Site icon Sikh Siyasat News

ਬੀਬੀ ਸਿੱਧੂ ਦਾ ਦਾਅਵਾ: ਲਾਲ ਬੱਤੀ ਵਾਹਨਾਂ ‘ਚ ਨਸ਼ਿਆਂ ਦੀ ਸਪਲਾਈ; ਭਾਜਪਾ ਸਪੱਸ਼ਟੀਕਰਨ ਦੇਵੇ: ਆਪ

ਚੰਡੀਗੜ੍ਹ: ਪੰਜਾਬ ‘ਚ ਲਾਲ ਬੱਤੀ ਵਾਲੇ ਵਾਹਨਾਂ ‘ਚ ਨਸ਼ਿਆਂ ਦੀ ਸਪਲਾਈ ਹੋਣ ਬਾਰੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਇੰਕਸ਼ਾਫਾਂ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ‘ਆਮ ਆਦਮੀ ਪਾਰਟੀ’ (ਆਪ) ਨੇ ਅੱਜ ਕਿਹਾ ਹੈ ਕਿ ਇਸ ਮਾਮਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਫ਼ਾਈ ਦੇਣੀ ਚਾਹੀਦੀ ਹੈ ਅਤੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸਿੱਧੂ ਨੇ ਆਪਣੀ ਖ਼ੁਦ ਦੀ ਹੀ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਹਾਲੇ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਕੋਈ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵਾਂ ਨੂੰ ਇਸ ਮੁੱਦੇ ‘ਤੇ ਸਫ਼ਾਈ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਸਿਆਸੀ ਆਗੂਆਂ ਦੇ ਨਾਂਅ ਜੱਗ ਜ਼ਾਹਿਰ ਕਰਨੇ ਚਾਹੀਦੇ ਹਨ, ਜਿਨ੍ਹਾਂ ਦੀਆਂ ਲਾਲ ਬੱਤੀਆਂ ਵਾਲੇ ਵਾਹਨਾਂ ਵਿੱਚ ਨਸ਼ੇ ਸਪਲਾਈ ਹੋ ਰਹੇ ਹਨ।

ਇੱਥੇ ਵਰਣਨਯੋਗ ਹੈ ਕਿ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸ਼ੁੱਕਰਵਾਰ ਨੂੰ ਕਿਹਾ ਸੀ,”ਪੰਜਾਬ ਦੇ ਕੁੱਝ ਆਗੂ ਨਸ਼ੇ ਸਪਲਾਈ ਕਰਨ ਲਈ ਲਾਲ ਬੱਤੀਆਂ ਵਾਲੇ ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਇਹ ਲਾਲ ਬੱਤੀਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਐਵੇਂ ਹੀ ਐਰੇ-ਗ਼ੈਰਿਆਂ ਨੂੰ ਜਾਰੀ ਕੀਤੀਆਂ ਗਈਆਂ ਹਨ।”

ਮਾਨ ਨੇ ਕਿਹਾ ਕਿ ਭਾਵੇਂ ਸਮੁੱਚਾ ਪੰਜਾਬ ਜਾਣਦਾ ਹੈ ਕਿ ਅਕਾਲੀਆਂ ਦੇ ਉਹ ‘ਐਰੇ-ਗ਼ੈਰੇ’ ਕੌਣ ਹੈ, ਪਰ ਇਹ ਬਿਹਤਰ ਰਹੇਗਾ, ਜੇ ਉਹ ਘੋੜਿਆਂ (ਸੁਖਬੀਰ ਬਾਦਲ) ਦੇ ਮੂੰਹ ‘ਚੋਂ ਸੁਣਨ ਨੂੰ ਮਿਲਣ।

ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ‘ਮਨ ਕੀ ਬਾਤ’ ਵਿੱਚ ਨਸ਼ਿਆਂ ਦੀ ਸਮੱਸਿਆ ਉੱਤੇ ਆਪਣੀ ਚਿੰਤਾ ਪ੍ਰਗਟਾਈ ਸੀ ਪਰ ਹੁਣ ਪੰਜਾਬ ਵਿੱਚ ਉਨ੍ਹਾਂ ਦੀ ਪਾਰਟੀ ਆਪਣੇ ਹੀ ਆਗੂ ਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧ ਦੀ ‘ਮਨ ਕੀ ਬਾਤ’ ਉੱਤੇ ਚੁੱਪ ਕਿਉਂ ਹੈ, ਜਿਨ੍ਹਾਂ ਨੇ ਸਿਆਸੀ ਆਗੂਆਂ ਉੱਤੇ ਗੰਭੀਰ ਇਲਜ਼ਾਮ ਲਾਏ ਹਨ।

ਨਸ਼ਿਆਂ ਦੇ ਮੁੱਦੇ ਉੱਤੇ ਭਾਜਪਾ ਦੇ ਦੋਹਰੇ ਮਾਪਦੰਡ ਉਜਾਗਰ ਕਰਦਿਆਂ ਆਮ ਆਦਮੀ ਪਾਰਟੀ ਦੇ ਐਮ.ਪੀ. ਨੇ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਆਗੂ ਇਹ ਕਬੂਲ ਕਰ ਰਹੇ ਹਨ ਕਿ ਨਸ਼ੇ ਇੱਕ ਗੰਭੀਰ ਮੁੱਦਾ ਹੈ ਪਰ ਦੂਜੇ ਪਾਸੇ ਇਸੇ ਮੁੱਦੇ ਉੱਤੇ ਉਹ ਸੂਬਾ ਸਰਕਾਰ ਨੂੰ ‘ਕਲੀਨ ਚਿਟ’ ਦੇ ਰਹੇ ਹਨ ਭਾਵ ‘ਸਾਫ਼ ਬਰੀ’ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version