Site icon Sikh Siyasat News

ਸੋਨੀਆ ਗਾਂਧੀ ਨੇ ਰਚੀ ਸਿੱਖਾਂ ਵਿੱਚ ਵੰਡ ਪਾਉਣ ਦੀ ਸਾਜ਼ਿਸ: ਸੁਖਬੀਰ

ਚੰਡੀਗੜ੍ਹ (13 ਜੁਲਾਈ 2014): ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਮਸਲੇ ‘ਤੇ ਹੁੱਡਾ ਸਰਕਰ ਦੀ ਦਖਲ ਅੰਦਾਜ਼ੀ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿੱਖਾਂ ਨੂੰ ਵੰਡ ਕੇ ਖਿੱਤੇ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਰਚੀ ਗਈ ਸਾਜ਼ਿਸ਼ ਖ਼ਿਲਾਫ਼ ਸਿੱਖ ਕੌਮ ਦੇ ਆਗੂਆਂ ਦਾ ਵਫ਼ਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਜਿੱਥੇ ਵਫ਼ਦ ਸੋਨੀਆ ਗਾਂਧੀ ਵੱਲੋਂ ਰਚੀ ਗਈ ਸਾਜ਼ਿਸ਼ ਬਾਰੇ ਰਾਸ਼ਟਰਪਤੀ ਨੂੰ ਜਾਣੂ ਕਰਵਾਏਗਾ, ਉੱਥੇ ਇਹ ਮੰਗ ਵੀ ਕੀਤੀ ਜਾਵੇਗੀ ਕਿ ਸਿੱਖ ਕੌਮ ਦੇ ਮਸਲਿਆਂ ਵਿੱਚ ਕਿਸੇ ਨੂੰ ਵੀ ਦਖ਼ਲਅੰਦਾਜ਼ੀ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਮੇਂ-ਸਮੇਂ ’ਤੇ ਅੰਜਾਮ ਦਿੱਤੀਆਂ ਗਈਆਂ ਕਾਰਵਾਈਆਂ ਜਿਵੇਂ 84 ਸਿੱਖ ਨਸਲਕੁਸ਼ੀ ਤੇ ਸਾਕਾ ਨੀਲਾ ਤਾਰਾ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਜਾਵੇਗਾ।

 ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਵੱਲੋਂ ਹਰਿਆਣਾ ਸਥਿਤ ਗੁਰਧਾਮਾਂ ਨੂੰ ਆਪਣੇ ਏਜੰਟਾਂ ਦੇ ਹੱਥਾਂ ਵਿੱਚ ਦੇਣ ਦੀ ਚਾਲ ਚੱਲੀ ਗਈ ਹੈ ਅਤੇ ਵਫ਼ਦਾਂ ਕੋਲੋਂ ਜਾਅਲੀ ਦਸਤਖ਼ਤਾਂ ਵਾਲੇ ਮੰਗ ਪੱਤਰ ਲੈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਬਿੱਲ ਦੀ ਨੀਂਹ ਹੀ ਨਹੀਂ ਹੈ, ਉਸ ਨੂੰ ਵਿਧਾਨ ਸਭਾ ਵੱਲੋਂ ਪਾਸ ਕਰਨਾ ਗ਼ੈਰਕਾਨੂੰਨੀ ਹੈ।

ਇਹ ਮੰਦਭਾਗਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ ਕਿ ਉਸ ਕੋਲ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਹੱਕ ਹੈ ਜਦਕਿ ਜਿੰਨੀ ਦੇਰ ਤਕ ਕੇਂਦਰ ਤੇ ਰਾਸ਼ਟਰਪਤੀ ਇਸ ਨੂੰ ਮਨਜ਼ੂਰੀ ਨਹੀਂ ਦੇ ਦਿੰਦੇ, ਹਰਿਆਣਾ ਵਿਧਾਨ ਸਭਾ ਕੋਲ ਅਜਿਹੀ ਕੋਈ ਸੰਵਿਧਾਨਕ ਸ਼ਕਤੀ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version