ਸਿਆਸੀ ਖਬਰਾਂ » ਸਿੱਖ ਖਬਰਾਂ

ਕੇਂਦਰ ਦੀਆਂ ਸਰਕਾਰਾਂ ਨੇ ਗੈਰ-ਰਾਈਪੇਰੀਅਨ ਰਾਜਾਂ ਨੂੰ ਰਾਏਪੇਰੀਅਨ ਸਿਧਾਂਤ ਅਤੇ ਕਾਨੂੰਨ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁਟਾਇਆ: ਦਲ ਖਾਲਸਾ

March 9, 2016 | By

ਜਲੰਧਰ ( 9 ਫਰਵਰੀ, 2016): ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਮੋਦੀ ਸਰਕਾਰ ਵਲੋਂ ਪੰਜਾਬ-ਵਿਰੋਧੀ ਸਟੈਂਡ ਲੈਣ ਦੀ ਸਖਤ ਮੁਖਾਲਫਤ ਕਰਦਿਆਂ ਕਿਹਾ ਕਿ ਮੁੱਢ ਤੋਂ ਹੀ ਕੇਂਦਰ ਦੀਆਂ ਸਰਕਾਰਾਂ ਨੇ ਗੈਰ-ਰਾਈਪੇਰੀਅਨ ਰਾਜਾਂ ਨੂੰ ਰਾਏਪੇਰੀਅਨ ਸਿਧਾਂਤ ਅਤੇ ਕਾਨੂੰਨ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁਟਾਇਆ ਹੈ।

ਦਰਿਆਈ ਪਾਣੀਆਂ ਦੇ ਭਖਦੇ ਮੁੱਦੇ ਨੂੰ ਵਿਚਾਰਣ ਲਈ ਦੋਨਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀ ਹੈ, ਪਾਣੀਆਂ ਦੀ ਲੁੱਟ ਸਾਰੇ ਨਿਯਮ, ਕਾਨੂੰਨ ਅਤੇ ਸਿਧਾਂਤ ਛਿੱਕੇ ਟੰਗਕੇ ਲੰਮੇ ਸਮੇ ਤੋਂ ਜਾਰੀ ਹੈ ਜਿਸ ਕਾਰਨ ਸੂਬਾ ਪਹਿਲਾਂ ਹੀ ਬੰਜਰ ਬਣਦਾ ਜਾ ਰਿਹਾ ਹੈ।

ਮੀਟਿੰਗ ਦੌਰਾਨ ਇਕੱਤਰ ਸਿੱਖ ਆਗੂ

ਮੀਟਿੰਗ ਦੌਰਾਨ ਇਕੱਤਰ ਸਿੱਖ ਆਗੂ

ਦੋਨਾਂ ਜਥੇਬੰਦੀਆਂ ਦੇ ਬੁਲਾਰੇ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਹੈਰਾਨੀ ਪ੍ਰਗਟ ਕਰਦਿਆਾਂ ਕਿਹਾ ਕਿ ਇਸ ਸੱਭ ਦੇ ਬਾਵਜੂਦ ਅਕਾਲੀ ਦਲ ਦਾ ਭਾਜਪਾ ਪ੍ਰਤੀ ਹੇਜ ਅਜੇ ਵੀ ਕਾਇਮ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਚੋਣ ਵਾਅਦੇ ਤੋਂ ਮੁਕਰਦਿਆਂ ‘ਪੰਜਾਬ ਸਮਝੌਤੇ ਰੱਦ ਕਾਨੂੰਨ ੨੦੦੪’ ਦੀ ਧਾਰਾ ੫ ਨੂੰ ਰੱਦ ਕਰਨ ਦਾ ਵਾਅਦਾ ਵਿਸਾਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਨਾਲ ਆਪਣੀ ਸਿਆਸੀ ਸਾਂਝ ਤੋੜ ਲੈਣੀ ਚਾਹੀਦੀ ਹੈ। ਉਹਨਾਂ ਅਕਾਲੀਆਂ ਉਤੇ ਦੋਗਲੀ ਨੀਤੀ ਦਾ ਇਲਜਾਮ ਲਾਉਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਉਸ ਸਰਕਾਰ ਦਾ ਹਿੱਸਾ ਹੈ ਜੋ ਕਾਂਗਰਸੀ ਸਰਕਾਰਾਂ ਵਾਂਗ, ਪੰਜਾਬ ਦਾ ਪਾਣੀ ਲੁੱਟਣ ਵਿੱਚ ਯਕੀਨ ਰੱਖਦੀ ਹੈ। ਉਹਨਾਂ ਵੱਡੇ ਬਾਦਲ ਸਾਹਿਬ ਦੇ ਗਰਮ-ਗਰਮ ਬਿਆਨ ਕਿ ਉਹ ਪਾਣੀ ਦੀ ਇੱਕ ਬੂੰਦ ਨਹੀ ਪੰਜਾਬ ਵਿੱਚੋ ਜਾਣ ਦੇਣਗੇ ਉਤੇ ਟਿਪਣੀ ਕਰਦਿਆ ਕਿਹਾ ਕਿ ਪੰਜਾਬ ਕੇਵਲ ਇੱਕੋ-ਇੱਕ ਸੂਬਾ ਹੈ ਜਿਸ ਦਾ ੫੦ ਪ੍ਰਤੀਸ਼ਤ ਪਾਣੀ ਗੈਰ-ਰਾਏਪੇਰੀਅਨ ਰਾਜਾਂ ਨੂੰ ਨਜਾਇਜ ਤੌਰ ਉਤੇ ਧੱਕੇ ਨਾਲ ਦਿਤਾ ਜਾ ਰਿਹਾ ਹੈ।

ਉਹਨਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਵਾਂ, ਹੈਡ ਵਰਕਸਾਂ ਅਤੇ ਬਿਜਲਈ ਸੋਮਿਆਂ ਦਾ ਮੁਕੰਮਲ ਅਧਿਕਾਰ ਪੰਜਾਬ ਸਰਕਾਰ ਆਪਣੇ ਹੱਥਾਂ ਵਿੱਚ ਲੈਣ ਲਈ ਕਾਨੂੰਨੀ ਚਾਰਾਜ਼ੋਰੀ ਤੋ ਇਲਾਵਾ ਵਿਧਾਨਿਕ ਹੱਕਾਂ ਦਾ ਇਸਤੇਮਾਲ ਕਰੇ ਅਤੇ *ਪੰਜਾਬ ਸਮਝੌਤੇ ਰੱਦ ਕਾਨੂੰਨ ੨੦੦੪* ਦੀ ਧਾਰਾ ੫ ਨੂੰ ਪੰਜਾਬ ਵਿਧਾਨ ਸਭਾ ਦੇ ਚਲਦੇ ਸੈਸ਼ਨ ਵਿਚ ਰੱਦ ਕਰੇ।

ਉਹਨਾਂ ਕਿਹਾ ਕਿ ਜੇਕਰ ਚੰਗੇ ਗੁਆਂਢੀਆਂ ਵਾਂਗ ਪੰਜਾਬ ਨੇ ਦੂਜੇ ਰਾਜਾਂ ਨੂੰ ਪਾਣੀ ਦੇਣਾ ਹੀ ਹੈ ਤਾਂ ਫਿਰ ਉਹਨਾਂ ਸੂਬਿਆਂ ਤੋਂ ਪਾਣੀਆਂ ਦੇ ਇਵਜ ਵਜੋਂ ਰਾਇਲਟੀ ਵਸੂਲੀ ਜਾਵੇ ।  ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਧ-ਚੜ੍ਹ ਕੇ ਗਰਮਾ-ਗਰਮ ਬਿਆਨ ਦੇ ਰਹੇ ਹਨ ਕਿ ਉਹ ਪਾਣੀਆਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹਨ। ਉਹਨਾਂ ਕਿਹਾ ਕਿ ਪਰ ਦੋਨੋ ਆਗੂਆਂ ਦੇ ਬਿਆਨਾਂ ਵਿੱਚੋਂ ਐਕਸ਼ਨ ਪ੍ਰੋਗਰਾਮ ਦੀ ਕਮੀ ਸਾਫ ਝਲਕ ਰਹੀ ਹੈ ।

 ਉਹਨਾ ਕਿਹਾ ਕਿ ਪਾਣੀਆਂ ਦੀ ਲੁੱਟ ਬਾ-ਦਸਤੂਰ ਜਾਰੀ ਹੈ ਅਤੇ ਇਸਨੂੰ ਰੋਕਣ ਲਈ ਸਾਰਾ ਪੰਜਾਬ ਇਕਜੁੱਟ ਹੋਵੇ। ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਆਪਣਾ ਦੋਗਲਾਪਣ ਛੱਡਕੇ ਸੂਬੇ ਦੇ ਹਿੱਤਾਂ ਵਿੱਚ ਖਲੋਣ ਅਤੇ ਹਰ ਸੰਜੀਦਾ ਮਸਲੇ ਨੂੰ ੨੦੧੭ ਦੀਆਂ ਚੋਣਾਂ ਦੀ ਐਨਕ ਤੋਂ ਵੇਖਣ ਦੀ ਕੁਤਾਈ ਨਾ ਕਰਨ।
ਇਸ ਮੀਟਿੰਗ ਵਿੱਚ ਭਾਈ ਦਲਜੀਤ ਸਿੰਘ, ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖਡੂਰ, ਮਨਧੀਰ ਸਿੰਘ, ਡਾ ਮਨਜਿੰਦਰ ਸਿੰਘ ਜੰਡੀ, ਗੁਰਮੀਤ ਸਿੰਘ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,