Site icon Sikh Siyasat News

ਪੁਲਿਸ ਨੇ ਹਾਲੇ ਤੱਕ ਵੀ ਸੁਮੇਧ ਸੈਣੀ ਨੂੰ ਸ਼ਾਮਿਲ ਤਫ਼ਤੀਸ਼ ਹੋਣ ਲਈ ਨਹੀਂ ਕਿਹਾ

ਚੰਡੀਗੜ੍ਹ: ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਖਿਲਾਫ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਪਰਚਾ ਦਰਜ ਹੋਇਆ ਹੈ ਪਰ ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਲੰਘੀ 11 ਮਈ ਨੂੰ ਸੁਮੇਧ ਸੈਣੀ ਨੇ ਮੁਹਾਲੀ ਦੀ ਇੱਕ ਅਦਾਲਤ ਵਿੱਚੋਂ ਅਗਾਊਂ ਜ਼ਮਾਨਤ ਹਾਸਲ ਕਰ ਲਈ।

ਅਦਾਲਤ ਵੱਲੋਂ ਸੁਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਉਸ ਨੂੰ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

ਪਰ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਹਾਲੀ ਤੱਕ ਸੁਮੇਧ ਸੈਣੀ ਨੂੰ ਤਫ਼ਤੀਸ਼ ’ਚ ਸ਼ਾਮਿਲ ਹੋਣ ਲਈ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ।

ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦੇ ਮਾਮਲੇ ਵਿਚ ਪਰਚੇ ਦਾ ਸਾਹਮਣਾ ਕਰ ਰਿਹਾ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ [ਪੁਰਾਣੀ ਤਸਵੀਰ]

ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਕਰਨ ਦੇ ਮਾਮਲੇ ਵਿੱਚ ਦਰਜ ਹੋਏ ਪਰਚੇ ਦੀ ਤਫ਼ਤੀਸ਼ ਕਰਨ ਲਈ ਇੱਕ ਤਿੰਨ ਮੈਂਬਰੀ ਜਾਂਚ ਦਲ ਬਣਾਇਆ ਹੈ ਜਿਸ ਵਿੱਚ ਐਸ.ਪੀ. ਇਨਵੈਸਟੀਗੇਸ਼ਨ ਹਰਮਨਦੀਪ ਸਿੰਘ ਹਾਂਸ, ਡੀ.ਐੱਸ.ਪੀ. ਇਨਵੈਸਟੀਗੇਸ਼ਨ ਬਿਕਰਮਜੀਤ ਸਿੰਘ ਬਰਾੜ ਅਤੇ ਮਟੌਰ ਥਾਣੇ ਦੇ ਐਸ.ਐਚ.ਓ. ਰਾਜੀਵ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ ਹੈ।

ਦੂਜੇ ਪੁਲਿਸ ਵਾਲਿਆਂ ਦੀ ਗ੍ਰਿਫ਼ਤਾਰੀ ਵੀ ਨਹੀਂ ਕੀਤੀ ਜਾ ਰਹੀ:

ਭਾਵੇਂ ਕਿ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਵਿੱਚ ਸੁਮੇਧ ਸੈਣੀ ਨੇ ਅਗਾਊਂ ਜ਼ਮਾਨਤ ਹਾਸਲ ਕਰ ਲਈ ਹੈ ਪਰ ਇਸ ਮਾਮਲੇ ਵਿੱਚ ਸ਼ਾਮਲ ਹੋਰਨਾਂ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਵੀ ਪੰਜਾਬ ਪੁਲੀਸ ਵੱਲੋਂ ਨਹੀਂ ਕੀਤੀ ਜਾ ਰਹੀ।

ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਾ ਰਹੀ ਢਿੱਲ-ਮੱਠ ਇਸ ਮਾਮਲੇ ਵਿੱਚ ਉੱਪਰੋਂ ਪੈ ਰਹੇ ਸੰਭਾਵੀ ਦਬਾਅ ਵੱਲ ਇਸ਼ਾਰਾ ਕਰਦੀ ਹੈ ਕਿਉਂਕਿ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਸੁਮੇਧ ਸੈਣੀ ਨੂੰ ਬਿਪਰਵਾਦੀ ਦਿੱਲੀ ਸਾਮਰਾਜ ਅਤੇ ਪੰਜਾਬ ਵਿਚਲੇ ਸੂਬੇਦਾਰੀ ਵਾਲੇ ਸਿਆਸਦਾਨਾਂ ਦੀ ਪੁਸ਼ਤ ਪਨਾਹੀ ਹਾਸਲ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version