ਬੈਂਕਾਕ (27 ਅਕਤੂਬਰ, 2014 ): ਪ੍ਰਸਿੱਧ ਸਿੱਖ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਦੇ ਨੇੜਲੇ ਸਾਥੀ ਅਤੇ ਉਸਦੇ ਨਾਲ ਹੀ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋਣ ਵਾਲੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਸ਼ਾਮਿਲ ਭਾਈ ਜਗਤਾਰ ਸਿੰਘ ਤਾਰਾ ਦੇ ਥਾਈਲੈਂਡ ਵਿਚ ਦਾਖਲ ਹੋਣ ਦਾ ਯਤਨ ਕਰਨ ਸਬੰਧੀ ਮਿਲੀਆਂ ਰਿਪੋਰਟਾਂ ਪਿੱਛੋਂ ਥਾਈਲੈਂਡ ਦੇ ਮਸ਼ਹੂਰ ਟਾਪੂ ਫੁਕੇਟ ਵਿਚ ਚੌਕਸੀ ਵਧਾ ਦਿੱਤੀ ਹੈ।
ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖਬਰ ਅਨੁਸਾਰ ਅੰਦਰੂਨੀ ਸੁਰੱਖਿਆ ਆਪਰੇਸ਼ਨ ਕਮਾਂਡ ਦੇ ਡਿਪਟੀ ਸਕੱਤਰ ਜਨਰਲ ਜੈਤੂਪੋਰਨ ਕਲਾਮਪਸੂਤ ਨੇ ਫੁਕੇਟ ਗਜ਼ਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰੀਆਂ ਤੋਂ ਭਾਈ ਤਾਰਾ ਬਾਰੇ ਸੂਚਨਾ ਮਿਲੀ ਹੈ ਜਿਹੜੇ ਉਸ ਦੀ ਭਾਲ ਵਿਚ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਆਖਰੀ ਵਾਰ ਥਾਈਲੈਂਡ ਅਤੇ ਮਲੇਸ਼ੀਆ ਦੇ ਸਰਹੱਦ ‘ਤੇ ਦੇਖਿਆ ਗਿਆ ਸੀ ਙ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਸੁੰਗਾਈ ਕੋਲੋਕ ਰਸਤੇ ਥਾਈਲੈਂਡ ‘ਚ ਦਾਖਲ ਹੋ ਸਕਦਾ ਹੈ ਅਤੇ ਉਥੋਂ ਪਾਕਿਸਤਾਨ ਜਾਵੇਗਾ।
ਭਾਈ ਜਗਤਾਰ ਸਿੰਘ ਤਾਰਾ ਅਤੇ ਜਗਤਾਰ ਸਿੰਘ ਹਵਾਰਾ ਤੇ ਪਰਮਜੀਤ ਸਿੰਘ ਭਿਊਰਾ 2004 ਵਿਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਸੁਰੰਗ ਬਣਾ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਬਾਅਦ ਵਿਚ ਭਾਈ ਹਵਾਰਾ ਅਤੇ ਭਾਈ ਭਿਊਰਾ ਨੂੰ ਗਿ੍ਫਤਾਰ ਕਰ ਲਿਆ ਸੀ।