Site icon Sikh Siyasat News

ਵੱਖਰੀ ਕਮੇਟੀ ਮਾਮਲਾ -ਸਿੱਖਾਂ ਦੇ ਅੰਦੂਰਨੀ ਝਗੜਿਆਂ ਕਾਰਨ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਭਾਰੀ ਸੱਟ ਵੱਜ ਰਹੀ ਹੈ: ਦਲ ਖਾਲਸਾ

ਅੰਮ੍ਰਿਤਸਰ (27 ਜੂਨ 2014): ਦਲ ਖਾਲਸਾ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਦਾ ਇਹ ਹੱਕ ਰਾਖਵਾਂ ਹੈ ਕਿ ਉਹ ਫੈਸਲਾ ਕਰਨ ਕਿ ਉਹਨਾਂ ਸ਼੍ਰੋਮਣੀ ਕਮੇਟੀ ਦੇ ਨਾਲ ਰਹਿਣਾ ਹੈ ਕਿ ਵੱਖਰੀ ਕਮੇਟੀ ਬਣਾ ਕੇ ਆਪਣੇ ਗੁਰੂ ਘਰਾਂ ਅਤੇ ਧਾਰਮਿਕ ਸੰਸਥਾਵਾਂ ਦੀ ਸਾਂਭ-ਸੰਭਾਲ ਕਰਨੀ ਹੈ ।

ਜਥੇਬੰਦੀ ਨੇ ਪੰਜਾਬ ਦੇ ਅਕਾਲੀਆਂ ਅਤੇ ਹਰਿਆਣਾ ਦੇ ਸਿੱਖਾਂ ਵਿਚਾਲੇ ਵੱਖਰੀ ਗੁਰਦੁਆਰਾ ਪ੍ਰਬੰਧਕ  ਕਮੇਟੀ ਨੂੰ ਲੈ ਕੇ ਚਲ ਰਹੇ ਸ਼ਬਦੀ-ਜੰਗ ਉਤੇ ਆਪਣੀ ਤਿਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਟਕਰਾਅ ਸਪਸ਼ਟ ਦਸਦਾ ਹੈ ਕਿ ਕੌਮ ਦੀ ਲੀਡਰਿਸ਼ਪ ਅੰਦਰ ਰਾਜਨੀਤਿਕ ਸੂਝ-ਬੂਝ ਦੀ ਘਾਟ ਹੈ।ਜਥੇਬੰਦੀ ਨੇ ਕਿਹਾ ਹੈ ਕਿ ਹਰਿਆਣੇ ਦੇ ਸਿੱਖਾਂ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਇੱਛਾ ਦਾ ਇਜ਼ਹਾਰ ਬਿਨਾਂ ਕਿਸੇ ਦਬਾਅ ਜਾਂ ਲਾਲਚ ਦੇ ਕਰਨ।

ਉਹਨਾਂ ਅਕਾਲੀਆਂ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਦਲ ਅੰਦਰ ਸੁਹਿਰਦਤਾ ਅਤੇ ਈਮਾਨਦਾਰੀ ਦੀ ਘਾਟ ਕਾਰਨ ਇਹ ਮਸਲਾ ਵਿਗੜਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਹਰਿਆਣਾ ਦੇ ਸਿੱਖਾਂ ਦਾ ਦਿਲ ਅਤੇ ਭਰੋਸਾ ਜਿਤਣ ਵਿੱਚ ਬੁਰੀ ਤਰਾਂ ਅਸਫਲ ਰਿਹਾ ਹੈ।

ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਧਾਰਮਿਕ ਸਥਾਨ ਦੀ ਸੇਵਾ-ਸੰਭਾਲ ਲਈ ਖੁਦ-ਮੁਖਤਾਰੀ ਦੀ ਲੋੜ ਹੈ, ਜਿਸ ਤੋਂ ਉਹਨਾਂ ਨੂੰ ਵਾਂਝਿਆ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਮਸਿਆ ਦੀ ਅਸਲ ਜੜ• ਉਥੋਂ ਦੇ ਵਸਨੀਕ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ-ਪ੍ਰਧਾਨ ਰਘੁਜੀਤ ਸਿੰਘ ਵਿਰਕ ਨੂੰ ਬਾਦਲਕਿਆਂ ਵਲੋਂ ਅੰਨੀ ਤਾਕਤ ਦੇਣਾ ਅਤੇ ਦੂਜੇ ਆਗੂਆਂ ਨੂੰ ਅਣਗੌਲਿਆਂ ਕਰਨਾ ਹੈ।

 ਦਲ ਖਾਲਸਾ ਆਗੂਆਂ ਅਨੁਸਾਰ ਜੇਕਰ ਵਿਰਕ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਹਰਿਆਣਾ ਦੇ ਸਿੱਖਾਂ ਨੂੰ ਆਪਣੇ ਧਾਰਮਿਕ ਸਥਾਨ ਚਲਾਉਣ ਲਈ ਖੁਦ-ਮੁਖਤਾਰੀ ਦਿੱਤੀ ਜਾਵੇ ਤਾਂ ਮਸਲੇ ਦਾ ਹੱਲ ਨਿਕਲ ਸਕਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਲਈ ਇਹ ਡਾਢੀ ਚਿੰਤਾ ਹੈ ਕਿ ਵੱਖਰੀ ਕਮੇਟੀ ਬਨਾਉਣ ਦੇ ਮੁਦਈ ਕਾਂਗਰਸ ਦੀ ਹਮਾਇਤ ਲੈ ਰਹੇ ਹਨ ਅਤੇ ਉਸ ਨੂੰ ਰੋਕਣ ਵਾਲੀ ਧਿਰ ਭਾਜਪਾ ਦੀ ਮਦਦ ਲਈ ਦਿੱਲੀ ਦੇ ਚੱਕਰ ਕੱਟ ਰਹੀ ਹੈ।

 ਉਹਨਾਂ ਸਿੱਖ ਆਗੂਆਂ ਨੂੰ ਵੰਗਾਰਦਿਆ ਕਿਹਾ ਕਿ ਉਹ ਬਾਹਰੀ ਦਖਲਅੰਦਾਜੀ ਤੋਂ ਬਿਨਾਂ ਆਪਣੇ ਅੰਦਰੂਨੀ ਮਾਮਲਿਆਂ ਨੂੰ ਨਜਿੱਠਣ ਦੇ ਸਮਰੱਥ ਬਨਣ।ਉਹਨਾਂ ਕਿਹਾ ਕਿ ਸਿੱਖਾਂ ਦੇ ਅੰਦੂਰਨੀ ਝਗੜਿਆਂ ਅਤੇ ਪਾਟੋ-ਕਲੇਸ਼ ਕਰਕੇ ਇਨਸਾਫ ਅਤੇ ਕੌਮ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਭਾਰੀ ਸੱਟ ਵੱਜ ਰਹੀ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਮੌਜੂਦਾ ਸਮੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੋਲ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version