ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦਰਮਿਆਨ ਛਿੜੇ ਵਿਵਾਦ ਦੇ ਹੱਲ ਕਰਨ ਲਈ ਅੱਗੇ ਆਉਣ ਲਈ ਕਿਹਾ ਹੈ। ਚੰਡੀਗੜ੍ਹ ’ਚ ਮੱਕੜ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਦੋਹਾਂ ਧਾਰਮਿਕ ਸ਼ਖ਼ਸੀਅਤਾਂ ਵਿਚਾਲੇ ਛਿੜੇ ਵਿਵਾਦ ’ਤੇ ਚਿੰਤਾ ਪ੍ਰਗਟਾਈ।
ਸੂਤਰਾਂ ਮੁਤਾਬਕ ਮੱਕੜ ਨੇ ਕਿਹਾ ਕਿ ਭਾਈ ਢੱਡਰੀਆਂਵਾਲਿਆਂ ਨਾਲ ਤਾਂ ਹਾਲ ਹੀ ’ਚ ਮੀਟਿੰਗ ਕੀਤੀ ਗਈ ਸੀ ਤੇ ਉਨ੍ਹਾਂ ਕੁੱਝ ਗੱਲਾਂ ਧਿਆਨ ’ਚ ਲਿਆਂਦੀਆਂ ਹਨ। ਉਹ ਜਲਦੀ ਬਾਬਾ ਧੁੰਮਾ ਨਾਲ ਮੀਟਿੰਗ ਕਰਕੇ ਵਿਵਾਦ ਦਾ ਸੁਖਾਵਾਂ ਹੱਲ ਲੱਭਣ ਦਾ ਯਤਨ ਕਰਨਗੇ।
ਦੱਸਣਯੋਗ ਹੈ ਕਿ ਭਾਈ ਢੱਡਰੀਆਂਵਾਲਿਆਂ ਨੇ ਇਸ ਹਮਲੇ ਦੀ ਸੀਬੀਆਈ ਜਾਂਚ ਮੰਗੀ ਹੈ ਜਦੋਂ ਕਿ ਬਾਬਾ ਧੁੰਮਾ ਮੁਆਫ਼ੀ ਦੀ ਮੰਗ ਕਰ ਰਿਹਾ ਹੈ। ਇਸ ਨਾਲ ਸਰਕਾਰ ਅਤੇ ਅਕਾਲੀ ਦਲ ਦੀ ਹਾਲਤ ਕਸੂਤੀ ਬਣੀ ਹੋਈ ਹੈ।