ਲੰਡਨ: ਯੂ.ਕੇ. ਅਧਾਰਿਤ ਸਿੱਖ ਗਰੁੱਪ ਯੂਨਾਇਟਿਡ ਖ਼ਾਲਸਾ ਦਲ ਨੇ ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੀ ਉਹ ਬਿਆਨ ਦੇ ਨਿੰਦਾ ਅਤੇ ਖਿਚਾਈ ਕੀਤੀ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ ਉਹ ਹੁਣ ਖ਼ਾਲਿਸਤਾਨ ਦੀ ਹਮਾਇਤ ਨਹੀਂ ਕਰਨਗੇ।
ਮੋਹਕਮ ਸਿੰਘ ਨੇ ਕਿਹਾ ‘‘ਮੇਰੇ ਕੋਲ ਭਾਰਤੀ ਡਰਾਇਵਿੰਗ ਲਾਇਸੰਸ ਹੈ, ਮੇਰਾ ਪਾਸਪੋਰਟ ਦੱਸਦਾ ਹੈ ਕਿ ਮੈਂ ਭਾਰਤੀ ਹਾਂ, ਮੇਰੀ ਜੇਬ ਵਿਚ ਭਾਰਤੀ ਕਰੰਸੀ ਪਈ ਹੈ ਜਿਸ ’ਤੇ ਗਾਂਧੀ ਦੀ ਫੋਟੋ ਲੱਗੀ ਹੈ… ਇਸ ਲਈ ਮੈਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਕਿ ਮੈਂ ਭਾਰਤੀ ਰਾਸ਼ਟਰਵਾਦੀ ਦੇ ਤੌਰ ‘ਤੇ ਪਛਾਣਿਆ ਜਾਵਾਂ’’ ਉਹਨਾਂ ਮੰਗ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਉਹਨਾਂ ਨੂੰ ਸਹਿਯੋਗ ਦੇਣ।
ਖ਼ਾਲਸਾ ਦਲ ਦੇ ਆਗੂ ਨਿਰਮਲ ਸਿੰਘ ਸੰਧੂ ਅਤੇ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ 1986 ਵਿਚ ਹੋਏ ਸਰਬੱਤ ਖ਼ਾਲਸਾ ਵਿਚ ਭਾਈ ਮੋਹਕਮ ਸਿੰਘ ਸਟੇਜ ਸਕੱਤਰ ਸਨ ਜਿਥੇ ਖ਼ਾਲਿਸਤਾਨ ਦੀ ਕਾਇਮੀ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੀ ਸੋਚ ਬੇਹੱਦ ਬਦਲ ਗਈ ਹੈ।
ਖ਼ਾਲਸਾ ਦਲ ਨੇ ਕਿਹਾ ਕਿ ਮੋਹਕਮ ਸਿੰਘ ਵਰਗੇ ਲੋਕ ਚਲੇ ਹੋਏ ਕਾਰਤੂਸ ਹਨ ਅਤੇ ਲੋਕਾਂ ਨੂੰ ਇਹਨਾਂ ਨੂੰ ਦੁਬਾਰਾ ਭਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਪੰਥ ਦੇ ਹਿਤ ਵਿਚ ਨਹੀਂ।
ਨਾਲ ਹੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਹੋਛੇ ਬੰਦਿਆਂ ਵਲੋਂ ਭਾਈ ਮੋਹਕਮ ਸਿੰਘ ਖਿਲਾਫ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਦਾ ਉਹ ਖੰਡਨ ਕਰਦੇ ਹਨ।