Site icon Sikh Siyasat News

ਪੰਜਾਬ ਵਿੱਚ ਹੋਏ ਮਨੁੱਖ ਅਧਿਕਾਰਾਂ ਦੇ ਘਾਣ ਦਾ ਮਸਲਾ ਯੂਰਪੀਅਨ ਪਾਰਲੀਮੈਂਟ ਅਤੇ ਸੰਯੁਕਤ ਰਾਸ਼ਟਰ ਵਿੱਚ ਪਹੁੰਚਿਆ

ਅੰਮ੍ਰਿਤਸਰ: ਸੱਚ ਨੂੰ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮੰਤਵ ਨਾਲ, ਦਲ ਖਾਲਸਾ ਨੇ ਯੂਰਪੀਅਨ ਪਾਰਲੀਅਮੈਂਟ ਅਤੇ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਦਾ ਗਠਨ ਕਰਨ ਤਾਂ ਜੋ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵਲੋਂ ਕੀਤੇ ਗਏ ਖੁਲਾਸਿਆਂ ਦੀ ਰੌਸ਼ਨੀ ਵਿੱਚ ਪੁਲਿਸ ਅਤੇ ਸੁਰਖਿਆ ਦਸਤਿਆਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਤਸ਼ਦਦ ਤੋਂ ਬਾਅਦ ਫਰਜੀ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖਾਂ ਦੀ ਕੌੜੀ ਸੱਚਾਈ ਸਾਹਮਣੇ ਆ ਸੱਕੇ।

ਦਲ ਖਾਲਸਾ ਦੇ ਸੀਨੀਅਰ ਮੈਂਬਰ ਪ੍ਰਿਤਪਾਲ ਸਿੰਘ ਸਵਿਟਜਰਲੈਂਡ ਅਤੇ ਗੁਰਦਿਆਲ ਸਿੰਘ ਜਨਾਬ ਅਫਜਲ ਖਾਨ ਨੂੰ ਮਿਲਦੇ ਹੋਏ

ਦਲ ਖਾਲਸਾ ਦੇ ਸੀਨੀਅਰ ਮੈਂਬਰਾਂ ਪ੍ਰਿਤਪਾਲ ਸਿੰਘ ਸਵਿਟਜਰਲੈਂਡ ਅਤੇ ਗੁਰਦਿਆਲ ਸਿੰਘ ਨੇ ਜਨਾਬ ਅਫਜਲ ਖਾਨ, ਜੋ ਸੁਰਖਿਆ ਅਤੇ ਡਿਫੈਂਸ ਕਮੇਟੀ ਦੇ ਵਾਈਸ ਚੇਅਰਮੈਨ ਹਨ ਨਾਲ ਯੂਰਪੀਅਨ ਪਾਰਲੀਅਮੈਂਟ ਦੇ ਹੈਡ- ਆਫਿਸ ਬਰਸਲਜ਼ (ਬੈਲਜੀਅਮ) ਵਿੱਚ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਪੰਜਾਬ ਦੀ ਸਥਿਤੀ ਖਾਸ ਕਰਕੇ ਮਨੁੱਖੀ ਅਧਾਕਾਰਾਂ ਦੇ ਲਗਾਤਾਰ ਹੋ ਰਹੇ ਘਾਣ ਸਬੰਧੀ ਅੱਧਾ ਘੰਟਾ ਗਲਬਾਤ ਕੀਤੀ।

ਏਥੇ ਪਤਰਕਾਰਾਂ ਨੂੰ ਜਾਣਕਾਰੀ ਦੇਂਦਿੰਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਪਿੰਕੀ ਕੈਟ ਵਲੋਂ ਕੀਤੇ ਇੰਕਸ਼ਾਫ ਤੋਂ ਬਾਅਦ ਉਹਨਾਂ ਦੇ ਯੂਰਪ ਯੂਨਿਟ ਨੇ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਪਾਰਲੀਅਮੈਂਟ ਨਾਲ ਰਾਬਤਾ ਬਣਾਇਆ ਤਾਂ ਜੋ ਉਹਨਾਂ ਨੂੰ ਭਾਰਤ ਅਤੇ ਪੰਜਾਬ ਅੰਦਰ ਰਾਜਨੀਤਿਕ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਿੱਖਾਂ ਵਿਰੁੱਧ ਕੀਤੇ ਗਏ ਜੁਲਮਾਂ ਦੀ ਦਾਸਤਾਨ ਦੱਸੀ ਜਾਵੇ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਨਿਰਪੱਖ ਜਾਂਚ ਲਈ ਬੇਨਤੀ ਕੀਤੀ ਜਾ ਸਕੇ।

ਅਫਜਲ ਖਾਨ ਨੂੰ ਸੌਪੇ ਯਾਦ-ਪੱਤਰ ਵਿੱਚ ਦਲ ਖਾਲਸਾ ਆਗੂਆਂ ਨੇ ਪਿੰਕੀ ਕੈਟ ਵਲੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਪੁਲਿਸ ਦੇ ਉਚ-ਅਧਿਕਾਰੀਆਂ ਵਲੋਂ ਸਾਰੇ ਕਾਨੂੰਨ ਛਿੱਕੇ-ਟੰਗ ਕੇ ਕੀਤੇ ਜੁਲਮਾਂ ਦਾ ਵੇਰਵਾ ਦੇਂਦਿੰਆਂ ਮੰਗ ਕੀਤੀ ਕਿ ਯੂਰਪੀਅਨ ਪਾਰਲੀਅਮੈਂਟ ਆਪਣਾ ਪ੍ਰਭਾਵ ਵਰਤਕੇ ਭਾਰਤ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰੇ ਅਤੇ ਯਕੀਨੀ ਬਣਾਵੇ ਕਿ ਉਹ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦਾ ਰਾਜ ਬਹਾਲ ਕਰੇ। ਵਫਦ ਨੇ ਦਸਿਆ ਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਨਿਆ-ਪਸੰਦ ਪਾਰਟੀਆਂ ਵਲੋਂ ਪੰਜਾਬ ਅੰਦਰ ਵਾਪਰੇ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਲੰਮੇ ਸਮੇ ਤੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਸੀ ਪਰ ਨਾਂ ਤਾਂ ਅਦਾਲਤਾਂ ਅਤੇ ਨਾ ਹੀ ਯੂ.ਐਨ.ਉ ਨੇ ਉਹਨਾਂ ਦੀ ਸੁਣੀ। ਉਹਨਾਂ ਕਿਹਾ ਕਿ ਪਿੰਕੀ ਕੈਟ ਨੇ ਜੋ ਸੱਚ ਉਗਲਿਆ ਹੈ, ਅਸਲ ਵਿੱਚ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਨਿਆ-ਪਸੰਦ ਪਾਰਟੀਆਂ ਵਲੋਂ ਚਿਰਾਂ ਤੋਂ ਪ੍ਰਗਟਾਏ ਜਾ ਰਹੇ ਤੱਥਾਂ ਉਤੇ ਮੋਹਰ ਲੱਗੀ ਹੈ। ਉਹਨਾਂ ਅੰਗਰੇਜੀ ਦੀ ਮੈਗਜ਼ੀਨ ਆਊਟਲੁਕ ਦੀ ਕਾਪੀ ਵੀ ਅਫਜਲ ਖਾਨ ਨੂੰ ਸੌਂਪੀ ਜਿਸ ਵਿੱਚ ਪਿੰਕੀ ਵਲੋਂ ਪ੍ਰਗਟ ਕੀਤੇ ਖੁਲਾਸਿਆਂ ਦੀ ਵਿਸਥਾਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।

ਉਹਨਾਂ ਯੂਰਪੀਅਨ ਪਾਰਲੀਅਮੈਂਟ ਦੇ ਮੈਂਬਰ ਸਾਹਿਬਾਨਾਂ ਤੋਂ ਮੰਗ ਕੀਤੀ ਕਿ ਉਹ ਸਿੱਖਾਂ ਦੀ ਰਾਜਨੀਤਿਕ ਸਮਸਿਆ ਦੇ ਸਨਮਾਣਯੋਗ ਹੱਲ ਲਈ ਹਾਂ-ਪੱਖੀ ਭੂਮਿਕਾ ਨਿਭਾਵੇ।

ਏਸੇ ਤਰਾਂ, ਦਲ ਖਾਲਸਾ ਨੇ ਹਾਲ ਹੀ ਵਿੱਚ ਪੰਜਾਬ ਅੰਦਰ ਵੱਗ ਰਹੀ ਅਹਿਸਣਸ਼ੀਲਤਾ ਦੀ ਹਵਾ ਸਬੰਧੀ ਇੱਕ ਯਾਦ-ਪੱਤਰ ਸੰਯੁਕਤ ਰਾਸ਼ਟਰ ਦੀ ਸਾਊਥ ਏਸ਼ੀਆ ਦੀ ਇੰਚਾਰਜ ਮੈਡਮ ਜੇਨੀਫਰ ਕਰਾਫਟ ਨੂੰ ਸੌਂਪਿਆ ਹੈ। ਉਹਨਾਂ ਦਸਿਆ ਕਿ ਮੌਜੂਦਾ ਸਰਕਾਰ ਨੇ ਆਪਣੇ ਵਿਰੋਧੀਆਂ ਅੱਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਵਿਰੁੱਧ ਝੂਠੇ ਕੇਸ ਬਣਾਕੇ ਉਹਨਾਂ ਨੂੰ ਦੇਸ਼ਧ੍ਰੋਹ ਦੇ ਸੰਗੀਨ ਜੁਰਮਾਂ ਹੇਠ ਨਜ਼ਰਬੰਦ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਲਗਾਤਾਰ ਜਾਰੀ ਹੈ ਅਤੇ ਕਾਨੂੰਨ ਦੀ ਧਾਰਾਂਵਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਨਿਆ-ਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਸਰਕਾਰ ਦੀ ਦੋਗਲੀ ਨੀਤੀ ਦਾ ਪਰਦਾਫਾਸ਼ ਕਰਦਿਆਂ ਦਸਿਆ ਕਿ ੧੪ ਅਕਤੂਬਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਕਸੂਰ ਮਾਰਿਆ ਗਿਆ ਸੀ ਪਰ ਅਫਸੋਸ ਕਿ ਸਰਕਾਰ ਦੋਸ਼ੀ ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕਰਨ ਤੋਂ ਸਾਫ ਇਨਕਾਰੀ ਹੈ।

ਦਲ ਖਾਲਸਾ ਮੈਂਬਰਾਂ ਅਨੁਸਾਰ ਅਫਜਲ ਖਾਨ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਵਲੋਂ ਪ੍ਰਗਟਾਈ ਚਿੰਤਾ ਅਤੇ ਪੇਸ਼ ਕੀਤੇ ਤੱਥਾਂ ਨੂੰ ਆਪਣੀ ਸੰਸਥਾ ਦੇ ਮੈਂਬਰਾਂ ਨਾਲ ਸਾਂਝੀ ਕਰਨਗੇ ਅਤੇ ਭਾਰਤ ਸਰਕਾਰ ਨਾਲ ਇਸ ਸੰਬਧੀ ਗਲਬਾਤ ਵੀ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version