Site icon Sikh Siyasat News

ਮਨੁੱਖੀ ਹੱਕਾਂ ਦੀ ਰਾਖੀ ਲਈ ਲਾਮਬੰਦੀ ਦਾ ਸੱਦਾ

ਮਨੁੱਖੀ ਹੱਕਾਂ ਦੇ ਦਿਹਾੜੇ ਮੌਕੇ ਪੰਚ ਪ੍ਰਧਾਨੀ ਵੱਲੋਂ ਲੁਧਿਆਣਾ ਵਿਖੇ ਵਿਚਾਰ-ਚਰਚਾ ਕਰਵਾਈ ਗਈ

ਖੱਬਿਓਂ-ਸੱਜੇ: ਸ੍ਰ. ਬਲਦੇਵ ਸਿੰਘ ਸਿਰਸਾ; ਸ੍ਰ. ਤਜਿੰਦਰ ਸਿੰਘ ਝੱਲੀ; ਐਡਵੋਕੇਟ ਡੀ. ਐਸ. ਗਿੱਲ; ਬੀਬੀ ਜੀਵਨਜੋਤ ਕੌਰ; ਸ੍ਰ. ਅਜੀਤ ਸਿੰਘ; ਬੀਬੀ ਪਰਮਜੀਤ ਕੌਰ ਖਾਲੜਾ; ਐਡਵੋਕੇਟ ਕੁਲਦੀਪ ਸਿੰਘ ਗਿੱਲ; ਜਸਟਿਸ ਅਜੀਤ ਸਿੰਘ ਬੈਂਸ ਅਤੇ ਭਾਈ ਹਰਪਾਲ ਸਿੰਘ ਚੀਮਾ।

ਲੁਧਿਆਣਾ (10 ਦਸੰਬਰ, 2010): ਮਨੁੱਖੀ ਹੱਕਾਂ ਦੇ ਦਿਹਾੜੇ ਮਨਾਉਣ ਦਾ ਮੁੱਖ ਮੰਤਵ ਤਾਂ ਹੀ ਸਹੀ ਅਰਥਾਂ ਵਿੱਚ ਸਾਰਥਕ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੇ ਲਈ ਆਪਣੀ ਅਵਾਜ਼ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੇ ਰੂਪ ਵਿੱਚ ਬੁਲੰਦ ਕਰੀਏ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨੁੱਖੀ ਹੱਕਾਂ ਦੇ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਸਿੱਖਸ ਫਾਰ ਹਿਊਮਨ ਰਾਈਟਸ ਸੰਸਥਾ ਵੱਲੋਂ ਸਾਂਝੇ ਰੂਪ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਈ ਗਈ ਵਿਚਾਰ ਚਰਚਾ ‘ਪੰਜਾਬ ਵਿੱਚ ਜ਼ਮਹੂਰੀਅਤ ਅਤੇ ਮਨੁੱਖੀ ਹੱਕ’ ਦੇ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਆਗੂਆਂ ਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖੀ ਜਸਟਿਸ ਅਜੀਤ ਸਿੰਘ ਬੈਂਸ ਨੇ ਕੀਤਾ । ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਦੇਸ਼ ਤੇ ਰਾਜ ਦੀਆਂ ਸਰਕਾਰਾਂ ਵੱਲੋਂ ਗੈਰ ਮਨੁੱਖੀ ਢੰਗ ਦੇ ਨਾਲ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਪ੍ਰਤੀ ਲੋਕਾਂ ਵਿੱਚ ਸਮਾਜਿਕ ਚੇਤੰਨਾ ਲਿਆਉਣ ਲਈ ਸਾਨੂੰ ਵੱਡੇ ਪੱਧਰ ਤੇ ਇੰਕ ਜਾਗਰੂਕ ਮੁਹਿੰਮ ਚਲਾਉਣ ਦੀ ਲੋੜ ਹੈ । ਇਸ ਲਈ ਵੱਖ ਵੱਖ ਪਾਰਟੀਆਂ ਅਤੇ ਜੱਥੇਬੰਦੀਆਂ ਦੇ ਆਗੂਆਂ ਨੂੰ ਆਪਣੀਆਂ ਲਾਲਸਾਵਾਂ ਤੋਂ ਉਪੱਰ ਉਠ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਾਅ ਦਾ ਨਾਅਰਾ ਮਾਰਨਾ ਹੋਵੇਗਾ ।

ਇਸ ਵਿਚਾਰ ਚਰਚਾ ਦੌਰਾਨ ਅਪਣੇ ਵਿਚਾਰ ਦੀ ਸਾਂਝੇ ਕਰਦਿਆਂ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਤੇ ਐਡਵੋਕੇਟ ਡੀ ਐਸ ਗਿੱਲ ਨੇ ਕਿਹਾ ਕਿ ਮਨੁੱਖੀ ਹੱਕਾਂ ਦੀ ਅਜਾਦੀ ਨੂੰ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰਕੇ ਪੰਜਾਬ ਦੇ ਉਨ੍ਹਾਂ ਸਿੱਖ ਆਗੂਆਂ ਨੂੰ ਜਿਨ੍ਹਾਂ ਨੇ ਹਮੇਸ਼ਾਂ ਹੀ ਰਾਜ ਅੰਦਰ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਪ੍ਰਤੀ ਆਪਣੀ ਅਵਾਜ਼ ਬੁਲੰਦ ਕੀਤੀ ਹੈ। ਅਜਿਹੇ ਨੇਤਾ ਅੱਜ ਜਿੱਥੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ , ਉੱਥੇ ਨਾਲ ਹੀ ਉਨ੍ਹਾਂ ਉਪਰ ਦੇਸ਼ ਧ੍ਰੋਹੀ ਦੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। ਐਡਵੇਕੋਟ ਰਾਜਵਿੰਦਰ ਸਿੰਘ ਬੈਂਸ ਨੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਦੇ ਸਬੰਧ ਵਿੱਚ ਗੱਲ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਸਰਕਾਰ ਵੱਲੋਂ ਮਨੁਖੀ ਅਧਿਕਾਰਾਂ ਦੀ ਰਾਖੀ ਦੇ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਤੇ ਵੱਖਰੇ ਸਿਆਸੀ ਵਿਚਾਰ ਰੱਖਣ ਵਾਲੇ ਆਗੂ ਖਿਲਾਫ ਕਾਨੂੰਨ ਦੀ ਖੁੱਲੀ ਦੁਰਵਰਤੋਂ ਕੀਤੀ ਜਾ ਰਹੀ ਹੈ । ਇਸ ਮੌਕੇ ਤੇ ਡਾ. ਜੀਵਨਜੀਤ ਕੌਰ ਨੇ ਵਿਚਾਰ ਚਰਚਾ ਵਿੱਚ ਜਿੱਥੇ ਸਮਾਜ ਅੰਦਰ ਵੱਧ ਰਹੀਆਂ ਸਮਾਜਿਕ ਬੁਰਾਈਆਂ , ਭਰੂਣ ਹੱਤਿਆ , ਖੁਦਕੁਸ਼ੀਆਂ ਤੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਪ੍ਰਤੀ ਖੁੱਲ੍ਹ ਕੇ ਆਪਣੇ ਵਿਚਾਰ ਦੱਸੇ ਉੱਥੇ ਨਾਲ ਹੀ ਸਮਾਜ ਅੰਦਰ ਵੱਧ ਰਹੀ ਇਸ ਕ੍ਰੋਪੀ ਨੂੰ ਰੋਕਣ ਦੇ ਲਈ ਸਮਾਜਿਕ ਪੱਧਰ ਤੇ ਵੱਡੀ ਲਾਮਬੰਦੀ ਕਰਨ ਦਾ ਸੱਦਾ ਵੀ ਦਿੱਤਾ ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਪ੍ਰਮੁੱਖ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਸਿਆਸੀ ਹਿੱਤਾਂ ਲਈ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੀ ਕਰੜੀ ਨਿਖੇਧੀ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਤੇ ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੇ ਦੁਖਾਂਤ ਦੌਰਾਨ ਨਜ਼ਾਇਜ਼ ਰੂਪ ਵਿੱਚ ਮਾਰੇ ਗਏ ਨੌਜਵਾਨਾਂ ਦਾ ਕਾਲਾ ਚਿੱਠਾ ਪੇਸ਼ ਕਰਨ ਵਾਲੇ ਸ. ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਉਪੱਰ ਚਾਨਣਾ ਪਾਇਆ । ਉਨ੍ਹਾਂ ਨੇ ਇਸ ਮੌਕੇ ਤੇ ਜ਼ੋਰ ਦਿੰਦੇ ਕਿਹਾ ਕਿ ਸਾਨੂੰ ਆਪਣੀ ਅਵਾਜ਼ ਸੈਮੀਨਾਰਾਂ ਤੇ ਵਿਚਾਰ ਚਰਚਾਵਾਂ ਤੱਕ ਸੀਮਤ ਨਹੀਂ ਰੱਖਣੀ ਚਾਹੀਦੀ ਬਲਕਿ ਸੱਚ ਦੀ ਅਵਾਜ਼ ਨੂੰ ਵੱਡੇ ਪੱਧਰ ਤੇ ਬੁਲੰਦ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣਾਂ ਨੂੰ ਰੋਕਿਆ ਜਾ ਸਕੇ ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਸਿੱਖ ਆਗੂ ਸ.ਚਰਨ ਸਿੰਘ ਲੁਹਾਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ 26 ਸਾਲਾਂ ਦੇ ਲੰਬੇ ਅਰਸੇ ਤੋਂ ਪੰਜਾਬ ਅੰਦਰ ਵੱਡੀ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਲਗਾਤਾਰ ਹੋ ਰਿਹਾ ਹੈ ਜਿਸ ਦੇ ਕਾਰਨ ਹੀ ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਵੀ ਸ਼ਹਾਦਤ ਦਾ ਜ਼ਾਮ ਪੀਣਾ ਪਿਆ ।

ਉਨ੍ਹਾਂ ਕਿਹਾ ਕਿ ਅੱਜ ਰਾਜਨੀਤਿਕ ਪਾਰਟੀਆਂ ਜ਼ਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਦੀਆਂ ਹਨ । ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਰਾਜ ਸੱਤਾ ਦੀ ਪ੍ਰਾਪਤੀ ਤੋਂ ਬਾਅਦ ਉਕਤ ਪਾਰਟੀਆਂ ਆਪਣੇ ਵਿਚਾਰਾਂ ਤੋਂ ਪੂਰੀ ਤਰ੍ਹਾਂ ਥਿੜਕ ਜਾਂਦੀਆਂ ਹਨ ਤੇ ਖੁੱਦ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੰਦਿਆਂ ਹਨ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਭਾਈ ਦਲਜੀਤ ਸਿੰਘ ਬਿੱਟੂ ਤੋਂ ਲਈ ਜਾ ਸਕਦੀ ਹੈ ਜਿਸਨੂੰ ਸਮੇਂ ਦੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਅਵਾਜ਼ ਨੂੰ ਬੁਲੰਦ ਕਰਨ ਦੇ ਵਜੋਂ ਜੇਲ੍ਹ ਦੀਆਂ ਸਲਾਖਾਂ ਦੇ ਪਿਛੇ ਸੁੱਟ ਦਿੱਤਾ ਹੈ । ਸ. ਲੁਹਾਰਾ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਹੋਕਾ ਦੇਣ ਲਈ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਦਾ ਉਦਮ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਜਿਸਨੂੰ ਆਉਣ ਵਾਲੇ ਸਮੇਂ ਵਿੱਚ ਨਿਰੰਤਰ ਅੱਗੇ ਤੋਰਨਾ ਚਾਹੀਦਾ ਹੈ।

ਵਿਚਾਰ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਸਿਖਸ ਫਾਰ ਜਸਟਿਸ ਦੇ ਭਾਈ ਹਰਪਾਲ ਸਿੰਘ ਚੀਮਾ , ਐਮ ਸੀ ਪੀ ਆਈ (ਯੂ) ਦੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ , ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਸਾਂਝੇ ਰੂਪ ਵਿੱਚ ਸਟੇਟ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ । ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਸਮੱਸਿਆ ਦਾ ਢੁਕਵਾਂ ਹੱਲ ਕੱਢਣ ਦੇ ਲਈ ਅਤੇ ਸਮਾਜ ਅੰਦਰ ਨਵੀਂ ਚੇਤਨਾ ਲਿਆਉਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕੀਤਾ ਜਾਵੇਗਾ ।

ਇਸ ਦੌਰਾਨ ਉਨ੍ਹਾਂ ਨੇ ਭਾਈ ਦਲਜੀਤ ਸਿੰਘ ਸਮੇਤ ਜ਼ੇਲ੍ਹਾਂ ਦੀਆਂ ਸਲਾਖਾਂ ਪਿਛੇ ਬੰਦ ਵੱਖ ਵੱਖ ਸਿੱਖ ਆਗੂਆਂ ਨੂੰ ਰਿਹਾਅ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ। ਵਿਚਾਰ ਚਰਚਾ ਵਿੱਚ ਪੰਚ ਪ੍ਰਧਾਨੀ ਦੇ ਪ੍ਰਮੁੱਖ ਆਗੂ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਦੀ ਹਾਜ਼ਰੀ ਦੇ ਅੰਦਰ ਚਾਰ ਵੱਖ ਵੱਖ ਮਤਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਵਿੱਚ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੇ ਸਰਕਾਰ ਵੱਲੋਂ ਪਾਏ ਗਏ ਨਜ਼ਾਇਜ਼ ਕੇਸ ਵਾਪਿਸ ਲੈਣ, ਸਮਾਜ ਅੰਦਰ ਵਸਦੇ ਲੋਕਾਂ ਨੂੰ ਜ਼ਮਹੂਰੀਅਤ ਦੇ ਢੰਗ ਨਾਲ ਆਪਣੀ ਅਵਾਜ਼ ਬੁਲੰਦ ਕਰਨ ਦਾ ਅਧਿਕਾਰ ਦੇਣ ਅਤੇ ਹਰ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਦੇਣ ਤੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਕਰਵਾਈ ਗਈ ਇਸ ਵਿਚਾਰ ਚਰਚਾ ਦੇ ਅੰਤ ਵਿੱਚ ਜੈਕਾਰਿਆਂ ਦੀ ਗੂੰਜ ਅੰਦਰ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਜਿਨ੍ਹਾਂ ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਮੁੱਖੀ ਜਸਟਿਸ ਅਜੀਤ ਸਿੰਘ ਬੈਂਸ , ਖਾਲੜਾ ਮਿਸ਼ਨ ਦੀ ਬੀਬੀ ਪਰਮਜੀਤ ਕੌਰ ਖਾਲੜਾ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਜਗਜੀਤ ਸਿੰਘ ਲਾਇਲਪੁਰੀ , ਐਡਵੋਕੇਟ ਡੀ ਐਸ ਗਿੱਲ, ਡਾ. ਜੀਵਨਜੋਤ ਕੌਰ ਸਮੇਤ ਵੱਖ ਵੱਖ ਉੱਘੀਆਂ ਸ਼ਖਸ਼ੀਅਤਾਂ ਨੂੰ ਡਾ. ਅਜੀਤ ਸਿੰਘ, ਸ.ਕੱਮਿਕਰ ਸਿੰਘ ਮੁਕੰਦਪੁਰ , ਭਾਈ ਕੁਲਬੀਰ ਸਿੰਘ ਬੜਾ ਪਿੰਡ , ਬਲਦੇਵ ਸਿੰਘ ਸਰਸਾ , ਸ. ਹਰਪਾਲ ਸਿੰਘ ਚੀਮਾ , ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਤੇ ਜੱਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਵਲੋਂ ਸਾਂਝੇ ਰੂਪ ਵਿੱਚ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।

ਬਾਅਦ ਵਿੱਚ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਏ ਵੱਖ ਵੱਖ ਜੱਥੇਬੰਦੀਆਂ ਤੇ ਪੰਚ ਪ੍ਰਧਾਨੀ ਦੇ ਆਗੂਆਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਲਈ ਪੰਜਾਬੀ ਭਵਨ ਤੋਂ ਡੀ.ਸੀ. ਦਫਤਰ ਲੁਧਿਆਣਾ ਤੱਕ ਮਾਰਚ ਕੱਢ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਮੰਗ ਪੱਤਰ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਨੂੰ ਭੇਜਿਆ ਜਿਸ ਵਿੱਚ ਜ਼ੋਰਦਾਰ ਮੰਗ ਕੀਤੀ ਗਈ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰਨਾਂ ਪਾਰਟੀਆਂ ਆਗੂਆਂ, ਜੋ ਸਿਆਸੀ ਕਾਰਨਾਂ ਕਰਕੇ ਵੱਖ ਵੱਖ ਜ਼ੇਲ੍ਹਾਂ ਵਿੱਚ ਬੰਦ ਦੀ ਤੁਰੰਤ ਰਿਹਾਈ ਕੀਤੀ ਜਾਵੇ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਭਾਈ ਬਲਵੰਤ ਸਿੰਘ ਗੋਪਾਲਾ, ਜੱਥੇਦਾਰ ਅਨੂਪ ਸਿੰਘ ਸੰਧੂ , ਮਨਜਿੰਦਰ ਸਿੰਘ ਦਲ ਖਾਲਸਾ , ਦਲਬੀਰ ਸਿੰਘ ਗੰਨਾ ਪੱਤਰਕਾਰ, ਬੀਬੀ ਪਰਮਿੰਦਰ ਕੌਰ , ਪ੍ਰੋ. ਜਗਮੋਹਨ ਸਿੰਘ ਟੋਨੀ , ਸੇਵਕ ਸਿੰਘ , ਮੇਜਰ ਸਿੰਘ , ਜੱਥੇਦਾਰ ਅਮਰੀਕ ਸਿੰਘ ਈਸੜੂ , ਜੱਥੇਦਾਰ ਸੁਲਤਾਨ ਸਿੰਘ ਸੋਢੀ , ਕੁਲਬੀਰ ਸਿੰਘ ਧੰਜਲ , ਆਤਮਾ ਸਿੰਘ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਅਹੁਦੇਦਾਰ ਹਾਜ਼ਰ ਸਨ ।

ਵਿਚਾਰ ਚਰਚਾ ਵਿੱਚ ਪੇਸ਼ ਕੀਤੇ ਗਏ ਵਿਚਾਰ ਸੁਣੋ:

ਐਡਵੋਕੇਟ ਰਾਜਵਿੰਦਰ ਸਿੰਘ ਬੈਂਸ: ਉਹਨਾਂ ਭਾਈ ਦਲਜੀਤ ਸਿੰਘ ਬਿੱਟੂ ਉੱਪਰ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਫੌਜਦਾਰੀ ਮੁਕਦਮਿਆਂ ਦੇ ਤੱਥਾਂ ਬਾਰੇ ਜਾਣਕਾਰੀ ਦਿੱਤੀ, ਕਿੰਝ ਬਿਨਾ ਕਿਸੇ ਸਬੂਤ ਦੇ ਭਾਈ ਦਲਜੀਤ ਸਿੰਘ ਨੂੰ ਜੇਲ੍ਹ ਵਿੱਚ ਕੈਦ ਰੱਖਿਆ ਜਾ ਰਿਹਾ ਹੈ।

ਐਡਵੋਕੇਟ ਦਰਬਾਰਾ ਸਿੰਘ ਗਿੱਲ: ਉਹਨਾਂ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਜਾਣਕਾਰੀ ਦਿੱਤੀ ਕਿ ਕਿੰਝ ਪੰਜਾਬ ਦਾ ਸਿਆਸੀ ਮਾਹੌਲ ਮਨੁੱਖੀ ਹੱਕਾਂ ਦੇ ਘਾਣ ਦਾ ਜ਼ਰੀਆ ਬਣ ਰਿਹਾ ਹੈ।

ਐਡਵੋਕੇਟ ਕੁਲਦੀਪ ਸਿੰਘ ਗਰੇਵਾਲ: ਉਹਨਾਂ ਦੀ ਤਕਰੀਰ ਇਸ ਬਾਰੇ ਹੈ ਕਿ ਕਿਵੇਂ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੀ ਆਜ਼ਾਦੀ ਨੂੰ ਰੌਂਦਿਆ ਜਾ ਰਿਹਾ ਹੈ।

ਪ੍ਰਧਾਨਗੀ ਮੰਡਲ ਵੱਲੋਂ ਐਲਾਨੇ ਗਏ ਮਤੇ: ਬੁਲਾਰਿਆਂ ਦੇ ਵਿਚਾਰਾਂ ਦੇ ਅਧਾਰ ਉੱਤੇ ਪ੍ਰਧਾਨਗੀ ਮੰਡਲ ਵੱਲੋਂ ਚਾਰ ਮਤੇ ਉਲੀਕੇ ਗਏ ਸਨ, ਜੋ ਭਾਈ ਹਰਪਾਲ ਸਿੰਘ ਚੀਮਾ ਨੇ ਸਮੂਹ ਹਾਜ਼ਰੀਨ ਨੂੰ ਪੜ੍ਹ ਕੇ ਸੁਣਾਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version