Site icon Sikh Siyasat News

ਤਿੰਨ ਦਹਾਕੇ ਬਾਅਦ ਭਾਈ ਲਾਲ ਸਿੰਘ ਦੀ ਪੱਕੀ ਰਿਹਾਈ ਹੋਣ ਉੱਤੇ ਸ਼ੁਕਰਾਨਾ ਸਮਾਗਮ

ਫਗਵਾੜਾ:  ਇੱਥੋਂ ਨੇੜਲੇ ਪਿੰਡ ਅਕਾਲਗੜ੍ਹ ਵਿਖੇ ਸਿੱਖ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਜੁਝਾਰੂ ਭਾਈ ਲਾਲ ਸਿੰਘ ਦੀ ਕਰੀਬ ਤਿੰਨ ਦਹਾਕੇ ਲੰਮੀ ਕੈਦ ਤੋਂ ਬਾਅਦ ਪੱਕੀ ਰਿਹਾਈ ਹੋਣ ਉੱਤੇ ਬੀਤੇ ਦਿਨੀਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। 4 ਅਪਰੈਲ 2021 ਨੂੰ ਭਾਈ ਲਾਲ ਸਿੰਘ ਦੇ ਪਿੰਡ ਅਕਾਲਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖ ਸੰਘਰਸ਼ ਅਤੇ ਸਿੱਖ ਜਗਤ ਨਾਲ ਜੁੜੀਆਂ ਨਾਮਵਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ।

ਸਮਾਗਮ ਤੋਂ ਪਹਿਲਾਂ ਭਾਈ ਲਾਲ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸੰਪੂਰਨਤਾ ਹੋਈ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ ਜਿਹਨਾਂ ਵਿੱਚ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਗੁਰਮਤਿ ਤੇ ਸਿੱਖ ਸੰਘਰਸ਼ ਬਾਬਤ ਵਿਚਾਰਾਂ ਹੋਈਆਂ।

ਇਸ ਮੌਕੇ ਵੱਖ ਵੱਖ ਸੰਪਰਦਾਵਾਂ, ਸੰਸਥਾਵਾਂ, ਜਥੇਬੰਦੀਆਂ ਅਤੇ ਸਖਸ਼ੀਅਤਾਂ ਵੱਲੋਂ ਭਾਈ ਲਾਲ ਸਿੰਘ ਨੂੰ ਸੰਘਰਸ਼ ਦੌਰਾਨ ਨਿਭਾਈਆਂ ਸੇਵਾਵਾਂ ਦੇ ਪ੍ਰਥਾਇ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੰਦੀ ਸਿੰਘ ਵੱਲੋਂ ਭਾਈ ਲਾਲ ਸਿੰਘ ਲਈ ਭੇਜਿਆ ਗਿਆ ਸਿਰੋਪਾਓ ਵੀ ਬਖਸ਼ਿਸ਼ ਕੀਤਾ ਗਿਆ।

ਦੱਸ ਦੇਈਏ ਕਿ ਸਿੱਖ ਸੰਘਰਸ਼ ਦੌਰਾਨ ਗੁਜਰਾਤ ਪੁਲਿਸ ਵੱਲੋਂ ਭਾਈ ਲਾਲ ਸਿੰਘ ਨੂੰ 1992 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਹਿਮਦਾਬਾਦ ਦੀ ਇੱਕ ਟਾਡਾ ਅਦਾਲਤ ਨੇ ਹਥਿਆਰ ਬਰਾਮਦਗੀ ਦੇ ਇੱਕ ਕੇਸ ਵਿੱਚ ਭਾਈ ਲਾਲ ਸਿੰਘ ਨੂੰ 1997 ਵਿੱਚ ਉਮਰ ਕੈਦ ਦੀ ਸਜਾ ਸੁਣਾਈ ਸੀ। ਇੰਡੀਆ ਦੇ ਕਾਨੂੰਨ ਮੁਤਾਬਿਕ ਉਮਰ ਕੈਦੀ ਦੀ ਪੱਕੀ ਰਿਹਾਈ ਵੱਧ ਤੋਂ ਵੱਧ 14 ਸਾਲ ਬਾਅਦ ਹੋ ਜਾਂਦੀ ਹੈ ਪਰ ਸਰਕਾਰਾਂ ਵੱਲੋਂ ਭਾਈ ਲਾਲ ਸਿੰਘ ਨੂੰ ਉਮਰ ਕੈਦ ਦੀ ਆਮ ਮਿੱਥੀ ਜਾਂਦੀ ਮਿਆਦ ਤੋਂ ਕਰੀਬ ਦੁੱਗਣਾ ਸਮਾਂ ਕੈਦ ਰੱਖਿਆ ਗਿਆ।

ਇਸ ਦੌਰਾਨ ਕਈ ਵਾਰ ਅਦਾਲਤਾਂ ਵੱਲੋਂ ਵੀ ਭਾਈ ਲਾਲ ਸਿੰਘ ਦੇ ਮਾਮਲੇ ਨੂੰ ਰਿਹਾਈ ਲਈ ਢੁਕਵਾਂ ਦੱਸਿਆ ਗਿਆ ਪਰ ਫਿਰ ਵੀ ਵੱਖ-ਵੱਖ ਇੰਡੀਆ ਅਤੇ ਗੁਜਰਾਤ ਦੀਆਂ ਸਰਕਾਰਾਂ ਨੇ ਉਹਨਾਂ ਦੀ ਰਿਹਾਈ ਲਈ ਬਹੁਤ ਲੰਮਾ ਸਮਾਂ ਰੋੜੇ ਅਟਕਾਈ ਰੱਖੇ। ਸਤੰਬਰ 2019 ਵਿੱਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਸਾਲਾ ਪਰਕਾਸ਼ ਦਿਹਾੜੇ ਉੱਤੇ 8 ਬੰਦੀ ਸਿੰਘ ਨੂੰ ਪੱਕੀ ਰਿਹਾਈ ਦੇਣ ਦਾ ਐਲਾਨ ਕੀਤਾ ਸੀ, ਜਿਹਨਾਂ ਵਿੱਚ ਭਾਈ ਲਾਲ ਸਿੰਘ ਦਾ ਨਾਂ ਵੀ ਸ਼ਾਮਿਲ ਸੀ। ਭਾਈ ਲਾਲ ਸਿੰਘ ਨੂੰ 24 ਅਗਸਤ 2020 ਨੂੰ ਪੱਕੇ ਤੌਰ ਉੱਤੇ ਰਿਹਾਅ ਕਰ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version