ਚੰਡੀਗੜ੍ਹ: ਬਾਦਲ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਲਈ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਬਾਦਲ-ਭਾਜਪਾ ਸਰਕਾਰ ਦੀਆਂ “ਵਿਕਾਸ ਪੱਖੀ ਨੀਤੀਆਂ” ਉੱਤੇ ਮੋਹਰ ਲਾਈ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਤਿੰਨ ਘੰਟੇ ਚੱਲੀ ਮੀਟਿੰਗ ਬਾਰੇ ਪਾਰਟੀ ਦੇ ਬੁਲਾਰੇ ਤੇ ਜਨਰਲ ਸਕੱਤਰ ਹਰਚਰਨ ਬੈਂਸ ਨੇ ਦੱਸਿਆ ਕਿ ਮੀਟਿੰਗ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਲਈ ਰਣਨੀਤੀ ਘੜ ਲਈ ਗਈ ਹੈ।
ਬੈਂਸ ਨੇ ਦੋਸ਼ ਲਾਇਆ ਕਿ ਖ਼ਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਨੇ ਫੁੱਟ ਪਾਉਣ ਅਤੇ ਭੰਬਲਭੂਸਾ ਖੜ੍ਹਾ ਕਰਨ ਦੀ ਸਾਜ਼ਿਸ਼ ਰਚੀ ਹੈ। ਬਾਦਲ ਦਲ ਵਲੋਂ ਇਹ ਦੋਸ਼ ਲਾਇਆ ਗਿਆ ਕਿ ਇਹ ਤਾਕਤਾਂ ਨਵੀਨਤਮ ਤਕਨਾਲੋਜੀ ਤੇ ਸੰਚਾਰ ਸਾਧਨਾਂ ਰਾਹੀਂ ਗੁੰਮਰਾਹਕੁਨ ਪ੍ਰਚਾਰ ਕਰਕੇ ਸਿੱਖ ਭਾਈਚਾਰੇ ਨੂੰ ਕਮਜ਼ੋਰ ਕਰਨ ਅਤੇ ਪੰਜਾਬੀ ਏਕਤਾ ਨੂੰ ਤੋੜਨ ਦੀ ਤਾਕ ਵਿੱਚ ਹਨ। ਮੀਟਿੰਗ ’ਚ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਤੋਤਾ ਸਿੰਘ, ਜਗੀਰ ਕੌਰ, ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ, ਸੇਵਾ ਸਿੰਘ ਸੇਖਵਾਂ, ਨਿਰਮਲ ਸਿੰਘ ਕਾਹਲੋਂ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ ਤੇ ਗੁਲਜ਼ਾਰ ਸਿੰਘ ਰਣੀਕੇ ਹਾਜ਼ਰ ਸਨ।
ਇਸ ਮੌਕੇ ਸੁਖਬੀਰ ਬਾਦਲ ਨੇ ਹਲਕਾ ਖਰੜ ਤੋਂ ਪਾਰਟੀ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਚੋਣਾਂ ਵਿੱਚ ਵਿਰੋਧ ਕਰਨ ਵਾਲੇ 6 ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਪਰਮਜੀਤ ਕੌਰ ਬਡਾਲੀ (ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ), ਮੇਜਰ ਸਿੰਘ ਸੰਗਤਪੁਰਾ (ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ), ਗੁਰਵਿੰਦਰ ਸਿੰਘ ਡੂਮਛੇੜੀ (ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਬਾਦਲ), ਮਨਦੀਪ ਸਿੰਘ ਖਿਜਰਾਬਾਦ (ਉਪ ਚੇਅਰਮੈਨ ਬਲਾਕ ਸਮਿਤੀ ਮਾਜਰੀ), ਸਾਹਿਬ ਸਿੰਘ ਬਡਾਲੀ ਤੇ ਤੇਜਪਾਲ ਸਿੰਘ ਕੁਰਾਲੀ ਨੂੰ ਪਾਰਟੀ ਵਿੱਚੋਂ ਕੱਢਣ ਦੇ ਹੁਕਮ ਦਿੱਤੇ ਹਨ।