ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੋਹਕਮ ਸਿੰਘ ਦੀ ਅਗਵਾਈ ਵਾਲੇ ਯੂਨਾਇਟਿਡ ਅਕਾਲੀ ਦਲ ਨੇ 10 ਸੀਟਾਂ ‘ਤੇ ਲੜਨ ਦਾ ਫੈਸਲਾ ਕੀਤਾ ਹੈ।
ਦਲ ਦੇ ਪ੍ਰਧਾਨ ਮੋਹਕਮ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨਾਲ ਫੋਨ ‘ਤੇ ਗੱਲ ਕਰਦਿਆਂ ਦੱਸਿਆ, “ਅਸੀਂ ‘ਆਪ’ ਸਣੇ ਕਿਸੇ ਵੀ ਉਸ ਪਾਰਟੀ ਨਾਲ ਗਠਜੋੜ ਕਰਨ ਨੂੰ ਤਿਆਰ ਹਾਂ, ਜਿਹੜੀ ਪੰਜਾਬ ਦੇ ਭਲੇ ਲਈ ਕੰਮ ਕਰਨ ‘ਚ ਗੰਭੀਰ ਹੋਵੇ।”
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਦੇ ਹੋਣਗੇ, ਪੰਜਾਬ ਦੇ ਪਾਣੀਆਂ ਦੀ ਰਾਖੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣਾ, ਨਸ਼ਿਆਂ ਨੂੰ ਰੋਕਣਾ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ।
ਉਨ੍ਹਾਂ ਅੱਗੇ ਕਿਹਾ, “ਅਸੀਂ ਹਾਲੇ ਨਵੀਂ ਪਾਰਟੀ ਹਾਂ, ਸਾਡੇ ਸਾਧਨ ਸੀਮਤ ਹਨ ਇਸ ਲਈ ਅਸੀਂ 7 ਤੋਂ 10 ਵਿਧਾਨ ਸਭਾ ਹਲਕਿਆਂ ਲਈ ਲੜਾਂਗੇ। ਸਾਡਾ ਮਾਨ ਦਲ ਨਾਲ ਸਮਝੌਤਾ ਹੈ ਅਤੇ ਅਸੀਂ ‘ਆਪ’ ਨਾਲ ਗਠਜੋੜ ਕਰਨ ਨੂੰ ਵੀ ਤਿਆਰ ਹਾਂ। ਅਸੀਂ ਚੋਣ ਕਮਿਸ਼ਨ ਕੋਲ ਆਪਣੇ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ।”
ਟਾਈਮਜ਼ ਆਫ ਇੰਡੀਆ (ToI) ਨਾਲ ਗੱਲ ਕਰਦਿਆਂ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਲ ਨੇ ਹੁਣ ਤਕ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਵਿਚੋਂ ਇਕ ਮਜੀਠਾ ਹਲਕੇ ‘ਚ ਯੂਨਾਇਟਿਡ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਜੇਜੇਆਣੀ ਹਨ। ਮਜੀਠਾ ਹਲਕੇ ਤੋਂ ਹੀ ਬਾਦਲ ਦਲ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ, ਕਾਂਗਰਸ ਦੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿੱਲ ਵੀ ਚੋਣ ਲੜ ਰਹੇ ਹਨ।
ਯੂਨਾਇਟਿਡ ਅਕਾਲੀ ਦਲ ਦੇ ਮੁਖੀ ਨੇ ਕਿਹਾ ਕਿ ਉਹ ਜਲਦ ਹੀ 3 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦੇਣਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: