ਲੰਡਨ (16 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸ੍ਰ. ਨਵਤੇਜ ਸਿੰਘ ਗੁੱਗੂ ਨੂੰ ਇੱਕ ਹੋਰ ਝੂਠੇ ਮੁਕੱਦਮੇ ਵਿੱਚ ਫਸਾਉਣ ਲਈ ਪੰਜਾਬ ਸਰਕਾਰ, ਜੇਹਲ ਪ੍ਰਸਾਸ਼ਨ ਅਤੇ ਜਿੰਦਾ ਸੜ ਚੁੱਕੇ ਅਖੌਤੀ ਨਿਹੰਗ ਅਜੀਤ ਪੂਹਲਾ ਦੇ ਚੇਲੇ ਸਰਗਰਮ ਹਨ, ਜਿਸ ਦਾ ਸਿੱਖ ਕੌਮ ਨੂੰ ਡੱਟ ਕੇ ਵਿਰੋਧ ਕਰਨ ਦੀ ਜਰੂਰਤ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਦੇ ਬਿਆਨਾਂ ਨੂੰ ਝੁਠ ਦਾ ਪੁਲੰਦਾ ਕਰਾਰ ਦਿੱਤਾ ਗਿਆ। ਜਿਸ ਵਿੱਚ ਉਹਨਾਂ ਵਲੋਂ ਕਿਹਾ ਗਿਆ ਹੈ ਕਿ ਗੁੱਗੂ ਨੇ ਆਪ ਹੀ ਗੋਲੀ ਚਲਾ ਕੇ ਖੁਦ ਨੂੰ ਜ਼ਖਮੀਂ ਕਰ ਲਿਆ ਹੈ, ਅਜਿਹਾ ਕਿਸੇ ਜਿੰਮੇਵਾਰ ਵਿਆਕਤੀ ਵਲੋਂ ਆਖਣਾ ਜਿੱਥੇ ਬੇਹੱਦ ਹਾਸੋਹੀਣਾ ਹੈ ਉੱਥੇ ਉਸ ਦੀ ਅਕਲ ਦਾ ਵੀ ਪਰਦਾ ਫਾਸ਼ ਕਰਦਾ ਹੈ। ਸਿੱਖ ਸੰਘਰਸ਼ ਦੀ ਚੜ੍ਹਤ ਸਮੇਂ ਵੀ ਅਜਿਹੇ ਅਫਸਰਾਂ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇੁ ਪੁਲੀਸ ਮੁਕਾਬਲਿਆਂ ਵਿੱਚ ਖਤਮ ਕਰਨ, ਅਣਮਨੁੱਖੀ ਤਸ਼ੱਦਦ ਕਰਨ ਅਤੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਤਰੱਕੀਆਂ ਹਾਲਸਾ ਕਰਨ ਦੀ ਹੋੜ ਲੱਗੀ ਰਹੀ ਹੈ। ਅਜਿਹੇ ਅਫਸਰ ਹੀ ਮਨਘੜਤ ਕਹਾਣੀਆਂ ਬਣਾਉਂਦੇ ਰਹੇ ਹਨ ਕਿ ਹਥਿਆਰਾਂ ਦੀ ਬਰਾਮਦੀ ਲਈ ਫਲਾਣੇ ਸਿੰਘ ਨੂੰ ਲਿਜਾ ਰਹੇ ਸਨ ਕਿ ਰਸਤੇ ਵਿੱਚ ਉਸ ਦੇ ਸਾਥੀਆਂ ਨੇ ਪੁਲੀਸ ਪਾਰਟੀ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਛੁਡਾ ਕੇ ਲੈ ਗਏ ਜਾਂ ਕਰਾਸ ਫਾਇਰਿੰਗ ਵਿੱਚ ਉਹ ਸ਼ਹੀਦ ਹੋ ਗਿਆ, ਪਰ ਅਜਿਹੇ ਮੌਕੇ ਪੁਲੀਸ ਵਾਲੇ ਸ਼ਾਇਦ ਬੁਲਟ ਪਰੂਫ ਹੁੰਦੇ ਸੀ ਕਿ ਉਹਨਾਂ ਦੇ ਕਦੇ ਅਜਿਹੇ ਮਾਮਲਿਆਂ ਵਿੱਚ ਝਰੀਟ ਤੱਕ ਨਹੀਂ ਸੀ ਆਉਂਦੀ। ਅਜਿਹਾ ਹੀ ਝੂਠਾ ਪ੍ਰਚਾਰ ਸ੍ਰ. ਨਵਤੇਜ ਸਿੰਘ ਗੁੱਗੂ ਦੇ ਮਾਮਲੇ ਵਿੱਚ ਕੀਤਾ ਜਾ ਰਿਹਾ ਹੈ, ਜਦਕਿ ਅਸਲੀਅਤ ਵਿੱਚ ਜੇਹਲ ਵਿੱਚ ਨਸ਼ਿਆਂ ਦੇ ਵੱਡੀ ਪੱਧਰ ਤੇ ਹੋ ਰਹੇ ਕਾਰੋਬਾਰ ਖਿਲਾਫ ਹਾਈਕੋਰਟ ਵਿੱਚ ਗੁੱਗੂ ਵਲੋਂ ਕੀਤੀ ਹੋਈ ਰਿੱਟ ਤੋਂ ਜੇਹਲ ਅਧਿਕਾਰੀ ਬਲਵੀਰ ਸਿੰਘ ਖਫਾ ਹੈ। ਕਿਉਂ ਕਿ ਇਸ ਵਿੱਚ ਉਹ ਬੁਰੀ ਤਰਾਂ ਸ਼ਿਕੰਜੇ ਵਿੱਚ ਫਸਣ ਵਾਲਾ ਹੈ। ਆਪਣੇ ਕਰਿੰਦੇ ਦਾ ਬਚਾਅ ਕਰਨ ਲਈ ਅਤੇ ਨਵਤੇਜ ਸਿੰਘ ਨੂੰ ਲੰਬਾ ਸਮਾਂ ਜੇਹਲ ਵਿੱਚ ਰੱਖਣ ਦੇ ਮਨਸੂਬੇ ਤਹਿਤ ਹੀ ਅਜਿਹਾ ਦੋਸ਼ ਉਸ ਤੇ ਲਗਾਇਆ ਜਾ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਵਲੋਂ ਅਹਿਦ ਦੁਹਰਾਇਆ ਗਿਆ ਕਿ ਅਜਿਹਾ ਕਰਕੇ ਸਿੱਖ ਵਿਰੋਧੀ ਲਾਬੀ ਸਿੱਖ ਕੌਮ ਨੂੰ ਅਜ਼ਾਦੀ ਦੀ ਮੰਜ਼ਿਲ ਵਲ ਵਧਣ ਤੋਂ ਰੋਕ ਨਹੀਂ ਸਕੇਗੀ। ਨਾ ਹੀ ਉਸ ਦੀਆਂ ਕੋਝੀਆਂ ਹਰਕਤਾਂ ਨਾਲ ਅਜਾਦੀ ਦੇ ਪ੍ਰਵਾਨਿਆਂ ਦੇ ਹੌਂਸਲੇ ਪਸਤ ਹੋ ਸਕਦੇ ਹਨ। ਅੰਮ੍ਰਿਤਸਰ ਜੇਹਲ ਵਿੱਚ ਪ੍ਰਸਾਸ਼ਨ ਦੀ ਇਸ ਗੁੰਡਾ ਗਰਦੀ ਨੂੰ ਦੁਨੀਆ ਭਰ ਵਿੱਚ ਉਜਾਗਰ ਕੀਤਾ ਜਾਵੇਗਾ। ਸਮੂਹ ਪੰਥ ਜਥੇਬੰਦੀਆਂ ਨੂੰ ਇਸ ਸਰਕਾਰੀ ਗੁੰਡਾ ਗਰਦੀ ਦਾ ਵਿਰੋਧ ਕਰਨ ਲਈ ਦਲ ਵਲੋਂ ਸਨਿਮਰ ਅਪੀਲ ਕੀਤੀ ਗਈ ਹੈ।