October 20, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (19 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਜਿੱਥੇ ਸਿੱਖ ਸੰਗਤ ਅਣਮਿੱਥੇ ਸਮੇਂ ਲਈ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਉੱਥੇ ਸ਼੍ਰੋਮਣੀ ਕਮੇਟੀ, ਬਾਦਲ ਦਲ ਅਤੇ ਹੋਰ ਧਰਮਿਕ ਅਤੇ ਰਾਜਸੀ ਅਹਦਿਆਂ ਤੋ ਅਸਤੀਫੇ ਦਿੱਤੇ ਜਾਣ ਦਾ ਸਿਲਸਿਲਾ ਜਾਰੀ ਹੈ।
ਜਿਸ ਤਹਿਤ ਅੱਜ ਦੋ ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ । ਇਨ੍ਹਾਂ ਵਿਚ ਸੁਰਜੀਤ ਸਿੰਘ ਤੁਗਲਵਾਲ ਅਤੇ ਸੰਤ ਦਰਬਾਰ ਸਿੰਘ ਛੀਨੀਵਾਲ ਕਲਾਂ ਸ਼ਾਮਿਲ ਹਨ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਮੈਂਬਰ ਸ: ਸੁਰਜੀਤ ਸਿੰਘ ਤੁਗਲਵਾਲ ਨੇ ਅੱਜ ਆਪਣਾ ਅਸਤੀਫ਼ਾ ਦਿੱਤਾ ਹੈ ।ਗੱਲਬਾਤ ਕਰਦਿਆਂ ਸ: ਤੁਗਲਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਨਾਲ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ ਤੇ ਉਹ ਇਸ ਨਿਰਾਦਰ ਨੂੰ ਨਾ ਸਹਾਰਦੇ ਹੋਏ ਆਪਣਾ ਅਸਤੀਫ਼ਾ ਦੇ ਰਹੇ ਹਨ ।
ਉਨ੍ਹਾਂ ਕਿਹਾ ਕਿ ਜਿਥੇ ਅਸੀਂ ਬਰਗਾੜੀ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉਥੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ।ਉਨ੍ਹਾਂ ਕਿਹਾ ਕਿ ਮੈਂ ਬਾਕੀ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਵੀ ਨੈਤਿਕਤਾ ਦੇ ਆਧਾਰ ‘ਤੇ ਆਪਣੇ ਅਸਤੀਫ਼ੇ ਦੇਣ ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਚੰਨਣਵਾਲ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ ਕਲਾਂ ਵੱਲੋਂ ਅੱਜ ਕੈਨੇਡਾ ਦੀ ਧਰਤੀ ਸਰੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ।ਜਾਣਕਾਰੀ ਅਨੁਸਾਰ ਸੰਤ ਦਰਬਾਰ ਸਿੰਘ ਛੀਨੀਵਾਲ ਕਲਾਂ ਕੁੱਝ ਸਮਾਂ ਪਹਿਲਾਂ ਕੈਨੇਡਾ ਵਿਖੇ ਆਪਣੀ ਪੁੱਤਰੀ ਕੋਲ ਗਏ ਹੋਏ ਸਨ ਜਿੱਥੇ ਉਨ੍ਹਾਂ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਗੁਰਦੁਆਰਾ ਸਰੀ ਵਿਖੇ ਕੀਤੀ ਗਈ ।
ਸੰਤ ਛੀਨੀਵਾਲ ਕਲਾਂ ਵੱਲੋਂ ਆਪਣੇ ਅਸਤੀਫ਼ੇ ‘ਚ ਲਿਖਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹਰ ਸਿੱਖ ਲਈ ਅਸਹਿ ਹੈ ਜਿਸ ਲਈ ਮੈਂ ਬਿਨਾਂ ਕਿਸੇ ਦਬਾਅ ਤੋਂ ਆਪਣੀ ਜ਼ਮੀਰ ਦੀ ਆਵਾਜ਼ ਨਾਲ ਅਸਤੀਫ਼ਾ ਦਿੰਦਾ ਹਾਂ ।
Related Topics: Kotkapura Incidnt, Shiromani Gurdwara Parbandhak Committee (SGPC)