Site icon Sikh Siyasat News

ਜਿੱਤ ਦੇ ਨਿਸ਼ਾਨ

ਦਿੱਲੀ ਤੇ ਸ਼ੇਰ ਚੜ੍ਹੇ ਨੇ,
ਜਿੱਤਾਂ ਨਾਲ ਪਰਤਣਗੇ।
ਆਢਾ ਹੈ ਨਾਲ ਜੁਲਮ ਦੇ,
ਸਬਰਾਂ ਨੂੰ ਪਰਖਣਗੇ।
ਮੁੱਢੋਂ ਇੱਕ ਕਥਾ ਕਹਾਣੀ,
ਚਿੜੀਆਂ ਤੇ ਕਾਵਾਂ ਦੀ।
ਖੇਤਾਂ ਵਿੱਚ ਜਾਣਾ ਹੈ ਨ੍ਹੀਂ,
ਰਹਿਣਾ ਵਿੱਚ ਰਾਹਵਾਂ ਹੀ।
ਪਹਿਲਾਂ ਉਨ ਮੱਲਣੇ ਦਾਣੇ,
ਮੁੜਕੇ ਫਿਰ ਥਾਵਾਂ ਵੀ।
ਆਖਰ ਨੂੰ ਚਿੜੀਆਂ ਅੰਦਰ,
ਦਿਲ ਬਾਜਾਂ ਦੇ ਧੜਕਣਗੇ।
ਦਿੱਲੀ ‘ਤੇ ਸ਼ੇਰ ਚੜ੍ਹੇ ਨੇ …
ਨੀਰੋ ਤੇ ਜਨਕ ਰਾਜੇ ਵਿੱਚ,
ਵਿੱਥਾਂ ਨੇ ਦੀਆਂ।
ਦਿੱਲੀ ਹਰਣਾਖਸ਼ ਬੈਠੇ,
ਪਰਖਾਂ ਪ੍ਰਹਿਲਾਦ ਦੀਆਂ।
ਰਾਖੀ ਤਾਂ ਨਰਸਿੰਘ ਕਰਨੀ,
ਫ਼ਿਕਰਾਂ ਨਹੀਂ ਬਾਅਦ ਦੀਆਂ।
ਗੁਰੂਆਂ ਦੇ ਹੁਕਮੀਂ ਬੱਧੇ,
ਮੇਘਾਂ ਜਿਉਂ ਗੜ੍ਹਕਣਗੇ।
ਦਿੱਲੀ ਤੇ ਸ਼ੇਰ ਚੜ੍ਹੇ ਨੇ…
ਬਗਲੇ ਬਣ ਆਏ ਵਪਾਰੀ,
ਨੀਅਤ ਹੈ ਲੁੱਟਣ ਦੀ।
ਰਾਜੇ ਨਾਲ ਰਲ ਕੇ ਲੱਗੇ,
ਜੜ੍ਹ ਤੇਰੀ ਪੁੱਟਣ ਜੀ।
ਮਾਲਕ ਮਜਲੂਮ ਬਣਾ ਕੇ,
ਇੱਛਾ ਤਾਂ ਕੁੱਟਣ ਦੀ।
ਖੇਤਾਂ ਵੱਲ ਝਾਕੇ ਕੋਈ,
ਖੰਡੇ ਤਾਂ ਖੜਕਣਗੇ।
ਦਿੱਲੀ ਤੇ ਸ਼ੇਰ ਚੜ੍ਹੇ ਨੇ…
ਝੂਠਾਂ ਦੇ ਝੁੰਡ ਨੇ ਫਿਰਦੇ ,
ਗੰਧਲਾਉਂਦੇ ਢਾਬਾਂ ਨੂੰ।
ਬੋਤਲ ਬੰਦ ਕਰਕੇ ਵੇਚਣ,
ਸਤਲੁਜ ਦੇ ਆਬਾਂ ਨੂੰ।
ਦਿੱਲੀ ਨਾਲ ਲੜਨਾ ਪੈਣੈ
ਆਖਰ ਪੰਜਾਬਾਂ ਨੂੰ।
ਸੂਰੇ ਤਾਂ ਸਦਾ ਦਿੱਲੀ ਦੀਆਂ,
ਅੱਖਾਂ ਵਿੱਚ ਰੜਕਣਗੇ।
ਦਿੱਲੀ ਤੇ ਸ਼ੇਰ ਚੜ੍ਹੇ ਨੇ,
ਜਿੱਤਾਂ ਨਾਲ ਪਰਤਣਗੇ।
ਆਢਾ ਹੈ ਨਾਲ ਜ਼ੁਲਮ ਦੇ,
ਸਬਰਾਂ ਨੂੰ ਪਰਖਣਗੇ।
ਸਿਕੰਦਰ ਸਿੰਘ 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. 
ਫਤਹਿਗੜ੍ਹ ਸਾਹਿਬ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version