ਬੀਤੇ ਦਿਨੀਂ ਨਾਗਾ ਪੀਪਲਜ਼ ਮੂਵਮੈਂਟ ਫਾਰ ਹਿਊਮਨ ਰਾਈਟਸ ਵੱਲੋਂ ਨਾਗਾ-ਇੰਡੀਆ ਅਮਨ ਵਾਰਤਾ ਵਿੱਚ ਆਈ ਖੜੋਤ ਬਾਰੇ ਦਿੱਲੀ ਵਿਖੇ ਇੱਕ ਖਾਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਤਾਮਿਲਾਂ ਤੇ ਸਿੱਖਾਂ ਸਮੇਤ ਹੋਰਨਾਂ ਭਾਈਚਾਰਿਆਂ ਦੀਆਂ ਚੋਣਵੀਆਂ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ ਗਈ। ਇਸ ਕਾਨਫਰੰਸ ਵਿੱਚ ਬੋਲਣ ਦਾ ਸੱਦਾ ਮਿਲਣ ਉੱਤੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਇਸ ਮਸਲੇ ਉੱਤੇ ਨਜ਼ਰੀਆ ਸਾਂਝਾ ਕੀਤਾ ਗਿਆ। ਉਹਨਾ ਨਾਗਾ ਕੌਮ ਦੇ ਸੰਘਰਸ਼ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਅਸੀਂ ਨਾਗਾ ਲੋਕਾ ਦੀ ਆਪਣੀ ਅਜ਼ਾਦੀ ਅਤੇ ਸਵੈਮਾਣ ਦੀ ਜੱਦੋਜਹਿਦ ਦੀ ਹਿਮਾਇਤ ਕਰਦੇ ਹਾਂ। ਉਹਨਾ ਕਿਹਾ ਕਿ ਬੀਤੇ ਸੱਤਰ ਸਾਲਾਂ ਦੌਰਾਨ ਦੋਵੇਂ ਪਾਸੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਪਰ ਫਿਰ ਵੀ ਜਿਸ ਸਦੀਵੀ ਅਮਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਧਰੇ ਨਜ਼ਰੀ ਨਹੀਂ ਪੈ ਰਿਹਾ ਜਿਸ ਕਰਕੇ ਜਰੂਰ ਹੈ ਕਿ ਅਸੀਂ ਦਿੱਲੀ ਦਰਬਾਰ ਦੀ ਤਾਸੀਰ ਨੂੰ ਸਮਝੀਏ ਕਿ ਆਖਿਰ ਕਿਉਂ ਇਹ ਲੋਕਾਂ ਦੀਆਂ ਸਵੈਮਾਣ ਅਤੇ ਅਜ਼ਾਦੀ ਦੀਆਂ ਭਾਵਨਾਵਾਂ ਵੱਲ ਗੌਰ ਨਹੀਂ ਕਰਦਾ।