ਬਠਿੰਡਾ ( 19 ਅਗਸਤ, 2015): ਤਖਤ ਸ੍ਰੀ ਦਮਦਮਾ ਸਾਹਿਬ ਤੋਂ ਆਰ ਐਸ ਐਸ ਦੇ ਸੀਨੀਅਰ ਨੇਤਾ ਨੂੰ ਸਿਰੋਪਾ ਦੇਣ ਵਾਲੇ ਮੁਲਾਜ਼ਮਾਂ ‘ਤੇ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕਰ ਦਿੱਤੀ ਹੈ।
ਇਥੇ ਆਰ ਐਸ ਐਸ ਦੇ ਉੱਤਰੀ ਭਾਰਤ ਦੇ ਸਕੱਤਰ ਵਿਜੇ ਕੁਮਾਰ ਨੂੰ 15 ਅਗਸਤ ਨੂੰ ਸਿਰੋਪਾ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤਾਂ ਮਾਮਲਾ ਅੰਦਰੋਂ ਅੰਦਰੀ ਦਬਾ ਦਿੱਤਾ ਸੀ ਪ੍ਰੰਤੂ ਹੁਣ ਜਦੋਂ ਰੌਲਾ ਪੈਣ ਦਾ ਡਰ ਪੈਦਾ ਹੋ ਗਿਆ ਤਾਂ ਕਮੇਟੀ ਨੇ ਸਿਰੋਪਾ ਦੇਣ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਹੁਣ ਮਾਮਲੇ ਨੂੰ ਠੰਡਾ ਕਰਨ ਵਾਸਤੇ ਤਿੰਨ ਮੁਲਾਜ਼ਮਾਂ ਨੂੰ ਮੌਜੂਦਾ ਡਿਊਟੀ ਤੋਂ ਤਬਦੀਲ ਕਰ ਦਿੱਤਾ ਹੈ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਆਰਐਸਐਸ ਨੇਤਾ ਨੂੰ ਸਿਰੋਪਾ ਦਿੱਤੇ ਜਾਣ ਦੇ ਮਾਮਲੇ ਵਿਚ ਕਮੇਟੀ ਦੇ ਦੋ ਮੁਲਾਜ਼ਮਾਂ ਨੂੰ ਧਾਰਮਿਕ ਸਜ਼ਾ ਵੀ ਲਾ ਦਿੱਤੀ ਹੈ। ਤਖਤ ਦੇ ਜਥੇਦਾਰ ਦੇ ਹੁਕਮਾਂ ’ਤੇ ਪੰਜ ਪਿਆਰਿਆਂ ਵਲੋਂ ਸੇਵਾਦਾਰ ਸੇਵਕ ਸਿੰਘ ਅਤੇ ਸੁਰੱਖਿਆ ਦਸਤੇ ਦੇ ਮੈਂਬਰ ਹਰਮੰਦਰ ਸਿੰਘ ਨੂੰ ਜੋੜੇ ਘਰ ਵਿਚ ਜੋੜੇ ਸਾਫ ਕਰਨ ਦੀ ਸੇਵਾ ਲਾਈ ਗਈ ਹੈ। ਸ਼੍ਰੋਮਣੀ ਕਮੇਟੀ ਨੇ ਤਖਤ ਸਾਹਿਬ ਤੋਂ ਆਰ.ਐਸ.ਐਸ ਨੇਤਾ ਨੂੰ ਸਿਰੋਪਾ ਦੇਣ ਵਾਲੇ ਸੇਵਾਦਾਰ ਸੇਵਕ ਸਿੰਘ ਅਤੇ ਸੁਰੱਖਿਆ ਦਸਤੇ ਦੇ ਮੈਂਬਰ ਹਰਮੰਦਰ ਸਿੰਘ ਦੀ ਡਿਊਟੀ ਬਦਲ ਕੇ ਜੌੜਾ ਘਰ ਵਿਚ ਲਾ ਦਿੱਤੀ ਹੈ। ਇਵੇਂ ਹੀ ਤਖਤ ਸਾਹਿਬ ਤੇ ਪਾਠਾਂ ਦੇ ਇੰਚਾਰਜ ਕੁਲਵੰਤ ਸਿੰਘ ਦੀ ਡਿਊਟੀ ਬਦਲ ਕੇ ਉਨ੍ਹਾਂ ਨੂੰ ਗੁਰਦੁਆਰਾ ਲਿਖਣਸਰ ਦਾ ਗ੍ਰੰਥੀ ਲਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਆਰ.ਐਸ.ਐਸ ਦੇ ਉੱਤਰੀ ਭਾਰਤ ਦੇ ਸਕੱਤਰ ਵਿਜੇ ਕੁਮਾਰ 15 ਅਗਸਤ ਨੂੰ ਦਿੱਲੀ ਤੋਂ ਰਾਮਾਂ ਮੰਡੀ ਜਾ ਰਹੇ ਸਨ ਅਤੇ ਉਹ ਇਸ ਦਿਨ ਤਲਵੰਡੀ ਸਾਬੋ ਵਿਖੇ ਰੁਕ ਕੇ ਤਖਤ ਸਾਹਿਬ ’ਤੇ ਮੱਥਾ ਟੇਕਣ ਗਏ ਸਨ। ਉਨ੍ਹਾਂ ਨਾਲ ਤਲਵੰਡੀ ਸਾਬੋ ਦੇ ਭਾਜਪਾ ਆਗੂ ਵੀ ਨਾਲ ਸਨ।
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਜਦੋਂ ਇਸ ਮਾਮਲੇ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਤਖਤ ਦਮਦਮਾ ਸਾਹਿਬ ਦੇ ਮੈਨੇਜਰ ਦਰਬਾਰਾ ਸਿੰਘ ਦਾ ਕਹਿਣਾ ਸੀ ਕਿ ਕਮੇਟੀ ਮੁਲਾਜ਼ਮਾਂ ਤੋਂ ਗਲਤੀ ਨਾਲ ਆਰ.ਐਸ.ਐਸ ਨੇਤਾ ਨੂੰ ਸਿਰੋਪਾ ਦੇ ਦਿੱਤਾ ਗਿਆ ਕਿਉਂਕਿ ਸਥਾਨਕ ਭਾਜਪਾ ਨੇਤਾਵਾਂ ਨੇ ਉਸ ਨੇਤਾ ਨੂੰ ਆਪਣਾ ਰਿਸ਼ਤੇਦਾਰ ਦੱਸ ਕੇ ਸਿਰੋਪਾ ਦਿਵਾਇਆ। ਦੂਜੇ ਪਾਸੇ ਬੰਦੀ ਸਿੱਖ ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਤਖਤ ਸਾਹਿਬ ਤੋਂ ਆਰ.ਐਸ.ਐਸ ਨੇਤਾ ਨੂੰ ਸਿਰੋਪਾ ਦੇਣਾ ਬਿਲਕੁੱਲ ਗਲਤ ਹੈ ਕਿਉਂਕਿ ਉਸ ਨੇਤਾ ਦੀ ਸਿੱਖ ਧਰਮ ਜਾਂ ਪੰਜਾਬ ਨੂੰ ਕੋਈ ਦੇਣ ਨਹੀਂ ਹੈ।