ਫਤਹਿਗੜ੍ਹ ਸਾਹਿਬ: ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਬੀਤੇ ਦਿਨੀਂ ਮੀਡੀਆ ਵਿਚ ਦਿੱਤੇ ਬਿਆਨ, ਜਿਸ ਵਿਚ ਉਹਨਾਂ ਨੇ ਐਸ.ਜੀ.ਪੀ.ਸੀ. ਵੱਲੋਂ ਚਲਾਏ ਜਾ ਰਹੇ ਵਿੱਦਿਅਕ ਅਦਾਰਿਆਂ ਉਪਰ ਮੁਨਾਫਾ ਕਮਾਉਣ ਅਤੇ ਵੱਧ ਫੀਸਾਂ ਵਸੂਲਣ ਦਾ ਦੋਸ਼ ਲਾਇਆ ਸੀ, ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਖੰਡਨ ਕੀਤਾ ਹੈ। ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਬਿਆਨ ਵਿਚ ਯੂਨੀਵਰਸਿਟੀ ਨੇ ਵਿਧਾਇਕ ਨਾਗਰਾ ਦੇ ਇਸ ਕਥਨ ਨੂੰ ਨਿਰਆਧਾਰ ਅਤੇ ਤੱਥਾਂ ਤੋਂ ਪਰੇ ਦੱਸਿਆ ਹੈ।
ਯੂਨੀਵਰਸਿਟੀ ਨੇ ਜਾਰੀ ਕੀਤੇ ਆਪਣੇ ਬਿਆਨ ਵਿਚ ਦੱਸਿਆ ਕਿ ਪੰਜਾਬ ਦੀਆਂ ਹੋਰਨਾਂ ਨਿੱਜੀ ਯੂਨੀਵਰਸਿਟੀਆਂ ਦੇ ਮੁਕਾਬਲੇ ਐਸ.ਜੀ.ਪੀ.ਸੀ. ਵੱਲੋਂ ਚਲਾਈ ਜਾ ਰਹੀ ਇਸ ਯੂਨੀਵਰਸਿਟੀ ਵਿਚ ਉਚੇਰੀ ਵਿੱਦਿਆ ਬਹੁਤ ਹੀ ਵਾਜਬ ਫੀਸਾਂ ’ਤੇ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਾਸਪੈਕਟਾਂ ਦਾ ਮੁਲਾਂਕਣ ਕਰ ਕੇ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸਾਰੇ ਕੋਰਸਾਂ ਵਿਚ 10 ਪ੍ਰਤੀਸ਼ਤ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਤੋਂ ਛੋਟ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਸ਼ਮੀਰ ਤੋਂ ਆਈਆਂ ਸਿੱਖ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਵੱਲੋਂ ਮੁਫ਼ਤ ਵਿਦਿਆ ਦੇ ਨਾਲ-ਨਾਲ ਹੋਸਟਲ ਅਤੇ ਮੈੱਸ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਯੂਨੀਵਰਸਿਟੀ ਵੱਲੋਂ ਦਿੱਤੇ ਜਾਣ ਵਾਲੇ ਵੱਖ-ਵੱਖ ਵਜ਼ੀਫਿਆਂ ਦਾ ਵੇਰਵਾ ਯੂਨੀਵਰਸਿਟੀ ਦੀ ਵੈਬ ਸਾਈਟ ’ਤੇ ਉਪਲਬਧ ਹੈ। ਯੂਨੀਵਰਸਿਟੀ ਅਧਿਕਾਰੀਆਂ ਦੇ ਮੁਤਾਬਕ ਸਮਾਜ ਦੇ ਹਰ ਵਰਗ ਨੂੰ ਵਿਸ਼ਵ ਪੱਧਰੀ ਉਚੇਰੀ ਵਿਦਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵਚਨਬਧ ਹੈ ਅਤੇ ਨਾਗਰਾ ਦਾ ਇਹ ਕਹਿਣਾ ਕਿ ਯੂਨੀਵਰਸਿਟੀ ਇਸ ਨੇਕ ਕੰਮ ਰਾਹੀਂ ਮੁਨਾਫਾ ਕਮਾ ਰਹੀ ਹੈ, ਬਿਲਕੁਲ ਨਿਰਮੂਲ ਹੈ। ਦੱਸਣਯੋਗ ਹੈ ਕਿ ਯੂਨੀਵਰਸਿਟੀ ਨੂੰ ਹਰ ਸਾਲ ਐਸ.ਜੀ.ਪੀ.ਸੀ. ਵੱਲੋਂ ਉੁਸਾਰੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦੇ ਕੰਮਾਂ ਲਈ 8-10 ਕਰੋੜ ਰੁਪਏ ਦੀ ਮਾਲੀ ਸਹਾਇਤਾ ਮਿਲਦੀ ਹੈ।
ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅਤੇ ਗਿਆਨ ਨਾਲ ਜੋੜਨ ਲਈ ਯੂਨੀਵਰਸਿਟੀ ਵੱਲੋਂ ਤਿੰਨ ਖੋਜ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਖੇਤਰ ਵਿਚ ਖੇਡਾਂ ਦੇ ਪ੍ਰਚਾਰ ਲਈ ਲੜਕੀਆਂ ਦੀ ਹਾਕੀ ਅਕੈਡਮੀ ਸ਼ੁਰੂ ਕੀਤੀ ਗਈ ਹੈ। ਪਿਛਲੇ ਦੋ ਸਾਲਾਂ ਵਿਚ ਇਸ ਅਕੈਡਮੀ ਨੇ ਜੂਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਅਤੇ ਨਹਿਰੂ ਗੋਲਡ ਕੱਪ ਵਰਗੇ ਹਾਕੀ ਮੁਕਾਬਲਿਆਂ ਨੂੰ ਜਿੱਤ ਕੇ ਆਪਣੀ ਇਕ ਅਲੱਗ ਪਹਿਚਾਣ ਬਣਾਈ ਹੈ। ਹਾਕੀ ਅਕੈਡਮੀ ਦੀਆਂ ਇਨ੍ਹਾਂ ਖਿਡਾਰਨਾਂ ਨੂੰ ਯੂਨੀਵਰਸਿਟੀ ਵੱਲੋਂ ਮੁਫਤ ਵਿਦਿਆ ਦੇ ਨਾਲ-ਨਾਲ ਮੁਫਤ ਖਾਣੇ, ਵਰਦੀ, ਹਾਕੀ ਕਿੱਟਾਂ ਅਤੇ ਹੋਸਟਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ। ਟੀਚਿੰਗ ਤੋਂ ਇਲਾਵਾ ਯੂਨੀਵਰਸਿਟੀ ਨੇ ਖੋਜ ਦੇ ਖੇਤਰ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ 11 ਪ੍ਰਮੁੱਖ ਪ੍ਰਾਜੈਕਟਾਂ ’ਤੇ ਕੰਮ ਕਰਨ ਲਈ ਗਰਾਂਟ ਦਿੱਤੀ ਗਈ ਹੈ।
ਯੂਨੀਵਰਸਿਟੀ ਅਧਿਕਾਰੀਆਂ ਨੇ ਨਾਗਰਾ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਅਤੇ ਐਸ.ਜੀ.ਪੀ.ਸੀ. ਦੇ ਹੋਰ ਵਿਦਿਅਕ ਅਦਾਰਿਆਂ ਨੂੰ ਸਿਆਸੀ ਬਿਆਨਬਾਜ਼ੀ ਵਿਚ ਨਾ ਘੜੀਸਣ ਕਿਉਂਕਿ ਯੂਨੀਵਰਸਿਟੀ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਮੌਜੂਦ ਐਸ.ਜੀ.ਪੀ.ਸੀ. ਦੇ ਵਿਦਿਅਕ ਅਦਾਰੇ ਉਤਰ ਭਾਰਤ ਵਿਚ ਆਪਣੀ ਉਚ ਪੱਧਰੀ ਵਿਦਿਆ ਅਤੇ ਵਿਸ਼ਵ ਪੱਧਰੀ ਸਹੂਲਤਾਂ ਲਈ ਜਾਣੇ ਜਾਂਦੇ ਹਨ। ਯੂਨੀਵਰਸਿਟੀ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਦੇ ਲਗਭਗ 10 ਰਾਜਾਂ ਤੋਂ ਵਿਦਿਆਰਥੀ ਇਸ ਯੂਨੀਵਰਸਿਟੀ ਵਿਚ ਵਿਦਿਆ ਪ੍ਰਾਪਤ ਕਰ ਰਹੇ ਹਨ ਅਤੇ ਉਹਨਾਂ ਉਮੀਦ ਜਤਾਈ ਕਿ ਵਿਧਾਇਕ ਨਾਗਰਾ ਅਜਿਹੀ ਬਿਆਨਬਾਜ਼ੀ ਤੋਂ ਭਵਿੱਖ ਵਿਚ ਗੁਰੇਜ਼ ਕਰਨਗੇ।