ਪਟਿਆਲਾ: ਗੁਰੂ ਹਰਗੋਬਿੰਦ ਸਾਹਿਬ ਅਤੇ ਮਹਾਨ ਗੁਰਸਿੱਖਾਂ ਦਾ ਸਾਂਗ ਰਚਣ ਕਾਰਨ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਦਾਸਤਾਨ-ਏ-ਮੀਰੀ ਪੀਰੀ ਫਿਲਮ ਦੇ ਵਿਰੁੱਧ ਅੱਜ ਪਟਿਆਲਾ ਵਿੱਖੇ ਯੂਨਾਈਟਿਡ ਸਿੱਖ ਪਾਰਟੀ ਦੇ ਮੁਖੀ ਸ. ਜਰਨੈਲ ਸਿੰਘ, ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਰਾਜਪੁਰਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੋਂ ਇਸ ਫਿਲਮ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਸਤਾਨ-ਏ-ਮੀਰੀ ਪੀਰੀ ਫਿਲਮ ਸਿੱਖ ਸਿਧਾਂਤਾਂ ਦਾ ਘਾਣ ਕਰਨ ਵਾਲੀ ਹੈ। ਸਿੱਖ ਸਿਧਾਂਤਾਂ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੂੰ ਕਿਸੇ ਵੀ ਕਾਰਟੂਨ, ਬਿੰਬ, ਵਿਅਕਤੀਗਤ ਰੂਪ ਜਾ ਕਿਸੇ ਹੋਰ ਢੰਗ ਨਾਲ ਕਿਸੇ ਤਰਾਂ ਦੀ ਵੀ ਫਿਲਮ ਬਣਾਉਣ ਦੀ ਪੂਰਨ ਮਨਾਹੀ ਹੈ ਸੋ ਜਿਸ ਦਿਨ ਦਾ ਫਿਲਮ ਦੀ ਝਲਕ ਸਾਹਮਣੇ ਆਈ ਉਸੇ ਦਿਨ ਤੋਂ ਹੀ ਸਿੱਖ ਜਗਤ ਦੇ ਵਿਚ ਫਿਲਮ ਵਿਰੋਧੀ ਲਹਿਰ ਖੜੀ ਹੋ ਰਹੀ ਹੈ।
ਆਗੂਆਂ ਨੇ ਕਿਹਾ ਕਿ ਇਹ ਫਿਲਮ ‘ਨਾਨਕ ਸ਼ਾਹ ਫਕੀਰ’ ਫਿਲਮ ਵਾਙ ਸਿਨੇਮਿਆਂ ਚ ਨਹੀਂ ਚੱਲਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਛੇਤੀ ਤੋਂ ਛੇਤੀ ਫਿਲਮ ਉੱਤੇ ਪਾਬੰਦੀ ਲਾ ਕੇ ਫਿਲਮ ਨਿਰਮਾਤਾ ਮੇਜਰ ਸੰਧੂ ਅਤੇ ਦਿਲਰਾਜ ਸਿੰਘ ਗਿੱਲ ਅਤੇ ਫਿਲਮ ਨਿਰਦੇਸ਼ਨ ਵਿਨੋਦ ਲਾਂਜੇਕਰ ਵਿਰੁੱਧ ਸਿੱਖ ਭਾਵਨਾਵਾਂ ਨੂੰ ਭੜਕਾਉਣ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ ਤਾਂਕਿ ਸਿੱਖ ਸੰਗਤ ਦੇ ਵਿਚ ਪੈਦਾ ਹੋਇਆ ਰੌਹ ਸ਼ਾਂਤ ਹੋ ਸਕੇ। ਪੱਤਰਕਾਰਾਂ ਵੱਲੋਂ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਦੇ ਵਿਚ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਤੇ ਸ਼੍ਰੋ.ਗੁ.ਪ੍ਰ.ਕ. ਜੇਕਰ ਇਸ ਫਿਲਮ ਪ੍ਰਤੀ ਸੱਚੀਂ ਚਿੰਤਤ ਹਨ ਤਾਂ ਉਹ ਗੁਰੂ ਸਾਹਿਬਾਨ ਨਾਲ ਸਬੰਧਤ ਫਿਲਮ ਬਣਾਉਣ ਵਾਲਿਆਂ ਖਿਲਾਫ ਇਕ ਮਤਾ ਪਾਸ ਕਰੇ ਕਿ ਜੇਕਰ ਕਿਸੇ ਨੇ ਵੀ ਗੁਰੂ ਸਾਹਿਬਾਨ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਕੋਈ ਵੀ ਫਿਲਮ ਬਣਾਈ ਤਾਂ ਉਸ ਵਿਰੁੱਧ ਸ਼੍ਰੋ.ਗੁ.ਪ੍ਰ.ਕ. ਵੱਲੋਂ ਕੇਸ ਦਰਜ ਕਰਵਾਇਆ ਜਾਵੇਗਾ।