Site icon Sikh Siyasat News

ਸ਼੍ਰੋਮਣੀ ਕਮੇਟੀ ਨੇ ਚੁੱਪ ਚਾਪ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ, ਮੀਡੀਆ ਨੂੰ ਸਮਾਗਮ ਤੋਂ ਰੱਖਿਆ ਦੂਰ

ਅੰਮ੍ਰਿਤਸਰ: ਸਾਲ 2010 ਵਿੱਚ ਸੋਧਾਂ ਦੇ ਨਾਮ ਹੇਠ ਮਿਲਗੋਭਾ ਬਣਾ ਦਿੱਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਨ ਲਈ ਵੀ ਪਰਚਾਰ ਪ੍ਰਸਾਰ ਮਾਧਿਅਮ ਦਾ ਸਹਾਰਾ ਲੈਣ ਵਾਲੀ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੇ ਅੱਜ ਸੰਮਤ 550 (2018-19) ਦਾ ਕੈਲੰਡਰ ਚੁੱਪ ਚੁਪੀਤੇ ਹੀ ਜਾਰੀ ਕਰ ਦਿੱਤਾ।

ਗਿਆਨੀ ਗੁਰਬਚਨ ਸਿੰਘ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਾਰਜਕਾਲ ਦੌਰਾਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਪ੍ਰਧਾਨਗੀ ਕਾਲ ਦਾ ਪਹਿਲਾ ਮੌਕਾ ਹੈ ਜਿਥੇ ਕਿਸੇ ਸਮਾਗਮ ਦੀ ਕਵਰੇਜ ਲਈ ਸਿਰਫ ਬਾਦਲਾਂ ਦੀ ਭਾਈਵਾਲੀ ਵਾਲੇ ਨਿੱਜੀ ਚੈਨਲ ਨੂੰ ਹੀ ਸੱਦਾ ਦਿੱਤਾ ਗਿਆ ਅਤੇ ਬਾਕੀ ਪ੍ਰਿੰਟ ਤੇ ਬਿਜਲਈ ਮੀਡੀਆ ਨੂੰ ਇਸ ਸਮਾਗਮ ਤੋਂ ਦੂਰ ਰੱਖਿਆ ਗਿਆ।ਬਾਅਦ ਦੁਪਿਹਰ ਜਿਉਂ ਹੀ ਸ਼੍ਰੋਮਣੀ ਕਮੇਟੀ ਵਲੋਂ ਕੈਲੰਡਰ ਜਾਰੀ ਕਰਨ ਦੀ ਕਨਸੋਅ ਮੀਡੀਆ ਨੂੰ ਲੱਗੀ ਤਾਂ ਮੀਡੀਆ ਨੂੰ ਨਾ ਬੁਲਾਏ ਜਾਣ ਦਾ ਜਵਾਬ ਕਮੇਟੀ ਦੇ ਮੁਖ ਸਕੱਤਰ ਵੀ ਦੇਣ ਤੋਂ ਕਿਨਾਰਾ ਕਰਦੇ ਨਜਰ ਆਏ ।

ਦੇਰ ਸ਼ਾਮ ਕਮੇਟੀ ਦੇ ਮੀਡੀਆ ਵਿਭਾਗ ਵਲੋਂ ਜਾਰੀ ਪ੍ਰੈਸ ਰਲੀਜ ਵਿੱਚ ਦੱਸਿਆ ਗਿਆ ਕਿ ‘ਨਾਨਕਸ਼ਾਹੀ ਸੰਮਤ 550 (2018-19) ਦਾ ਨਾਨਕਸ਼ਾਹੀ ਕੈਲੰਡਰ’ ਗਿਆਨੀ ਗੁਰਬਚਨ ਸਿੰਘ ਵਲੋਂ ਅੱਜ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਰੀ ਕੀਤਾ ਗਿਆ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ,ਧਰਮ ਪ੍ਰਚਾਰ ਸੱਕਤਰ ਬਲਵਿੰਦਰ ਸਿੰਘ ਜੌੜਾਸਿੰਘਾ, ਸਿਮਰਜੀਤ ਸਿੰਘ ਮੀਤ ਸਕੱਤਰ, ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਗੁਰਬਚਨ ਸਿੰਘ ਇੰਚਾਰਜ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ, ਸੁਖਬੀਰ ਸਿੰਘ ਵਧੀਕ ਮੈਨੇਜਰ ਅਤੇ ਸਤਿੰਦਰਪਾਲ ਸਿੰਘ ਆਦਿ ਮੌਜੂਦ ਦੱਸੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version