Site icon Sikh Siyasat News

ਟਕਸਾਲ ਦੇ ਬੰਦਿਆਂ ਵਲੋਂ ਹਮਲੇ ਦੀ ਜ਼ਿੰਮੇਵਾਰੀ ਕਬੂਲ, ਬਾਬਾ ਧੁੰਮਾ ਦੇ ਸਮਰਥਕ ਨੇ ਦੁਬਾਰਾ ਧਮਕੀ ਦਿੱਤੀ

ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਮੀਡੀਆ ਨਾਲ ਗੱਲ ਕਰਦੇ ਹੋਏ।

ਚੰਡੀਗੜ੍ਹ: ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹਮਲਾ ਕਰਨ ਦਾ ਇਕਬਾਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸੋਨੀ ਨਾਮੀ ਵਿਅਕਤੀ ਨੇ ਪੁਲੀਸ ਵੱਲੋਂ ਕੀਤੀ ਪੁੱਛ-ਗਿੱਛ ਦੌਰਾਨ ਕਿਹਾ ਹੈ, ‘‘ਸਾਡਾ ਇਰਾਦਾ ਢੱਡਰੀਆਂ ਵਾਲੇ ਨੂੰ ਮਾਰਨ ਦਾ ਨਹੀਂ ਸੀ ਬਲਕਿ ਕੁੱਟਮਾਰ ਕਰਨ ਤੇ ਡਰਾਉਣ ਤੱਕ ਹੀ ਸੀਮਤ ਸੀ।’’ ਟਕਸਾਲ ਦੇ ਬੰਦਿਆਂ ਨੇ ਤਫ਼ਤੀਸ਼ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਹਮਲੇ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਉਂਜ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਹਮਲੇ ਦੀ ਸਾਜ਼ਿਸ਼ ਡੇਰੇ ’ਚ ਹੀ ਘੜੀ ਗਈ ਸੀ ਅਤੇ ਮੁਢਲੇ ਤੌਰ ’ਤੇ 5 ਬੰਦਿਆਂ ਨੇ ਯੋਜਨਾ ਬਣਾਈ ਸੀ।

ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਮੀਡੀਆ ਨਾਲ ਗੱਲ ਕਰਦੇ ਹੋਏ।

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਾਲੇ ਦੇ ਸਮਾਗਮਾਂ ਦੀ ਪੂਰੀ ਸੂਹ ਲਈ ਗਈ। ਇਸ ਉਪਰੰਤ ਯੋਜਨਾ ਤਹਿਤ ਪਹਿਲਾਂ 4 ਵਿਅਕਤੀਆਂ ਨੂੰ ਟੈਂਟ ਅਤੇ ਹੋਰ ਸਮਾਨ ਦੇ ਕੇ ਛਬੀਲ ਲਗਾਉਣ ਲਈ ਭੇਜ ਦਿੱਤਾ ਗਿਆ। ਲੁਧਿਆਣਾ ਪੁਲੀਸ ਵੱਲੋਂ ਹੁਣ ਤਕ ਫੜੇ ਗਏ 8 ਵਿਅਕਤੀਆਂ ਵਿੱਚੋਂ 5 ਵਿਅਕਤੀ ਦਮਦਮੀ ਟਕਸਾਲ ਨਾਲ ਸਬੰਧਤ ਦੱਸੇ ਗਏ ਹਨ।

ਹਮਲੇ ’ਚ ਵਰਤੇ ਗਏ ਹਥਿਆਰ ਵੀ ਡੇਰੇ ’ਚੋਂ ਹੀ ਲਏ ਗਏ ਸਨ ਪਰ ਇਨ੍ਹਾਂ ਦੀ ਅਜੇ ਬਰਾਮਦਗੀ ਨਹੀਂ ਹੋਈ। ਇਹ ਹਥਿਆਰ ਰੋਡੇ ਪਿੰਡ ਦੇ ਇਕ ਵਿਅਕਤੀ ਦੇ ਨਾਮ ’ਤੇ ਰਜਿਸਟਰਡ ਦੱਸੇ ਗਏ ਹਨ। ਗ੍ਰਿਫ਼ਤਾਰ ਵਿਅਕਤੀਆਂ ਨੇ ਪੁਲੀਸ ਤਫ਼ਤੀਸ਼ ਦੌਰਾਨ ਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਭਾਈ ਢੱਡਰੀਆਂਵਾਲਿਆਂ ਦੇ ਬੰਦਿਆਂ ਨੇ ਚਲਾਈ ਅਤੇ ਟਕਸਾਲ ਦੇ ਬੰਦਿਆਂ ਨੇ ਜਵਾਬੀ ਗੋਲੀ ਚਲਾਈ।

ਇਸ ਤਾਜ਼ਾ ਦਾਅਵੇ ਤੋਂ ਬਾਅਦ ਪੁਲੀਸ ਵੱਲੋਂ ਮਾਮਲੇ ਦੀ ਤਫ਼ਤੀਸ਼ ਦੋਹਾਂ ਪਾਸਿਆਂ ਤੋਂ ਗੋਲੀ ਚੱਲਣ ਨੂੰ ਆਧਾਰ ਬਣਾ ਕੇ ਕੀਤੀ ਜਾਵੇਗੀ। ਪੁਲੀਸ ਸੂਤਰਾਂ ਮੁਤਾਬਕ ਟਕਸਾਲ ਦੇ ਬੰਦਿਆਂ ਦਾ ਕਹਿਣਾ ਹੈ ਕਿ ਭਾਈ ਢੱਡਰੀਆਂਵਾਲਿਆਂ ਵੱਲੋਂ ਟਕਸਾਲ ਮੁਖੀ ਖ਼ਿਲਾਫ਼ ਗਲਤ ਅਤੇ ਭੜਕਾਊ ਬਿਆਨਬਾਜ਼ੀ ਕੀਤੀ ਗਈ ਜੋ ਹਮਲੇ ਦਾ ਕਾਰਨ ਬਣੀ। 

ਸੁਖਵਿੰਦਰ ਸਿੰਘ ਸੋਨੀ, ਜੋ ਜਨਮ ਤੋਂ ਹੀ ਟਕਸਾਲ ਵਿੱਚ ਰਹਿੰਦਾ ਹੈ, ਦਾ ਕਹਿਣਾ ਹੈ ਕਿ ਸੰਸਥਾ ਦੇ ਮੁਖੀ ਨੂੰ ਜਦੋਂ ਅਸੀਂ ਆਪਣੇ ਪਿਤਾ ਸਮਾਨ ਮੰਨਦੇ ਹਾਂ ਤਾਂ ਉਸ ਦੀ ਨੁਕਤਾਚੀਨੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿਅਕਤੀਆਂ ਨੇ ਮੰਨਿਆ ਕਿ ਟਕਸਾਲ ਵਿਚਲੇ ਸਾਰੇ ਵਾਹਨ ਬਾਬਾ ਹਰਨਾਮ ਸਿੰਘ ਦੇ ਨਾਮ ’ਤੇ ਹੀ ਰਜਿਸਟਰਡ ਹੁੰਦੇ ਹਨ ਅਤੇ ਸੰਸਥਾ ਵਿਚਲਾ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਚਲਾ ਸਕਦਾ ਹੈ।

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹੋਏ ਹਮਲੇ ਵਿੱਚ ਦਮਦਮੀ ਟਕਸਾਲ ਦਾ ਨਾਂ ਆਉਣ ਮਗਰੋਂ ਪਹਿਲੀ ਵਾਰ ਜਥੇਬੰਦੀ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਟਕਸਾਲ ਦੇ ਸਿੰਘਾਂ ਨੂੰ ਨਜਾਇਜ਼ ਤੌਰ ’ਤੇ ਚੁੱਕਿਆ ਗਿਆ ਹੈ। ਬਾਬਾ ਧੁੰਮਾ ਵੱਲੋਂ ਅੱਜ ਮਹਿਤਾ ਸਥਿਤ ਟਕਸਾਲ ਦੇ ਹੈੱਡ ਕੁਆਰਟਰ ’ਤੇ ਪੱਤਰਕਾਰ ਸੰਮੇਲਨ ਸੱਦਿਆ ਗਿਆ ਸੀ ਪਰ ਐਨ ਆਖਰੀ ਮੌਕੇ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਉਂਜ ਉਨ੍ਹਾਂ ਜ਼ਰੂਰ ਆਖਿਆ ਕਿ ਉਹ ਜਲਦੀ ਮੀਡੀਆ ਵਿੱਚ ਸਮੁੱਚੇ ਮਾਮਲੇ ਦਾ ਖ਼ੁਲਾਸਾ ਕਰਨਗੇ।

ਭਾਈ ਢੱਡਰੀਆਂਵਾਲਿਆਂ ਉਪਰ ਹਮਲਾ ਕਰਨ ਦੇ ਦੋਸ਼ ਹੇਠ ਫੜੇ ਗਏ ਚਾਰ ਹੋਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ 24 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਦੌਰਾਨ ਅਦਾਲਤ ’ਚ ਪਹਿਲਾਂ ਤੋਂ ਮੌਜੂਦਾ ਦਮਦਮੀ ਟਕਸਾਲ ਦੇ ਸਮਰਥਕਾਂ ਨੇ ਮੁਲਜ਼ਮਾਂ ਉੱਤੇ ਫੁੱਲ ਸੁੱਟ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸੰਤ ਸਮਾਜ ਨਾਲ ਜੁੜੇ ਚਰਨਜੀਤ ਸਿੰਘ ਨੇ 25 ਤੋਂ ਵੱਧ ਸਮਰਥਕਾਂ ਨਾਲ ਪ੍ਰਦਰਸ਼ਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version