ਲੰਡਨ (15 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸਿੱਖ ਕੌਮ ਦੀ ਅਜਾਦੀ ਲਈ ਜੂਝਣ ਵਾਲੇ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਅੱਤਿਆਚਾਰ ਕਰਨ ਵਾਲੇ ਦੁਸ਼ਟ ਨਿਹੰਗ ਅਜੀਤ ਪੂਹਲਾ ਨੂੰ ਸੋਧ ਕੇ ਸ੍ਰ. ਨਵਤੇਜ ਸਿੰਘ ਉਰਫ ਗੁੱਗੂ ਨੇ ਸਿੱਖ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ ਹੈ। ਜਿਸ ਤੇ ਕੌਮ ਨੂੰ ਸਦਾ ਨਾਜ਼ ਰਹੇਗਾ। ਯੂਨਾਈਟਿਡ ਖਾਲਸਾ ਦਲ (ਯੂ.ਕੇ.) ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸ੍ਰ. ਨਵਤੇਜ ਸਿੰਘ ਤੇ ਅੰਮ੍ਰਿਤਸਰ ਜੇਲ੍ਹ ਵਿੱਚ ਕੀਤੇ ਗਏ ਜਾਨ ਲੇਵਾ ਹਮਲੇ ਦੀ ਨਿੰਦਾ ਕਰਦਿਆਂ ਇਸ ਲਈ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਠਹਿਰਾਇਆ ਹੈ।ਦਲ ਵਲੋਂ ਭੇਜੇ ਬਿਆਨ ਵਿੱਚ ਨਵਤੇਜ ਸਿੰਘ ਵਰਗੇ ਯੋਧਿਆਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਆਖਿਆ ਗਿਆ ਹੈ ਕਿ ਸਮੁੱਚੀ ਕੌਮ ਉਹਨਾਂ ਨੇ ਨਾਲ ਹੈ ਅਤੇ ਉਹਨਾਂ ਦੇ ਕਿਸੇ ਕਿਸਮ ਦੇ ਨੁਕਸਾਨ ਨੂੰ ਬਰਦਾਸ਼ਤ ਨਹੀਂ ਕਰੇਗੀ। ਵਰਨਣਯੋਗ ਹੈ ਕਿ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਅਤੇ ਸ੍ਰ਼ੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਵੀ ਚੌਦਾਂ ਮਹੀਨਿਆਂ ਤੋਂ ਇਸੇ ਜੇਲ੍ਹ ਵਿੱਚ ਬੰਦ ਹਨ। ਦਲ ਵਲੋਂ ਖਦਸ਼ਾ ਪ੍ਰਗਾਟੲਆਿ ਗਿਆ ਕਿ ਸਰਕਾਰ ਭਵਿੱਖ ਵਿੱਚ ਉਹਨਾਂ ਨੂੰ ਨੁਕਸਾਨ ਪਹਿਚਾਉਣ ਦੀ ਕੋਝੀ ਹਰਕਤ ਵੀ ਕਰ ਸਕਦੀ ਹੈ। ਇਸੇ ਤਰਾਂ ਹੀ ਪੰਜਾਬ ਵਿੱਚ ਨਾਭਾ ਗੈਸ ਪਲਾਂਟ ਦੇ ਨਜ਼ਦੀਕ ਜੇਲ੍ਹ ਵਿੱਚ ਸਿੰਘਾਂ ਨੂੰ ਇਕੱਠੇ ਕਰਨਾ ਸਿੱਖ ਕੌਮ ਲਈ ਵਿਸ਼ੇਸ਼ ਤੌਰ ਤੇ ਚਿੰਤਾਜਨਕ ਹੈ। ਇਸ ਜੇਲ੍ਹ ਵਿੱਚ ਕੌਮੀ ਅਜਾਦੀ ਲਈ ਜੂਝਣ ਵਾਲੇ ਸੈਂਕੜੇ ਸਿੰਘਾਂ ਨੂੰ ਰੱਖਣ ਦੀ ਯੋਜਨਾ ਹੈ। ਸਿੱਖ ਦੁਸਮਣ ਜਾਂ ਸਰਕਾਰ ਵਲੋਂ ਗੈਸ ਪਲਾਂਟ ਵਿੱਚ ਧਮਾਕਾ ਕਰਕੇ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਦਾ ਜਾਨੀ ਨੁਕਸਾਨ ਕੀਤਾ ਜਾ ਸਕਦਾ ਹੈ। ਯੂਨਾਈਟਿਡ ਖਾਲਸਾ ਦਲ ਯੂ ,ਕੇ ਵਲੋਂ ਪੰਜਾਬ ਦੇ ਮੁੱਖ ਜੱਜ , ਜੇਲ੍ਹ ਮੰਤਰੀ ਪੰਜਾਬ ਅਤੇ ਆਈ. ਜੀ਼ . ਜੇਲ੍ਹ ਨੂੰ ਅਪੀਲ ਕੀਤੀ ਹੈ ਕਿ ਗੈਸ ਪਲਾਂਟ ਦੇ ਨਜ਼ਦੀਕ ਜੇਲ੍ਹ ਵਿੱਚ ਸਿੰਘਾਂ ਨੂੰ ਨਾ ਰੱਖਿਆ ਜਾਵੇ। ਵਰਨਣਯੋਗ ਹੈ ਕਿ ਸਿੱਖ ਵਿਰੋਧੀ ਲਾਬੀ ਨੇ ਪਿਛਲੇ ਸਮਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਅਨੇਕਾਂ ਸਿੰਘਾਂ ਨੂੰ ਪੁਲੀਸ ਹਿਰਾਸਤ ਚੋਂ ਭਗੌੜੇ ਕਰਾਰ ਦੇ ਕੇ ਮਗਰੋਂ ਝੂਠੇ ਪੁਲੀਸ ਮਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਜਾਂ ਕਈ ਸਿੰਘਾਂ ਨੂੰ ਲਾਪਤਾ ਕਰ ਦਿੱਤਾ ਸੀ। ਸ੍ਰ. ਡੱਲੇਵਾਲ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਇਸ ਬਾਬਤ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ ਤਾਂ ਕਿ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।