Site icon Sikh Siyasat News

ਸ਼ੀਸ਼ੇ ਦੇ ਘਰ ’ਚ ਬੈਠ ਕੇ ਸਰਨਾ ਦੂਜਿਆਂ ‘ਤੇ ਪੱਥਰ ਨਾ ਸੁੱਟਣ: ਦਿੱਲੀ ਕਮੇਟੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਇੱਕ ਮੁਲਾਜ਼ਮ ਦੇ ਖਿਲਾਫ਼ ਕਿਸੇ ਔਰਤ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਤਹਿਤ ਦਰਜ ਹੋਏ ਕੇਸ ਨੂੰ ਕਮੇਟੀ ਪ੍ਰਬੰਧਕਾਂ ਦੀ ਕਾਰਜਸ਼ੈਲੀ ਨਾਲ ਜੋੜਨ ਨੂੰ ਸਰਨਾ ਦੀ ਹਤਾਸ਼ਾ ਦੱਸਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਨੂੰ ਤਥਾਂ ਦੇ ਆਧਾਰ ‘ਤੇ ਬਿਆਨਬਾਜ਼ੀ ਕਰਨ ਦੀ ਸਲਾਹ ਦਿੰਦੇ ਹੋਏ ਸਰਨਾ ਕੋਲ ਮੁੱਦਿਆ ਦਾ ਅਕਾਲ ਪੈਣ ਦਾ ਵੀ ਦਾਅਵਾ ਕੀਤਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਕਮੇਟੀ ਵੱਲੋਂ ਮੁਲਾਜ਼ਮ ਨੂੰ ਤੁਰੰਤ ਬਰਖਾਸਤ ਕਰਨ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ (ਫਾਇਲ ਫੋਟੋ)

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਕੋਈ ਬੰਦਾ ਆਪਣੇ ਜੰਮੇ ਹੋਏ ਬੱਚਿਆਂ ਦੇ ਕਿਰਦਾਰ ਬਾਰੇ ਦਾਅਵਾ ਨਹੀਂ ਕਰ ਸਕਦਾ ਹੈ ਫਿਰ ਕਿਸ ਆਧਾਰ ‘ਤੇ ਕਮੇਟੀ ਪ੍ਰਬੰਧਕ ਆਪਣੇ ਮੁਲਾਜ਼ਮਾਂ ਦੇ ਕਿਰਦਾਰ ਦੇ ਜ਼ਿੰਮੇਵਾਰ ਹੋ ਸਕਦੇ ਹਨ। ਸਰਨਾ ਵੱਲੋਂ ਇਸ ਸ਼ੋਸ਼ਣ ਦੇ ਨਾਲ ਹੀ 2.5 ਲੱਖ ਰੁਪਏ ਲੈ ਕੇ ਕਮੇਟੀ ਵਿਚ ਉਸ ਔਰਤ ਨੂੰ ਨੌਕਰੀ ਦਿਵਾਉਣ ਦੇ ਝਾਂਸੇ ਦੇ ਕੀਤੇ ਗਏ ਖੁਲਾਸੇ ਨੂੰ ਸਾਬਿਤ ਕਰਨ ਦੀ ਵੀ ਕਮੇਟੀ ਨੇ ਚੁਨੌਤੀ ਦਿੱਤੀ ਹੈ। ਸਰਨਾ ਨੂੰ ਨੈਤਿਕਤਾ ਦਾ ਠੇਕੇਦਾਰ ਨਾ ਬਣਨ ਦੀ ਸਲਾਹ ਦਿੰਦੇ ਹੋਏ ਪਰਮਿੰਦਰਪਾਲ ਸਿੰਘ ਨੇ ਸਰਨਾ ਵੱਲੋਂ ਇਸ ਮਸਲੇ ‘ਤੇ ਕੀਤੀ ਗਈ ਬਿਆਨਬਾਜ਼ੀ ਨੂੰ ਝੂਠ ਦੀ ਪੰਡ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਸਭ ਤੋਂ ਸੀਨੀਅਰ ਮੈਂਬਰ ਅਤੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਇਮਾਨਦਾਰ ਹੋਣ ਦੇ ਨਾਲ ਹੀ ਵਿਦਵਾਨ ਵੀ ਹਨ, ਜਿਸ ਦਾ ਸਰਟੀਫਿਕੇਟ ਸਰਨਾ ਕੋਲੋਂ ਸਾਨੂੰ ਨਹੀਂ ਚਾਹੀਦਾ ਹੈ।

ਸਰਨਾ ਦੇ ਪ੍ਰਧਾਨਗੀ ਕਾਲ ਦੌਰਾਨ ਸਰਨਾ ਦਲ ਦੇ ਤਿੰਨ ਮੈਂਬਰਾਂ ‘ਤੇ ਵੀ ਸਰੀਰਕ ਸ਼ੋਸ਼ਣ ਦੇ ਕੇਸ ਦਰਜ ਹੋਣ ‘ਤੇ ਸਰਨਾ ਵੱਲੋਂ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਸਰਨਾ ਨੂੰ ਨੈਤਿਕਤਾ ਦਾ ਪਹਿਰੇਦਾਰ ਬਣਨ ਤੋਂ ਪਹਿਲੇ ਆਪਣੇ ਤਿੰਨਾਂ ਮੈਂਬਰਾਂ ਨੂੰ 2013 ਦੀਆਂ ਕਮੇਟੀ ਚੋਣਾਂ ਵਿਚ ਦਿੱਤੀਆਂ ਗਈਆਂ ਟਿਕਟਾਂ ਅਤੇ ਆਉਂਦੀਆਂ ਚੋਣਾਂ ਵਿਚ ਮੁੜ ਟਿਕਟ ਦੇਣ ਦੀ ਕੀਤੀ ਜਾ ਰਹੀ ਤਿਆਰੀ ਬਾਰੇ ਵੀ ਸੰਗਤਾਂ ਸਾਹਮਣੇ ਆਪਣਾ ਪੱਖ ਰੱਖਣਾ ਚਾਹੀਦਾ ਹੈ।

ਪਰਮਿੰਦਰਪਾਲ ਸਿੰਘ ਨੇ ਸਾਫ਼ ਕਿਹਾ ਕਿ ਸਰਨਾ ਦੇ ਤਿੰਨ ਮੈਂਬਰਾਂ ਦਾ ਹਵਾਲਾ ਦੇ ਕੇ ਕਮੇਟੀ ਦੋਸ਼ੀ ਮੁਲਾਜ਼ਮ ਨੂੰ ਬਚਾਉਣ ਦਾ ਕੋਈ ਤਰਕ ਨਹੀਂ ਦੇ ਰਹੀ ਹੈ। ਸਾਡਾ ਪੂਰਨ ਵਿਸ਼ਵਾਸ਼ ਪੁਲਿਸ ਅਤੇ ਨਿਆਂਪਾਲਿਕਾ ਵਿਚ ਹੈ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਕਾਨੂੰਨੀ ਪ੍ਰਕਿਰਿਆ ਆਪੇ ਹੀ ਸੱਚ ਅਤੇ ਝੂਠ ਦਾ ਫੈਸਲਾ ਕਰੇਗੀ। ਲੋੜ ਪੈਣ ‘ਤੇ ਤਿੰਨ ਸਾਬਕਾ ਕਮੇਟੀ ਮੈਂਬਰਾਂ ਅਤੇ ਮੁਲਾਜ਼ਮ ਦਾ ਨਾਂ ਜਨਤਕ ਕਰਨ ਦਾ ਇਸ਼ਾਰਾ ਕਰਦੇ ਹੋਏ ਪਰਮਿੰਦਰਪਾਲ ਸਿੰਘ ਨੇ ਸਰਨਾ ਨੂੰ ਸ਼ੀਸ਼ੇ ਦੇ ਘਰ ਵਿਚ ਬੈਠ ਕੇ ਦੂਜਿਆ ‘ਤੇ ਪੱਥਰ ਨਾ ਸੁੱਟਣ ਦੀ ਨਸੀਹਤ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version