ਪਟਿਆਲਾ (28 ਮਈ, 2011): “ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ ਬਰਕਰਾਰ ਰੱਖਣ ਨਾਲ ਭਾਰਤ ਸਰਕਾਰ ਨੇ ਸਿੱਖਾਂ ਨਾਲ ਵਧੀਕੀਆਂ ਦਾ ਨਵਾਂ ਦੌਰ ਸ਼ੁਰੂ ਕੀਤਾ ਹੈ ਅਤੇ ਘੱਟਗਿਣਤੀ ਕੌਮਾਂ ਪ੍ਰਤੀ ਭਾਰਤ ਸਰਕਾਰ ਦੇ ਪੱਖਪਾਤੀ ਵਤੀਰੇ ਦੀ ਇਹ ਸਭ ਤੋਂ ਤਾਜਾ ਮਿਸਾਲ ਹੈ।” ਇਨ੍ਹਾਂ ਵਿਚਾਰਾਂ ਰਾਹੀਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਪਤਿਭਾ ਪਾਟਿਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਉੱਤੇ ਕਰੜਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਫੈਡਰੇਸ਼ਨ ਦੇ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਕਰਕੇ ਨਾ ਸਿਰਫ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਬਲਕਿ ਸਿੱਖ ਚੇਤਨਾ ਉੱਤੇ ਨਵਾਂ ਜ਼ਖਮ ਵੀ ਉਭਾਰਿਆ ਹੈ।
ਉਨ੍ਹਾਂ ਇਸ ਸੰਬੰਧ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਬਿਆਨਾਂ ਉੱਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਮੂਹ ਸਿੱਖ ਧਿਰਾਂ ਨੂੰ ਆਪਸੀ ਵਖਰੇਵੇਂ ਛੱਡ ਕੇ ਇਸ ਮਸਲੇ ਨੂੰ ਸਾਂਝੇ ਕੌਮੀ ਕਾਰਜ ਵਾਙ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਦਾ ਮਸਲਾ ਕਿਸੇ ਇਕੱਲੇ ਸਿੱਖ ਦੀ ਫਾਂਸੀ ਦਾ ਮਸਲਾ ਨਹੀਂ ਹੈ ਬਲਕਿ ਇਸ ਨਾਲ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ 30 ਮਈ ਨੂੰ ਸਰਾਭਾ ਨਗਰ ਲੁਧਿਆਣਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੀ ਇਕੱਤਰਤਾ ਵਿਚ ਹਿੱਸਾ ਲਵੇਗੀ। ਫੈਡਰੇਸ਼ਨ ਆਗੂਆਂ ਨੇ ਸਮੂਹ ਸਿੱਖ ਧਿਰਾਂ ਨੂੰ 30 ਮਈ ਦੀ ਇਕੱਤਰਤਾ ਵਿਚ ਪਹੁੰਚਣ ਲਈ ਕਿਹਾ ਹੈ ਤਾਂ ਕਿ ਪ੍ਰੋ. ਭੁੱਲਰ ਦੀ ਫਾਂਸੀ ਰੁਕਵਾਉਣ ਲਈ ਠੋਸ ਰਣਨੀਤੀ ਉਲੀਕੀ ਜਾ ਸਕੇ।