Site icon Sikh Siyasat News

ਮਲੇਰਕੋਟਲਾ ਦੇ ਸਾਬਕਾ ਵਿਧਾਇਕ ਦੇ ਪੁੱਤਰ ਨਦੀਮ ਖਾਨ ਵੱਲੋਂ ਬਾਦਲ ਦਲ ਦੀ ਜਨਰਲ ਕੌਂਸਲ ਤੋਂ ਅਸਤੀਫ਼ਾ

ਮਲੇਰਕੋਟਲਾ: ਬਾਦਲ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਨਦੀਮ ਖਾਨ ਨੇ ਟਿਕਟਾਂ ਦੀ ਵੰਡ ਮੌਕੇ ਵਫ਼ਾਦਾਰ ਆਗੂਆਂ ਅਤੇ ਵਰਕਰਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਦੋਸ਼ ਲਾਉਂਦਿਆਂ ਬਾਦਲ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਨਦੀਮ ਖਾਨ (ਫਾਈਲ ਫੋਟੋ)

ਸੁਖਬੀਰ ਬਾਦਲ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਨਦੀਮ ਖਾਨ ਨੇ ਕਿਹਾ ਹੈ ਕਿ ਉਸ ਦੇ ਪਿਤਾ ਮਰਹੂਮ ਹਾਜ਼ੀ ਅਨਵਾਰ ਅਹਿਮਦ ਖਾਨ ਨੇ 1970 ਵਿੱਚ ਗੁਰਦੁਆਰਾ ਸੀਸ ਗੰਜ ਨੂੰ ਆਜ਼ਾਦ ਕਰਾਉਣ ਦੀ ਮੂਵਮੈਂਟ ਵੇਲੇ, ਧਰਮ ਯੁੱਧ ਮੋਰਚੇ ਦੌਰਾਨ ਅਤੇ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਵੇਲੇ ਅਮ੍ਰਿੰਤਸਰ ਵਿਖੇ ਜੇਲ੍ਹਾਂ ਕੱਟੀਆਂ। 1977 ਵਿੱਚ ਮਾਲੇਰਕੋਟਲਾ ਤੋਂ ਵਿਧਾਇਕ ਬਣ ਕੇ ਹਲਕੇ ਦਾ ਵਿਕਾਸ ਕਰਵਾਇਆ ਤੇ ਸਾਰੀ ਜ਼ਿੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਲੇਖੇ ਲਾਈ। 1995 ’ਚ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਰਿਹਾ ਤੇ ਪਾਰਟੀ ਨਾਲ ਹਰ ਮੌਕੇ ਵਫ਼ਾਦਾਰੀ ਨਿਭਾਈ। ਪਾਰਟੀ ਨੇ ਉਨ੍ਹਾਂ ਨੂੰ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਤੇ ਪੰਜਾਬ ਵਕਫ਼ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ।

ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਲਈ ਮਾਲੇਰਕੋਟਲਾ ਤੋਂ ਉਨ੍ਹਾਂ ਦੇ ਪਰਿਵਾਰ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦਰਕਿਨਾਰ ਕਰਕੇ ਇੱਕ ਅਜਿਹੇ ਸਖ਼ਸ਼ ਨੂੰ ਟਿਕਟ ਦਿੱਤਾ ਜੋ ਕਦੇ ਪਾਰਟੀ ਦਾ ਮੁੱਢਲਾ ਮੈਂਬਰ ਵੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਅਕਾਲੀ ਦਲ ’ਚ ਹੁਣ ਮਿਹਨਤੀ, ਵਫ਼ਾਦਾਰ ਅਤੇ ਕੁਰਬਾਨੀ ਵਾਲਿਆਂ ਦੀ ਕੋਈ ਕਦਰ ਨਹੀਂ ਰਹੀ ਅਤੇ ਟਿਕਟਾਂ ਤੇ ਅਹੁਦੇ ਦੇਣ ਮੌਕੇ “ਬੈਂਕ ਬੈਲੈਂਸ” ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹੇ ਮਾਹੌਲ ’ਚ ਉਹ ਆਪਣੇ-ਆਪ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਕਰਦੇ ਹੋਏ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਆਪਣੇ ਅਸਤੀਫ਼ੇ ਦੀ ਕਾਪੀ ਪੱਤਰਕਾਰਾਂ ਨੂੰ ਸੌਂਪਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਕਿਸੇ ਪਾਰਟੀ ’ਚ ਸ਼ਾਮਲ ਨਹੀਂ ਹੋ ਰਹੇ ਹਨ ਪਰ ਜਲਦੀ ਹੀ ਸਾਥੀਆਂ ਨਾਲ ਮਸ਼ਵਰਾ ਕਰ ਕੇ ਉਹ ਅਗਲਾ ਕਦਮ ਪੁੱਟਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version