Site icon Sikh Siyasat News

ਨਵੇਂ ਵਰ੍ਹੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਜਾਰੀ ਕਰਨ ਦੀ ਸੰਭਾਵਨਾ

ਅੰਮ੍ਰਿਤਸਰ (11 ਮਾਰਚ 2015): 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਨਾਨਕਸ਼ਾਹੀ ਕੈਲੰਡਰ ਵਿਵਾਦ ਹੱਲ ਕਰਨ ਲਈ 18 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਜੋ ਆਪਣੀ ਰਿਪੋਰਟ ਇਸ ਵਰ੍ਹੇ ਦੇ ਅੰਤ ਤੱਕ ਦੇਵੇਗੀ। ਇਸ ਦੌਰਾਨ ਨਵੇਂ ਵਰ੍ਹੇ ਦਾ ਕੈਲੰਡਰ ਨਾਨਕਸ਼ਾਹੀ ਸੰਮਤ 547 ਗੁਰਬਾਣੀ ਤੇ ਇਤਿਹਾਸਕ ਸਰੋਤਾਂ ਮੁਤਾਬਕ ਛਾਪਣ ਦਾ ਆਦੇਸ਼ ਦਿੱਤਾ ਗਿਆ ਸੀ।

ਆਦੇਸ਼ ਵਿੱਚ ਕੈਲੰਡਰ ਬਾਰੇ ਸਪੱਸ਼ਟ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੁਚਿੱਤੀ ਵਿੱਚ ਸੀ ਕਿ ਕਿਹੜਾ ਕੈਲੰਡਰ ਛਾਪਿਆ ਜਾਵੇ। ਕੀ ਇਹ 2003 ਵਾਲਾ ਨਾਨਕਸ਼ਾਹੀ ਕੈਲੰਡਰ ਹੋਵੇ ਜਾਂ 2010 ਵਾਲਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਂ ਫਿਰ ਬਿਕਰਮੀ ਕੈਲੰਡਰ। ਇਸ ਮਾਮਲੇ ਨੂੰ ਸਪੱਸ਼ਟ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਧਿਕਾਰੀਆਂ ਨੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।

ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ਤੋਂ ਮਿਲੇ ਹੁਕਮਾਂ ਦੀ ਪਾਲਣਾ ਕਰਦਿਆਂ ਨਾਨਕਸ਼ਾਹੀ ਸੰਮਤ 547 ਦਾ ਕੈਲੰਡਰ ਗੁਰਬਾਣੀ ਤੇ ਇਤਿਹਾਸਕ ਸਰੋਤਾਂ ਮੁਤਾਬਕ ਤਿਆਰ ਕੀਤਾ ਜਾਵੇਗਾ ਪਰ ਉਨ੍ਹਾਂ ਸਪੱਸ਼ਟ ਨਹੀਂ ਕੀਤਾ ਕਿ ਇਹ ਕਿਹੜਾ ਕੈਲੰਡਰ ਹੋਵੇਗਾ।

ਮਿਲੀ ਜਾਣਕਾਰੀ ਮੁਤਾਬਿਕ ਨਾਨਕਸ਼ਾਹੀ ਸੰਮਤ 547 ਇਕ ਚੇਤ ਭਾਵ 14 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੁਣ ਨਵੇਂ ਵਰ੍ਹੇ ਦਾ ਕੈਲੰਡਰ ਕਾਹਲੀ ਨਾਲ ਛਾਪਣ ਦਾ ਯਤਨ ਕੀਤਾ ਜਾਵੇਗਾ।

ਮਿਲੇ ਵੇਰਵਿਆਂ ਅਨੁਸਾਰ ਇਸ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਬਿਕਰਮੀ ਕੈਲੰਡਰ ਦੇ ਰੂਪ ਵਿੱਚ ਛਾਪੇ ਜਾਣ ਦੀ ਸੰਭਾਵਨਾ ਹੈ। ਇਹ ਕੈਲੰਡਰ ਨਾਨਕਸ਼ਾਹੀ ਕੈਲੰਡਰ ਦੀ ਦਿੱਖ ਵਰਗਾ ਹੋਵੇਗਾ, ਜਿਸ ਉਪਰ ਨਾਨਕਸ਼ਾਹੀ ਸੰਮਤ 547 ਹੀ ਲਿਖਿਆ ਹੋਵੇਗਾ ਪਰ ਇਸ ਵਿੱਚ ਦਿਨ ਤੇ ਤਿਉਹਾਰ ਬਿਕਰਮੀ ਕੈਲੰਡਰ ਅਨੁਸਾਰ ਹੋਣਗੇ। ਇਹ ਸਾਰਾ ਕੈਲੰਡਰ ਗੁਰਮੁਖੀ ਵਿੱਚ ਹੋਵੇਗਾ ਅਤੇ ਇਸ ਵਿੱਚ ਰੋਮਨ ਅੰਕਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਜਿਸ ਤੋਂ ਇਹ ਪ੍ਰਭਾਵ ਜਾਵੇਗਾ ਕਿ ਇਹ ਕੈਲੰਡਰ ਨਾਨਕਸ਼ਾਹੀ ਹੈ।

ਜੇ ਅਜਿਹਾ ਹੁੰਦਾ ਹੈ ਤਾਂ ਸਪੱਸ਼ਟ ਹੈ ਕਿ 13 ਮਾਰਚ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈ ਜਾਵੇਗਾ। ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਨਵਰੀ 2010 ਵਿੱਚ ਜਾਰੀ ਕੀਤਾ ਗਿਆ ਸੀ, ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਪਰੈਲ 2004 ਵਿੱਚ ਜਾਰੀ ਹੋਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version