਜੋ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਦੀ ਸੰਸਥਾ ‘ਨਵੰਬਰ 1984’ ਦੇ ਸਾਕੇ ਨੂੰ ਅੱਖੀਂ ਦੇਖ ਸਕੇ ਅਤੇ ਸਿੱਖਾਂ ਦੀ ਪੀੜਾ ਨੂੰ ਸਮਝ ਕੇ ਇਸ ਕਤਲੇਆਮ ਨੂੰ ਨਸਲਕੁਸ਼ੀ ਐਲਾਨੇ।