ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕੌਮ ਦੇ ਉਨ੍ਹਾਂ ਰਾਹਾਂ ਨੂੰ ਰੁਸ਼ਨਾਇਆ ਹੈ ਜਿਹੜੇ ਰਾਹ ਕਿਸੇ ਕੌਮ ਦੇ ਮਰਜੀਵੜਿਆਂ ਦੇ ਲੰਘ ਜਾਣ ਤੋਂ ਬਾਅਦ ਵਕਤ ਦੀਆਂ ਹਕੂਮਤਾਂ ਅਕਸਰ ਹੀ ਧੁੰਦਲੇ ਕਰਨ ਦਾ ਯਤਨ ਕਰਦੀਆਂ ਹਨ। ਜਿਸ ਸੂਰਮਗਤੀ ਤੇ ਦਲੇਰੀ ਨਾਲ ਉਹ ਤਲੀ ਉੱਤੇ ਦੀਵਾ ਬਾਲ ਕੇ ਹਨੇਰੀਆਂ ਰਾਤਾਂ ਨੂੰ ਪੰਜਾਬ ਦੇ ਸਿਵਿਆਂ ਵਿੱਚ ਹਕੂਮਤ ਵੱਲੋਂ ਅਣਪਛਾਤੀਆਂ ਕਹਿ ਕੇ ਸਾੜੀਆਂ ਬੇਦੋਸ਼ੇ ਸਿੱਖਾਂ ਦੀਆਂ ਲਾਸ਼ਾਂ ਦੇ ਕੇਸ ਤਿਆਰ ਕਰਕੇ ਇਸ ਨੂੰ ਅਦਾਲਤ ਦੇ ਨਾਲ-ਨਾਲ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਨ ਲਈ ਬਿਖੜੇ ਰਾਹਾਂ ਉਪਰ ਤੁਰੇ ਸੀ, ਉਸ ਦੀ ਆਖਿਰੀ ਮੰਜਿਲ ਸ਼ਹਾਦਤ ਹੀ ਸੀ। ਉਨ੍ਹਾਂ ਵਲੋਂ ਕੈਨੇਡਾ ਵਿਚ ਦਿੱਤਾ ਗਿਆ ਭਾਸ਼ਣ ਇਸੇ ਗੱਲ ਦੀ ਗਵਾਹੀ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਪਹਿਲੋਂ ਅਹਿਸਾਸ ਹੋ ਗਿਆ ਸੀ। ਇਹ ਭਾਸ਼ਣ ਪਾਠਕਾਂ ਲਈ ਛਾਪ ਰਹੇ ਹਾਂ: ਸੰਪਾਦਕ
ਸਤਿਗੁਰੂ ਦੇ ਚਰਨਾਂ ਦੀ ਨਿੱਘ ਮਾਣਦੇ ਗੁਰੂ ਦੇ ਪਿਆਰਿਓ
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਇੱਕ ਲਘੂ ਕਥਾ ਕਿ ਜਦ ਸੂਰਜ ਪਹਿਲੀ ਵਾਰ ਅਸਤਣ ਲੱਗਾ ਸੀ, ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘੱਟ ਰਿਹਾ ਸੀ, ਚਾਨਣ ਘੱਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ, ਤੇ ਕਹਿੰਦੇ ਆ ਲੋਕਾਂ ’ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨ੍ਹੇਰਾ ਪਸਰ ਜਾਊਗਾ, ਕਿਸੇ ਨੂੰ ਕੁੱਛ ਦਿਸੂ ਨਾ ਤੇ ਸਾਡਾ ਕੀ ਬਣੂੰਗਾ? ਦੁਨੀਆਂ ਫਿਕਰਮੰਦ ਸੀ, ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ, ਉਸ ਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁੱਛ ਨਹੀਂ ਤੇ ਆਪਣੇ ਆਲੇ-ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ-ਦੁਆਲੇ ਤਾਂ ਚਾਨਣ ਕਾਇਮ ਕਰਾਂਗਾ ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਐ, ਹਰ ਝੁੱਗੀ-ਝੌਂਪੜੀ’ ’ਚ ਇੱਕ ਦੀਪਕ ਉੱਠਿਆ, ਤੇ ਦੁਨੀਆਂ ਹੈਰਾਨ ਰਹਿ ਗਈ ਕਿ ਇਨ੍ਹਾਂ ਦੀਪਕਾਂ ਨੇ ਹਨੇਰੇ ਨੂੰ ਪਸਰਨੋ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ, ਤਾਂ ਹੋਰ ਕੁੱਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈਂ ਇਸ ਨੂੰ ਚੈਲੰਜ ਕਰ ਰਿਹਾ, ਤੇ ਅਰਦਾਸ ਕਰਦਾਂ ਕਿ ਸਤਿਗੁਰੂ ਏਸ ਜੋਤ ਨੂੰ ਜਗਦੀ ਰੱਖੇ। (ਸੰਗਤ ਵੱਲੋਂ ਜੈਕਾਰਾ) ਮੈਂ ਕਿਉਂਕਿ ਇਕ ਖਾਸ ਮਿਸ਼ਨ ਤੇ ਏਸ ਦੇਸ਼ ’ਚ ਆਇਆ ਉਹ ਇਕ ਛੋਟਾ ਜਿਹਾ ਮਿਸ਼ਨ ਹੈ ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਦਾ ਵਿਸ਼ਾ ਬਣਾਇਐ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਮਨੁੱਖੀ ਅਧਿਕਾਰਾਂ ਦਾ ਐ ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾਂ, ਕਿ ਅੱਜ ਅਸੀਂ ਕੈਨੇਡਾ ’ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ, ਉਹ ਰਿਪੋਰਟ ਜੋ ਪਿਛਲੇ ਦਸਾਂ ਸਾਲਾਂ ਦੀ ਜਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਐ, ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆ,
ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ, ਉਹ ਸਵਾਲ ਇਹ ਸੀ ਕਿ ਹਜਾਰਾਂ ਮਾਂਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ਤੇ ਜਰਵਾਣਿਆਂ ਨਹੀਂ ਛੱਡਿਆ ਪਰ ਮਾਂ ਦਾ ਦਿਲ ਐਸਾ ਹੁੰਦਾ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ, ਤੇ ਜਿਨ੍ਹਾਂ ਮਾਂਵਾਂ ਨੇ ਆਪਣੇ ਜਾਇਆ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ, ਕਿ ਇਨ੍ਹਾਂ ਦਾ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ, ਉਨ੍ਹਾਂ ਭੈਣਾਂ ਦੇ ਵੀਰ, ਉਨ੍ਹਾਂ ਭੈਣਾਂ ਦੇ ਹੱਥਾਂ ੱਚ ਫੜੀਆ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਸੀ, ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸੀ ਜਿਨ੍ਹਾਂ ਨਾਲ ਵਿਆਉਣੀਆਂ ਸੀ ਪੁਲੀਸ ਨੇ ਚੁੱਕਿਆ ਸਾਨੂੰ ਪਤਾ ਨਈਂ, ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ ਲੇਕਿਨ ਪਤਾ ਨਈਂ ਕਿ ਉਹ ਆਊਗਾ ਕਿ ਨਈਂ? ਏਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਏਸ ਗੱਲ ਤੇ ਆਂਕੜੇ ਇੱਕਠੇ ਕੀਤੇ ਕਿ ਕਿੰਨੇ ਪੁੱਤ ਕਿੰਨੇ ਭਰਾ ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ, ਪਰ ਜਦੋਂ ਅਸੀਂ ਏਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਂਵਾਂ ਅਨੇਕਾਂ ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ।
ਉਹ ਕਹਿੰਦੀਆਂ ਸੀ ਪੁੱਤ ਜੇ ਗੱਲ ਤੁਸਾਂ ਅਗਾਂਹ ਕਰ ਦਿੱਤੀ ਸਾਡਾ ਪੁੱਤ ਜਿੰਦਾ ਏ ਅਜੇ, ਉਹ ਮਾਰ ਦੇਣਗੇ ਤੁਸੀਂ ਗੱਲ ਨਾ ਕਰਿਓ ਅਸੀਂ ਤੁਹਾਨੂੰ ਵੀ ਨਹੀਂ ਦੱਸਣਾ, ਤਾਂ ਅਸੀਂ ਇੱਕ ਰਫ਼ (ਮੋਟਾ) ਜਿਹਾ ਐਸਟੀਮੇਟ (ਅੰਦਾਜ਼ਾ) ਦੁਨੀਆਂ ਦੇ ਸਾਹਮਣੇ ਰੱਖਿਆ ਕਿ ’ਕੱਲੇ ਅੰਮ੍ਰਿਤਸਰ ਜਿਲ੍ਹੇ ੱਚ 2000 ਬੱਚੇ ਲਾਪਤਾ ਐ ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ, ਸਰਕਾਰ ਚੁੱਪ ਸੀ ਅਸੀਂ ਫਿਰ ਕੁੱਝ ਪਰਿਵਾਰਾਂ ਵੱਲੋਂ ਹਾਈਕੋਰਟ ੱਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿੱਥੇ ਨੇ? ਤਾਂ ਸਰਕਾਰ ਨੇ ਇਹ ਹਲਫ਼ੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜੁਲਮ ਦੇ ਇੰਚਾਰਜ਼ ਨੇ, ਕੇ ਪੀ ਐਸ ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁੱਛ ਨਹੀਂ ਕਰ ਰਹੇ, ਇਹਨਾਂ ਦਾ ਇੱਕ ਮੋਟਿਵ (ਨਿਸ਼ਾਨਾ) ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਐ ਕਿ ਪੰਜਾਬ ’ਚ ਕਿਤੇ ਅਮਨ ਨਾ ਹੋ ਜਾਵੇ ਤੇ ਇਹ ਆਈ.ਐਸ.ਆਈ ਦੇ ਏਜੰਟ ਨੇ ਤੇ ਸਾਡੀ ਪੁਲੀਸ ਮਸ਼ੀਨਰੀ ਨੂੰ ਡਿਸਕਰਜ (ਬੇਦਿਲ) ਕਰ ਕੇ ਦੁਬਾਰਾ ਮਿਲੀਟੈਂਸੀ (ਖਾੜਕੂਵਾਦ) ਉਭਾਰਨ ਲਈ ਸਾਜਿਸ਼ਾਂ ਘੜ ਰਹੇ ਨੇ।
ਕੇ. ਪੀ. ਐਸ. ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾਂ ਉਹ ਬੱਚੇ ਕਿੱਥੇ ਐ, ਉਸ ਨੇ ਕਿਹਾ ਕਿ ਇਹ ਬੱਚੇ ਯੋਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜਾਰਾਂ ਬੱਚੇ ਲਾਪਤਾ ਨੇ। ਇਹ ਇੱਕ ਚੈਲੰਜ (ਵੰਗਾਰ) ਸੀ ਗਾ ਸਾਨੂੰ ਇਹ ਇਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ।
ਫਿਰ ਭਰਾਓ ਅਸੀਂ ਏਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ ’ਚ ਪਾਇਆ ਜਿੱਥੇ ਸਾਨੂੰ ਕਈਆਂ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ, ਅਸੀਂ ਮੜੀਆਂ ’ਚ ਗਏ ਅਸੀਂ ਜਾ ਕੇ ਉਥੇ ਡਿਉਟੀਆਂ ਦਿੰਦੇ ਮੁਲਾਜਮਾਂ ਨੂੰ ਪੁੱਛਿਆ ਕਿ ਉਹ ਸਾਨੂੰ ਇਨ੍ਹਾਂ ਦੀ ਦੱਸ ਦਿਉ ਕਿ ਏਸ ਸਮੇਂ ’ਚ ਪੁਲੀਸ ਨੇ ਤੁਹਾਨੂੰ ਕਿੰਨੀਆਂ ਕੁ ਲਾਸ਼ਾਂ ਦਿੱਤੀਆਂ ਸੀ ਤਾਂ ਕੋਈ ਕਵੇ ਅਸੀਂ 9-10 ਰੋਜ਼ ਦੀਆਂ ਸਾੜਦੇ ਸਾਂ ਕੋਈ ਕਵੇ ਕੋਈ ਹਿਸਾਬ ਈ ਨਹੀਂ ਕਦੀ ਟਰੱਕ ਪੂਰਾ ਆ ਜਾਂਦਾ ਸੀ ਤੇ ਕਦੀ 2-4 ਆਉਂਦੀਆਂ ਸੀ, ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਤਾਂ ਉਨ੍ਹਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ, ਲਾਸ਼ਾਂ ਸਾਨੂੰ ਪੁਲੀਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਉਂਸਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਂਸਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਵਾਰਿਸ਼ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਂਸਪੈਲਟੀ ਆਪਣੇ ਖਰਚੇ ਤੇ ਸਸਕਾਰ ਕਰਦੀ ਐ।
ਫਿਰ ਗੁਰੂ ਦੇ ਪਿਆਰਿਉ ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ ਜਦੋਂ ਅਸੀਂ ਉੱਥੇ ਜਾ ਦੇਖਿਆ ਤਾਂ ਉੱਥੇ ਰੋਜਾਨਾ ਕਿੰਨਾ ਬਾਲਣ, ਇਸ਼ੂ (ਮਿਲਦਾ) ਹੁੰਦਾ ਸੀ ਲਿਖਿਆ ਗਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲੀਸ ਅਫਸਰ ਦੇ ਕੇ ਗਿਆ ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਠਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਤੇ ਇਸ ਤੋਂ ਵੀ ਅੱਗੇ ਕਹਿੰਦੇ ਐ ਜਦੋਂ ਕੋਈ ਜਿਆਦਾ ਹੀ ਹੰਕਾਰ ’ਚ ਆ ਜਾਵੇ ਜਾਂ ਆਪਾਂ ਕਹਿ ਲੈਂਨੇ ਆਂ ਕਿ ਉਹਨੂੰ ਰੱਬ ਭੁੱਲ ਜਾਂਦਾ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਕਿ ਉਹਨੂੰ ਪਤਾ ਈ ਨਹੀਂ ਹੁੰਦਾ ਕਿ ਇਹ ਕਾਰਵਾਈਆਂ ਉਹਦੀ ਹਕੀਕਤ ਨੂੰ ਨੰਗਿਆ ਕਰ ਦੇਣਗੀਆਂ ਜਾਂ ਜਿਵੇਂ ਦੇਸੀ ਢੰਗ ਨਾਲ ਆਪਾਂ ਕਹਿਨੇ ਆ ਕੇ ਚੋਰ ਨਿਸ਼ਾਨ ਛੱਡ ਜਾਂਦਾ, ਤਾਂ ਇਨ੍ਹਾਂ ਚੋਰਾਂ ਨੇ ਇੰਨ੍ਹੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜਿਲ੍ਹੇ ਦੇ ਤਿੰਨ੍ਹਾਂ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਦੇ ਸਮਸ਼ਾਨ ਘਾਟ ’ਚ 6017 ਲਾਸ਼ਾਂ ਅਜਿਹੀਆਂ ਸਨ ਜਿਹੜੀਆਂ ਸਾਫ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਆਂ ਤੇ ਉਹਨਾਂ ’ਚ ਸਿਰਫ ਉਹ ਭਰਾਵਾਂ ਦੀਆਂ ਨਹੀਂ ਉਹਦੇ ਵਿੱਚ ਲਿਖੀਆਂ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜੁਰਗਾਂ ਦੀਆਂ ਲਾਸ਼ਾਂ ਵੀ ਨੇ ਚਾਹੇ ਉਹ ਕੁੱਛ ਪਰਸੈਂਟ ਸੀ, ਤੇ ਇਹ ਵੀ ਉੱਥੇ ਲਿਖਿਆ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ ।
ਉੱਥੇ ਮਾਤਾ ਗੁਰਮੇਜ ਕੌਰ ਜਿੰਨ੍ਹੇ ਬਾਬਾ ਮਾਨੋਚਾਹਲ ਜੰਮਿਆਂ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ ਉੱਥੇ ਬੀਬੀ ਮਹਿੰਦਰ ਕੌਰ ਜਿੰਨੇ ਪਰਮਜੀਤ ਸਿੰਘ ਪੰਜਵੜ ਜੰਮਿਆਂ ਉਹਦੀ ਲਾਸ਼ ਵੀ ਸਾਨੂੰ ਲੱਭੀ ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ (ਸੰਗਤ ਵਲੋਂ ਜੈਕਾਰਾ) ਭਰਾਓ ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਤਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ ’ਚ ਗਏ ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜਰਵਾਣਿਉਂ ਘੱਟੋੱਘੱਟ ਸਾਨੂੰ ਇਹ ਡੀਟੇਲ (ਵੇਰਵਾ) ਤਾਂ ਦੇ ਦਿਉ ਕਿ ਕਿਹੜੀ ਲਾਸ਼ ਕੀਹਦੀ ਐ ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ , ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ ਪਾਸ ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੀਂ। ਇਹ ਆਪਣੀ ਰਵਾਇਤ ਐ ਅਸੀਂ ਪੁੱਤ ਮੰਗਦੇ ਆਂ ਸਤਿਗੁਰੂ ਪਾਸ ਅਰਦਾਸ ਕਰਕੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋਰਦੇ ਆਂ ਸਤਿਗੁਰ ਪਾਸ ਅਰਦਾਸ ਕਰਦੇ ਆਂ ਕਿ ਚਰਨਾਂ ਨਾਲ ਲਾ ਲੈ । ਅਸੀਂ ਜਦ ਇਹ ਮੰਗ ਕੀਤੀ ਕਿ ਕੁੱਛ ਨੀਂ ਚਾਹੀਦਾ ਸਾਨੂੰ, ਸਾਨੂੰ ਘੱਟੋ ਘੱਟ ਇਹ ਦੱਸ ਦਿਉ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸਮਸ਼ਾਨ ਘਾਟ ’ਚ ਤੁਸਾਂ ਕਦੋਂ ਸਾੜਿਆ ਸੀ ਕਿਉਂਕਿ ਕਾਨੂੰਨ ਕਹਿੰਦਾ ਲਾਵਾਰਿਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਕਾਨੂੰਨ ਕਹਿੰਦਾ ਲਾਵਾਰਿਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ (ਦਾਅਵਾ) ਨਾ ਕਰੇ ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਏ ਉਸ ਦੇਸ਼ ਦੀ ਹਾਈਕੋਰਟ ਨੇ ਸਾਨੂੰ ਕਿਹਾ ਕਿ ਇੰਝ ਕਰੋ, ਇਹ ਪਬਲਿਕ ਇੰਟਰੈਸਟ (ਲੋਕਹਿੱਤ) ਤਾਂ ਬਣਦੀ ਨਹੀਂ ਇਹਦੇ ਨਾਲ ਬਹੁਤ ਵੱਡਾ ਮਸਲਾ ਖੜ੍ਹਾ ਹੁੰਦੇ ਏ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਉ ਅਸੀਂ ਉਹਨਾਂ ਨੂੰ ਜਾਣਕਾਰੀ ਦਿਆਂਗੇ। ਕਾਨੂੰਨ ਨਾਲ ਮਾਖੌਲ ਕੀਤਾ ਗਿਆ ਇੱਕ ਕੌਮ ਨਾਲ ਮਾਖੌਲ ਕੀਤਾ ਗਿਆ, ਤੇ ਉਹਨਾਂ ਲੋਕਾਂ ਨਾਲ ਮਾਖੌਲ ਕੀਤਾ ਗਿਆ ਜਿਹੜੇ ਹੋਰ ਕੁੱਛ ਨਹੀਂ ਮੰਗਦੇ ਸਿਰਫ਼ ਡੈੱਥ ਸਰਟੀਫਿਕੇਟ (ਮੌਤ ਦਾ ਪ੍ਰਮਾਣ ਪੱਤਰ) ਹੀ ਮੰਗਦੇ ਸੀ ਕਿਉਂਕਿ ਅਸੀਂ ਹਾਈਕੋਰਟ ਤੋਂ ਮੰਗਿਆ ਕਿ ਸਾਨੂੰ ਸਾਡੇ ਨਾਲ ਸੰਬੰਧਿਤ ਵੀਰ ਭਰਾ ਦੀ ਲਾਸ਼ ਦੀ ਜਾਣਕਾਰੀ ਚਾਹੀਦੀ ਐ ਉਹ ਸਾਨੂੰ ਕਹਿ ਰਹੇ ਆ ਕਿ ਜਿਹਦੀ ਜਾਣਕਾਰੀ ਤੁਹਾਨੂੰ ਹੈਗੀ ਆ ਉਹਦੇ ਬਾਰੇ ਆ ਜਾਓ ਇਹ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਨੂੰ ਜਵਾਬ ਦਿੱਤਾ।
ਚਾਹੇ ਅਸੀਂ ਹੁਣ ਸੁਪਰੀਮ ਕੋਰਟ ’ਚ ਜਾਵਾਂਗੇ ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ, ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਐ ਤੇ ਅਸੀਂ ਲੋਕਾਂ ਦੀ ਕਚਹਿਰੀ ’ਚ ਦੁਨੀਆਂ ਪੱਧਰ ਤੇ ਜਾਣਾ ਚਾਹੁਣੇ ਆਂ, ਕਿ ਐ ਦੁਨੀਆਂ ਵਾਲਿਓ ਤੁਸਾਂ ਸਾਨੂੰ ਅੱਤਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾਪ੍ਰਸਤ ਆਖਿਆ ਏ ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ ਉਨ੍ਹਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਐ ਤੇ ਸੱਤਵਾਦੀ ਕੌਣ ਐ? ਏਸ ਅਧਾਰ ੱਤੇ ਮਹਾਰਾਜ ਨੇ ਕੋਈ ਮੌਕਾ ਬਖਸ਼ਿਆ। ਦਾਦੇ ਮੇਰੇ ਨੂੰ ਤਾਂ ਏਸ ਮੁਲਕ ਨੇ ਨਈਂ ਸੀ ਵੜਨ ਦਿੱਤਾ ਪਰ ਕੋਈ ਭਾਣਾ ਅਚਾਨਕ ਮੈਨੂੰ ਕਿਹਾ ਗਿਆ ਕਿ ਮਿਸਿਜ਼ ਕੁਲੀਨ ਏਥੇ ਕੋਈ ਸੈਮੀਨਾਰ ਕਰ ਰਹੀ ਐ 24ਆਂ ਘੰਟਿਆਂ ੱਚ ਈ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਸਤਿਗੁਰੂ ਨੇ ਇਹ ਸਾਰੀ ਬਿਧ ਬਣਾਈ। ਮੈਂ ਕੈਨੇਡਾ ਆਇਆ, ਇੱਥੇ ਕੈਨੇਡਾ ਦੀ ਸਰਕਾਰ ਨੂੰ, ਪਾਰਲੀਮੈਂਟ ਨੂੰ ਸਭ ਕੁੱਛ ਕਿਹਾ ਲੇਕਿਨ ਮੈਂ ਸਮਝਦਾ ਕਿ ਬਗਾਨਿਆਂ ਨੂੰ ਕਹਿਣ ਦੇ ਨਾਲ ਨਾਲ ਆਪਣਿਆਂ ਨੂੰ ਵੀ ਕਹਿ ਲਵਾਂ ਕੁੱਛ, ਕਿਉਂਕਿ ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ਤੇ ਜੁਲਮ ਬਹੁਤ ਹੋਇਆ ਲੇਕਿਨ ਜੁਲਮ ਦਾ ਪੂਰਾ ਹਿਸਾਬ ਰੱਖਣ ਦਾ ਹਾਲੇ ਸਾਨੂੰ ਅਭਿਆਸ ਨਹੀਂ ਹੋਇਆ, ਅਸੀਂ ਅਬਾਊਟ ਫਿਫਟੀ ਥਾਊਜੰਡ (50,000) ਅਬਾਊਟ ਵੰਨ ਮਿਲੀਅਨ ਇਹ ਸਾਰਾ ਕੁੱਛ ਕਹਿ ਦੇਨੇ ਆਂ ਦੁਨੀਆਂ ਦੇ ਪੜ੍ਹੇ ਲਿਖੇ ਲੋਕ ਇਤਬਾਰ ਨਹੀਂ ਕਰਦੇ ਐਗਜੈਕਟ ਫਿਗਰਾਂ (ਸਹੀ ਅੰਕੜੇ) ਮੰਗਦੇ ਨੇ ਤਾਂ ਉਹਦੇ ਵਾਸਤੇ ਅਸੀਂ ਇਹ ਵੀ ਕਹਿਨੇ ਆਂ ਕਿ ਆਉ ਤੁਸੀਂ ਸਾਰੇ ਈ ਏਸ ਮਸਲੇ ਦੇ ਉੱਤੇ ਕਿਉਂਕਿ ਇਹ ਮਸਲਾ ਉਨ੍ਹਾਂ ਪਰਿਵਾਰਾਂ ਦਾ ਮਸਲਾ ਨਹੀਂ ਇੱਕ ਕੌਮ ਦਾ ਮਸਲਾ ਏ, ਇਹ ਦੁਨੀਆਂ ਦੀ ਮਾਨਵਤਾ ਦਾ ਮਸਲਾ ਐ ਤੁਸੀਂ ਸਾਰੇ ਏਸ ਮਸਲੇ ਨੂੰ ਜਿੱਥੇ ਵੀ ਹੈ ਜਿਸ ਵੀ ਢੰਗ ਨਾਲ ਹੈ ਉਸ ਢੰਗ ਨਾਲ ਪੇਸ਼ ਕਰੋ ਤੇ ਉਸ ਹਕੂਮਤ ਨੂੰ ਉਸ ਮਸ਼ੀਨਰੀ ਨੂੰ ਉਸ ਨਿਆਂ ਪ੍ਰਣਾਲੀ ਨੂੰ ਲਾਹਨਤਾ ਪਾਉ ਤੇ ਲੋਕਾਂ ਨੂੰ ਅਸਲੀਅਤ ਦੱਸੋ ਤਾਂ ਤੁਸੀਂ ਸਾਡੀ ਇਸ ਕੰਮ ’ਚ ਜਰੂਰ ਮਦਦ ਕਰਿਓ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਚਾਹੁੰਨਾਂ।
ਮਨੁੱਖੀ ਅਧਿਕਾਰ ਪੰਜਾਬ ’ਚ ਰਹਿੰਦੇ ਲੋਕਾਂ ਦੇ ਹੀ ਕੁੱਚਲੇ ਨਹੀਂ ਜਾਂਦੇ, ਮਨੁੱਖੀ ਅਧਿਕਾਰ ਸਿਰਫ ਉੱਥੇ ਰਹਿਣ ਵਾਲੇ ਸਿੱਖਾਂ ਦੇ ਈ ਕੁੱਚਲੇ ਨਹੀਂ ਜਾਂਦੇ, ਹਰੇਕ ਸਿੱਖ ਜਦ ਭਾਰਤੀ ਰਾਜ ਦੇ ਨਾਲ ਆਪਣੇ ਸੰਬੰਧਾਂ ਦੇ ਲੈਣ ਦੇਣ ਕਰਦਾ ਤਾਂ ਉਸ ਦੇ ਮਨੁੱਖੀ ਅਧਿਕਾਰਾਂ ਤੇ ਵਾਰ ਹੁੰਦਾ । ਕਈਆਂ ਨੂੰ ਅਹਿਸਾਸ ਹੁੰਦਾ ਐ ਕਈਆਂ ਨੂੰ ਨਹੀਂ ਹੁੰਦਾ, ਮੈਂ ਕਹਿਨਾ ਕਿ ਤੁਹਾਡੇ ਹਰ ਇੱਕ ਦੇ ਨਾਲ ਭਾਰਤੀ ਰਾਜ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਧੱਕਾ ਕਰਦਾ ਐ ਤੇ ਤੁਸੀਂ ਸਿਰਫ ਇਹ ਹੀ ਨਾ ਸੋਚਿਓ ਕੇ ਸਾਡੇ ਨਾਲ ਮਨੁੱਖੀ ਅਧਿਕਾਰਾਂ ਦਾ ਧੱਕਾ ਹੋ ਰਿਹੈ ਤੇ ਤੁਸਾਂ ਸਾਡੀ ਗੱਲ ਕਰਨੀ ਐ, ਧੱਕਾ ਕਿਵੇਂ ਹੁੰਦਾ। ਤੁਸੀਂ ਚਾਹੇ ਕੈਨੇਡਾ ਦੇ ਸਿਟੀਜਨ ਬਣ ਗਏ ਜੇ ਪਰ ਇੱਕ ਗੱਲ ਯਾਦ ਰੱਖੋ ਦੁਨੀਆਂ ’ਚ ਸਭ ਤੋਂ ਵੱਡਾ ਬੁਨਿਆਦੀ ਅਧਿਕਾਰ ਐ ਬੰਦੇ ਦੇ ਪੂਜਾ ਪਾਠ ਕਰਨ ਦਾ, ਉਸ ਦੇ ਧਰਮ ਨੂੰ ਮੰਨਣ ਦਾ ਅਧਿਕਾਰ ਤੇ ਤੁਸੀਂ ਰੋਜ਼ ਦੋ ਟਾਇਮ ਦੇ ਉੱਤੇ ਅਰਦਾਸ ਕਰਦੇ ਜੇ ‘ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ’, ਦੀ ਕਿਹੜਾ ਸਿੱਖ ਐ ਜਿਹੜਾ ਬਾਂਹ ਖੜ੍ਹੀ ਕਰ ਕੇ ਕਹਿ ਸਕਦਾ ਕਿ ਮੈਨੂੰ ਏਸ ਮੁਢੱਲੇ ਬੁਨਿਆਦੀ ਮਨੁੱਖੀ ਅਧਿਕਾਰ ਦੀ ਪ੍ਰਾਪਤੀ ਐ, ਦੁਨੀਆਂ ਦਾ ਕੋਈ ਧਰਮ ਅਜਿਹਾ ਨਹੀਂ ਜਿੰਨੂੰ ਆਪਣੇ ਮੱਕੇ ’ਚ ਜਾਣ ਦੀ, ਜਿੰਨੂੰ ਆਪਣੇ ਪੋਪ ਦੇ ਕੋਲ ਜਾਣ ਦੀ ਕੋਈ ਪਾਬੰਦੀ ਹੋਵੇ। ਦੁਨੀਆਂ ਦੇ ਵਿੱਚ ਸਿਰਫ ਇੱਕ ਧਰਮ ਐ ਉਹ ਸਿੱਖ ਧਰਮ ਐ ਜਿਸ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿਸਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ’ਤੇ ਪਾਬੰਦੀ ਆ (ਸੰਗਤ ਦਾ ਜੈਕਾਰਾ) ਤੇ ਭਰਾਓ ਇਹ ਅਧਿਕਾਰ ਤੁਹਾਡਾ ਸਾਰਿਆਂ ਦਾ ਖੁੱਸਾ ਤੁਸੀਂ ਚੁੱਪ ਜੇ? ਤੁਸੀਂ ਖਾਲਿਸਤਾਨ ਨਾ ਮੰਗੋ ਤੁਸੀਂ ਕੁੱਛ ਹੋਰ ਨਾ ਮੰਗੋ ਤੁਸੀ ਇੰਨਾ ਕੁ ਅਧਿਕਾਰ ਤਾਂ ਮੰਗੋ ਕਿ ਅਸੀਂ ਅਜਾਦੀ ਨਾਲ ਸ਼੍ਰੀ ਦਰਬਾਰ ਸਾਹਿਬ ਜਾਣਾ ਚਾਹੁੰਨੇ ਆਂ ਕੀ ਤੁਸੀਂ ਇਹ ਅਧਿਕਾਰ ਪ੍ਰਾਪਤ ਕਰਨ ਲਈ ਕੁੱਛ ਕਰ ਸਕਦੇ ਜੇ? ਮੈਂ ਤੁਹਾਡੇ ਤੇ ਇਹ ਸਵਾਲ ਕਰਦਾਂ।
ਦੂਸਰਾ ਅਧਿਕਾਰ ਹੁੰਦਾ ਹਰ ਬੰਦੇ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ। ਇੱਥੇ ਰਹਿੰਦਿਆਂ ਉਥੋਂ ਦੀਆਂ ਪਾਬੰਦੀਆਂ ਸਾਡਾ ਪਿੱਛਾ ਕਰਦੀਆਂ ਨੇ। ਦੱਸਿਆ ਗਿਆ ਕਿ ਡਾ. ਅਮਰਜੀਤ ਸਿੰਘ ਦੇ ਬੋਲਣ ਬਾਰੇ ਉਥੋਂ ਦੀ ਸਰਕਾਰ ਜਾਂ ਉਥੋਂ ਦੀ ਸਰਕਾਰ ਦੇ ਬੰਦਿਆਂ ਦੀਆਂ ਹਦਾਇਤਾਂ ਤੇ ਇੱਥੇ ਕਿਹਾ ਗਿਆ ਏ ਕੇ ਉਹ ਇੱਥੇ ਬੋਲਣ ਜਾਂ ਨਾ ਬੋਲਣ ਇਹਦੇ ਬਾਰੇ ਦੱਸਿਆ ਜਾਵੇ। ਇਹ ਵਿਚਾਰ ਪ੍ਰਗਟ ਕਰਨ ਦਾ ਸਾਡਾ ਅਧਿਕਾਰ ਐ ਜਿਨੂੰ ਇੱਕ ਖਾਸ ਥਾਂ ਤੋਂ ਲੋਕ ਕੁਚਲਣ ਲਈ ਦੁਨੀਆਂ ਪੱਧਰ ਤੇ ਕੋਸ਼ਿਸ਼ਾਂ ਕਰਦੇ ਨੇ ਕੀ ਤੁਸੀਂ ਏਸ ਵਿਚਾਰ ਦੀ ਰਾਖੀ ਲਈ ਏਸ ਅਣਖੀਲੇ ਪੰਜਾਬ ਦੀ ਰਾਖੀ ਲਈ ਕੁੱਛ ਕਰ ਸਕਦੇ ਜੇ, ਇਹ ਤੁਸੀਂ ਜਰੂਰ ਵਿਚਾਰਿਓ। ਤੁਸੀਂ ਆਪਣੇ ਪੁੱਤਰ ਧੀਆਂ ਦੀ ਸ਼ਾਦੀ ਕਰਨ ਲਈ ਪੰਜਾਬ ’ਚ ਜਾਂਦੇ ਜੇ। ਤੁਸੀਂ ਉੱਥੋਂ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲਿਆਉਂਦੇ ਜੇ ਤੁਹਾਨੂੰ ਜਰੂਰੀ ਹੁੰਦਾ ਤਾਂ ਕਚਹਿਰੀ ੱਚ ਖਲੋ ਕੇ ਕੀ ਕਹਿੰਦੇ ਜੇ, ਕਦੀ ਸੋਚਿਆ? ਤੁਸੀਂ ਹਿੰਦੂ ਮੈਰਿਜ ਐਕਟ ਦੇ ਮੁਤਾਬਿਕ ਸਾਰੇ ਸਰਟੀਫਿਕੇਟ ਕੱਛ ’ਚ ਮਾਰ ਕੇ ਲਿਆਉਂਦੇ ਜੇ ਕੀ ਤੁਹਾਨੂੰ ਕਿਸੇ ਕਨੇਡੀਅਨ ਇੰਮੀਗੇ੍ਰਸ਼ਨ ਅਧਿਕਾਰੀ ਨੇ ਨੀ ਪੁੱਛਿਆ ਕਿ ਇੱਥੇ ਤਾਂ ਕਹਿੰਦੇ ਜੇ ਅਸੀਂ ਸਿੱਖ ਆਂ ਤੇ ਸਰਟੀਫਿਕੇਟ ਤਾਂ ਦੂਜਾ ਲੈ ਆਂਦਾ ਜੇ? ਕਿ ਹਿੰਦੂ ਮੈਰਿਜ ਐਕਟ ਮੁਤਾਬਕ ਮੈਂ ਆਪਣੇ ਬੱਚੇ ਦੀ ਸ਼ਾਦੀ ਕਰਕੇ ਆਇਆ। ਕੀ ਤੁਸੀਂ ਸੋਚਿਆ ਹੈ ਇਹ ਅਧਿਕਾਰ ਤੁਹਾਡੇ ਵਾਸਤੇ ਕਿਹੋ ਜਿਹਾ ਸਰਟੀਫਿਕੇਟ ਹੈ? ਤੁਸੀਂ ਸਾਰੇ ਉੱਥੇ ਦੋ-ਦੋ, ਚਾਰ-ਚਾਰ ਕਿੱਲੇ ਛੱਡ ਕੇ ਆਏ ਜੇ। ਪਹਿਲਾਂ ਕਿਹਾ ਕਿ ਭਰਾ ਵਾਹ ਲੈਣ ਹੁਣ ਚਾਹੁੰਦੇ ਜੇ ਕਿ ਵੇਚ ਕੇ ਪੈਸਾ ਲੈ ਆਈਏ। ਜਾ ਕੇ ਤੁਸੀਂ ਕਚਹਿਰੀਆਂ ’ਚ ਕੇਸ ਕਰਦੇ ਜੇ ਤਾਂ ਕਿਹੜੇ ਕਾਨੂੰਨ ਮੁਤਾਬਕ ਵਕੀਲ ਕਰਦੇ ਜੇ ਕਿ ਹਿੰਦੂ ਵਿਰਾਸਤ ਐਕਟ ਦੇ ਮੁਤਾਬਕ ਮੇਰੇ ਪਿਉ ਦੀ ਜ਼ਮੀਨ ਦਾ ਇੰਨਾ ਕੁ ਹਿੱਸਾ ਮੇਰਾ ਬਣਦਾ?
ਕਦੀ ਤੁਸਾਂ ਸੋਚਿਆਂ ਕਿ ਸਭ ਕੁੱਛ ਦੇ ਹੁੰਦਿਆਂ ਵੀ ਉਸ ਅਦਾਲਤ ’ਚ ਜਾ ਕੇ 2-4 ਕਿੱਲਿਆਂ ਬਦਲੇ ਫਿਰ ਆਪਣੇ ਆਪ ਨੂੰ ਹਿੰਦੂ ਡੈਕਲੇਅਰ ਕਰਨਾ ਪੈਂਦਾ। ਸੋ ਇਹ ਤੁਹਾਡੇ ਨਾਲ ਸੰਬੰਧਿਤ ਗੱਲਾਂ ਨੇ ਉੱਥੇ ਅਨੇਕਾਂ ਸਾਡੇ ਨਾਲ ਸੰਬੰਧਿਤ ਗੱਲਾਂ ਨੇ। ਮੈਂ ਕਹਿਨਾ ਇਨ੍ਹਾਂ ਸਾਰਿਆਂ ਦੇ ਬਦਲੇ ਆਪਾਂ ਦੁਨੀਆਂ ੱਚ ਕਿਤੇ ਵੀ ਵਸਦੇ ਹੋਈਏ ਰਾਜਨੀਤੀ ਕਿਸੇ ਨੂੰ ਵੀ ਮੰਨਦੇ ਹੋਈਏ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਤੇ ਦੁਨੀਆਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਤਾਂ ਪਰਿਵਾਰ ਵੀ ਗਵਰਨ ਹੁੰਦੇ ਆ ਹਿੰਦੂ ਐਕਟ ਮੁਤਾਬਕ ਤੇ ਸਾਡੇ ਧਾਰਮਿਕ ਅਦਾਰੇ ਵੀ ਗਵਰਨ ਹੁੰਦੇ ਆ ਹਿੰਦੂ ਐਕਟ ਮੁਤਾਬਕ ਤਾਂ ਮਨੁੱਖੀ ਅਧਿਕਾਰ ਮੰਗ ਮਨੁੱਖੀ ਅਧਿਕਾਰਾਂ ਦਾ ਵਿਸ਼ਾ ਅੱਜ ਇਹ ਮੰਗ ਕਰਦਾ ਹੈ ਹਰੇਕ ਬੰਦਾ ਜਿੱਥੇ ਵੀ ਐ ਉਹ ਘੱਟੋ-ਘੱਟ ਸਤਿਗੁਰੂ ਤੋਂ ਅਸੀਸਾਂ ਮੰਗਦਾ ਜੇ ਤੁਸੀਂ ਇੱਥੇ ਆ ਕੇ ਦੁੱਧ ਮੰਗਦੇ ਜੇ, ਪੁੱਤ ਮੰਗਦੇ ਜੇ, ਖੁਸ਼ੀਆਂ ਮੰਗਦੇ ਜੇ, ਸਤਿਗੁਰ ਤੁਹਾਨੂੰ ਸਭ ਕੁੱਛ ਦਿੰਦਾ ਪਰ ਸਤਿਗੁਰ ਤੁਹਾਡੇ ਤੋਂ ਇੱਕ ਗੱਲ ਤਾਂ ਮੰਗਦਾ ਕਿ ‘ਅਖਵਾਓ ਤਾਂ ਗੁਰੂ ਦੇ ਸਿੱਖ’ ਉਹ ਏਸ ਅਧਿਕਾਰ ਦੇ ਵਾਸਤੇ ਤੁਸੀਂ ਕੀ ਕਰਦੇ ਜੇ ਇਹ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ।
ਗੁਰੂ ਦੇ ਪਿਆਰਿਓ ਰਾਜ ਬਣਦੇ ਰਹੇ ਰਾਜ ਟੁੱਟਦੇ ਰਹੇ ਲੇਕਿਨ ਦੁਨੀਆਂ ਦੇ ਉੱਤੇ ਜੋ ਧਰਮ ਆਇਆ ਜੇ ਉਹ ਧਰਮ ਸਤਿਗੁਰਾਂ ਦੇ ਵਖਾਏ ਰਸਤੇ ਤੇ ਚੱਲਿਆ ਨਾ ਕੋਈ ਟੁੱਟਿਆ ਨਾ ਉਹਦੀ ਕਿਸੇ ਨੇ ਥਾਂ ਲਈ ਹੈ। ਸਿੱਖ ਧਰਮ ਅੱਜ ਦੁਨੀਆਂ ਦੇ ਸਾਹਮਣੇ ਮਨੁੱਖੀ ਅਧਿਕਾਰਾਂ ਦਾ ਵੀ ਇੱਕ ਨਮੂਨਾ ਪੇਸ਼ ਕਰੇਗਾ । ਮੈਨੂੰ ਕੁੱਛ ਵੀਰਾਂ ਨੇ ਕਿਹਾ ਕਿ ਸਾਡੇ ਤੇ ਸਵਾਲ ਹੁੰਦੇ ਐ ਕਿ ਤੁਸੀਂ ਰਾਜਨੀਤਕ ਮੰਗਾਂ ਧਰਮ ਦੇ ਆਧਾਰ ’ਤੇ ਖੜ੍ਹ ਕੇ ਕਰਦੇ ਜੇ, ਇਸ ਦੇ ਨਾਲ ਜਮਹੂਰੀਅਤ ਤੇ ਅੱਜ ਦਾ ਸਮਾਜ ਨਹੀਂ ਸਿਰਜਿਆ ਜਾਂਦਾ। ਮੈਂ ਏਸ ਗੁਰੂ ਘਰ ਦੇ ਵਿੱਚੋਂ ਇਕੱਲੇ ਸਿੱਖਾਂ ਨੂੰ ਨਹੀਂ ਦੁਨੀਆਂ ਭਰ ਦੇ ਰਾਜਨੀਤਕ ਫਿਲਾਸਫਰਾਂ ਨੂੰ ਦੱਸਦਾਂ ਕਿ ਠੀਕ ਉਸ ਸਮੇਂ ਜਦੋਂ ਇੰਡਸਟਰੀਅਲ (ਮਸ਼ੀਨੀ) ਤਕਨੀਕ ਨੇ ਦੁਨੀਆਂ ਦੇ ਵਿੱਚ ਨਵੇਂ ਰਾਜਨੀਤਕ ਮਾਡਲ ਪੈਦਾ ਕੀਤੇ ਜਿਨੂੰ ਤੁਸੀਂ ਜਮਹੂਰੀਅਤ ਕਹਿੰਦੇ ਜੇ, ਜਿਹਦੇ ਵਿੱਚ ਵੋਟਾਂ ਨਾਲ ਰਾਜ ਚੁਣੇ ਜਾਂਦੇ ਸੀ, ਠੀਕ ਉਸ ਸਮੇਂ ‘ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ’ ਨੇ ਇੱਕ ਸਮਾਜ ਸਿਰਜਣ ਲਈ, ਇੱਕ ਚੰਗਾ ਰਾਜ ਸਿਰਜਣ ਲਈ ਇਕ ਸਿਧਾਂਤ ਦਿੱਤਾ, ਜਮਹੂਰੀਅਤ ਵੀ ਦਿੱਤੀ ਪਰ ਉੱਤੇ ਧਰਮ ਦਾ ਕੁੰਡਾ ਦਿੱਤਾ।
ਦੁਨੀਆਂ ਦੇ ਵਿੱਚ ਠੀਕ ਐ ਕਿ ਦਸ਼ਮੇਸ਼ ਪਿਤਾ ਦੇ ਪੈਰੋਕਾਰ ਆਪਣੇ ਫਲਸਫੇ ਨੂੰ ਦੁਨੀਆਂ ਦੀ ਸਟੇਜ ਤੇ ਚਾਹੇ ਏਨੇ ਜੋਰ ਨਾਲ ਨਹੀਂ ਰੱਖ ਸਕੇ ਪਰ ਉਸੇ ਟਾਇਮ ਤੇ ਦੋ ਫਲਸਫੇ ਪੈਦਾ ਹੋਏ ਦੁਨੀਆਂ ’ਚ ਜਿਹੜੇ ਇਨ੍ਹਾਂ ਤਿੰਨ ਸਦੀਆਂ ’ਚ ਚੱਲੇ ਐ ਉਹ ਫਲਸਫੇ ਜਮਹੂਰੀਅਤ ਨਾਲ ਸੰਬੰਧਤ ਜਰੂਰ ਨੇ ਪਰ ਉਨ੍ਹਾਂ ਦੇ ਦੋ ਢੰਗ ਤਰੀਕੇ ਸੀ ਇੱਕ ਢੰਗ ਤਰੀਕਾ ਜਿਸਨੂੰ ਮਾਰਕਸੀ ਢੰਗ ਤਰੀਕਾ ਕਹਿੰਦੇ ਆ ਜਿਹੜਾ ਪਦਾਰਥਵਾਦ ਤੇ ਖਲੋ ਕੇ ਤੇ ਜਮਾਤ ਰਹਿਤ ਜਾਂ ਹੋਰ ਕਿਸੇ ਢੰਗ ਦੇ ਸਮਾਜ ਦੀ ਗੱਲ ਕਰਦਾ ਸੀ। ਇੱਕ ਫਲਸਫਾ ਉਹ ਸੀ ਜਿਹੜਾ ਦੁਨੀਆਂ ਦੇ ਵਿਚ ਪਦਾਰਥਕ ਖੁਸ਼ਹਾਲੀ ਦੇ ਵਾਸਤੇ ਖੁੱਲ੍ਹੀ ਮਾਰਕਿਟ ਦੇ ਵਾਸਤੇ ਇੱਥੋਂ ਦੀ ਪਦਾਰਥਕ ਉੱਨਤੀ ਦੇ ਵਾਸਤੇ ਇੱਕ ਰਾਜ ਸਿਰਜਣ ਦੀ ਗੱਲ ਕਰਦਾ ਸੀ ਤੇ ਦੋਵੇਂ ਫਲਸਫੇ ਕਹਿੰਦੇ ਸੀ ਕਿ ਧਰਮ ਤੇ ਰਾਜਨੀਤੀ ਅਲਹਿਦਾ ਹੋਣੀ ਚਾਹੀਦੀ ਹੈ ਉਹ ਦੋਵੇਂ ਫਲਸਫੇ ਦੁਨੀਆਂ ’ਚ ਤਿੰਨ ਸਦੀਆਂ ਚੱਲੇ ਐ ਚਾਹੇ ਉਨ੍ਹਾਂ ਚੋਂ ਇੱਕ ਫਲਸਫੇ ਨੂੰ ਪੰਜਾਹ ਸਾਲ ਹੀ ਚੱਲਣ ਦਾ ਮੌਕਾ ਮਿਲਿਆ ਹੋਊਗਾ ਲੇਕਿਨ ਪ੍ਰਚਲਤ ਰਹੇ ਨੇ। ਉਹ ਦੋਵੇਂ ਫਲਸਫੇ ਦੁਨੀਆਂ ਦੇ ਵਿੱਚ ਫੇਲ ਹੋਏ ਨੇ, ਮਾਰਕਸਵਾਦ ਬੁਰੀ ਤਰ੍ਹਾਂ ਫੇਲ ਹੋਇਆ ਤੇ ਉਸ ਦੇ ਮੁਕਾਬਲੇ ਦੇ ਉੱਤੇ ਖੁੱਲੀ ਮੰਡੀ ਵਾਲਾ ਧਰਮ ਰਹਿਤ ਕੈਪੀਟੇਲਿਜਮ (ਪੂੰਜੀਵਾਦ) ਅੱਜ ਦੁਨੀਆਂ ਦੀਆਂ ਸਾਰੀਆਂ ਬੀਮਾਰੀਆਂ ਦੀ ਜੜ੍ਹ ਬਣ ਕੇ ਸਾਰੇ ਪੱਛਮੀ ਸਮਾਜ ਨੂੰ ਚੰਬੜ ਗਿਆ। ਏਸ ਫਲਸਫੇ ਨੇ ਧਰਮ ਰਹਿਤ ਰਾਜ ਤੇ ਧਰਮ ਰਹਿਤ ਸਮਾਜ ਦੇ ਫਲਸਫੇ ਨੇ ਅੱਜ ਮਨੁੱਖੀ ਸਮਾਜ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੀ ਖਿੰਡਾ ਕੇ ਰੱਖ ਦਿੱਤਾ ਐ ।
ਅੱਜ ਦੁਨੀਆਂ ਦੇ ਵਿੱਚ ਸਮਾਜਿਕ ਸੰਬੰਧਾਂ ਨੂੰ ਤੋੜ ਕੇ ਰੱਖ ਦਿੱਤਾ ਐ ਤੇ ਪੱਛਮੀ ਸਮਾਜ ਦੇ ਉਹ ਸਾਰੇ ਵਿਚਾਰਕ ਉਹ ਸਾਰੇ ਰਾਜਨੀਤੀਵਾਨ ਜੋ ਭਵਿੱਖ ਦੇ ਵਿੱਚ ਇੱਕੀਵੀਂ ਸਦੀ ਸਿਰਜਣ ਦੀ ਗੱਲ ਕਰਦੇ ਐ। ਉਹ ਏਸ ਗੱਲ ਤੇ ਆ ਗਏ ਆ ਕਿ ਇਹ ਪ੍ਰਣਾਲੀ ਵੀ ਠੀਕ ਨਹੀਂ ਚੱਲ ਰਹੀ। ਇਹ ਪ੍ਰਣਾਲੀ ਉਹ ਕਹਿੰਦੇ ਏਸ ਕਰਕੇ ਠੀਕ ਨਹੀਂ ਚੱਲ ਰਹੀ ਕਿਉਂਕਿ ਰਾਜਨੀਤੀ ੱਚ ਨੈਤਿਕਤਾ ਨਹੀਂ ਰਹੀ। ਖੁੱਲੇ ਮੁਕਾਬਲੇ ’ਚ ਸਮਾਜ ਦੇ ਪ੍ਰਤੀ ਕੋਈ ਜਿੰਮੇਵਾਰੀ ਨਹੀਂ ਰਹੀ। ਸਮਾਜਿਕ ਜਿੰਦਗੀ ਦੇ ਵਿੱਚ ਆਪਸੀ ਪ੍ਰੇਮ ਭਾਵ ਨਹੀਂ ਰਿਹਾ।
ਅੱਜ ਭਰਾਓ ਦੁਨੀਆਂ ਦੇ ਏਜੰਡੇ ਤੇ ਐ ਕਿ ਇੱਕਵੀਂ ਸਦੀ ਸਿਰਜਣ ਵਾਲੇ ਫਿਲਾਸਫਰ ਇਹੋ ਜਿਹੀਆਂ ਥਿਊਰੀਆਂ (ਵਿਊਤਾਂ) ਲਿਆ ਰਹੇ ਨੇ ਜਿੰਨੂ ਹਾਲੇ ਉਹ ਨੈਤਿਕਤਾ ਬੇਸਡ (ਆਧਾਰਤ) ਰਾਜਨੀਤੀ ਕਹਿੰਦੇ ਨੇ ਲੇਕਿਨ ਹੈ ਉਹ ਸਾਡੇ ਸਤਿਗੁਰ ਦੀ ਬਖਸ਼ੀ ਧਰਮ ਆਧਾਰਿਤ ਰਾਜਨੀਤੀ ਐ ਤੇ ਉਹ ਧਰਮ ਆਧਾਰਤ ਰਾਜਨੀਤੀ ਅਸੀਂ ਪੇਸ਼ ਕਰਦੇ ਆਂ ਸਾਡੇ ਸਿਧਾਂਤ ਕਹਿੰਦੇ ਨੇ ਕਿ ਜਦ ਰਾਜਾ ਧਰਮ ਤੋਂ ਦੂਰ ਹੋ ਜਾਂਦਾ ਏ ਤਾਂ ਉਹ ਸ਼ੀਹ ਬਣ ਜਾਂਦਾ ਉਹ ਸਿਸਟਮ (ਪ੍ਰਬੰਧ) ਕੁੱਤੇ ਬਣ ਜਾਂਦੇ ਐ ਤੇ ਜੇ ਚੰਗਾ ਰਾਜ ਤੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਜੇ ਤਾਂ ਧਰਮ ਦਾ ਕੁੰਡਾ ਰਾਜ ਦੇ ਉੱਪਰ ਹੋਣਾ ਚਾਹੀਦਾ ਏ। ਇਹ ਫਲਸਫਾ ਸਿਰਫ ਸਿੱਖਾਂ ਨੂੰ ਨਹੀਂ ਸੀ ਦਿੱਤਾ, ਦੁਨੀਆਂ ਦੇ ਵਿੱਚ ਸਮੁੱਚੀ ਮਾਨਵਤਾ ਨੂੰ ਸਾਡੇ ਸਤਿਗੁਰਾਂ ਨੇ ਦਿੱਤਾ ਸੀ ਆਉ ਪੂਰੇ ਕਨਫੀਡੈਂਸ (ਯਕੀਨ) ਦੇ ਨਾਲ ਇਸ ਫਲਸਫੇ ਨੂੰ ਰੱਖੀਏ ਕਿ ਦੁਨੀਆਂ ਵਾਲਿਓ ਜੇ ਪਰਿਵਾਰਕ ਬੀਮਾਰੀਆਂ ਸਮਾਜਿਕ ਬੀਮਾਰੀਆਂ ਰਾਜਨੀਤਕ ਬੀਮਾਰੀਆਂ ਤੋਂ ਛੁਟਕਾਰਾ ਪਾਉਣਾ ਜੇ ਤਾਂ ਧਰਮ ਆਧਾਰਿਤ ਰਾਜਨੀਤੀ ਜਿਸ ਦਾ ਸਿਧਾਂਤ ‘ਮੀਰੀ-ਪੀਰੀ’ ਦੇ ਮਾਲਕ ਨੇ ਦਿੱਤਾ ਐ ਦਸ਼ਮ ਪਿਤਾ ਨੇ ਦਿੱਤਾ ਐ ਸਾਰੇ ਉਸ ਤੇ ਰਾਜ ਸਿਰਜੋ ਤੇ ਇਹ ਰਾਜ ਇਹਨਾਂ ਸਾਰੀਆਂ ਬੀਮਾਰੀਆਂ ਦਾ ਹੱਲ ਹੋਵੇਗਾ ਦੁਨੀਆਂ ਦੇ ਵਿੱਚ ਮਾਡਰਨ (ਨਵੀਆਂ) ਲਹਿਰਾਂ ਨੇ ਕਿ ਪ੍ਰਕਿਰਤੀ ਨੂੰ ਬਚਾਓ ਦੁਨੀਆਂ ਦੇ ੱਚ ਮਾਡਰਨ ਲਹਿਰਾਂ ਨੇ ਕੀ ਮਨੁੱਖੀ ਅਧਿਕਾਰਾਂ ਨੂੰ ਬਚਾਓ ਦੁਨੀਆਂ ’ਚ ਮਾਡਰਨ ਲਹਿਰਾਂ ਨੇ ਕਿ ਪਰਿਆਵਰਣ ਨੂੰ ਬਚਾਉ ਇਨ੍ਹਾਂ ਸਾਰਿਆਂ ਦਾ ਇੱਕੋ ਇੱਕ ਹੱਲ ਹੈ ਕਿ ਆਪਣੇ ਸਮਾਜ ਨੂੰ ਕਿ ਆਪਣੇ ਰਾਜ ਨੂੰ ਧਰਮ ਦੇ ਆਧਾਰ ਤੇ ਆਰਗੇਨਾਈਜ (ਜਥੇਬੰਦ) ਕਰੋ ਮਨੁੱਖਤਾ ਦਾ ਭਲਾ ਏਸ ਗੱਲ ’ਚ ਹੈ ਕਿ ਜਦੋਂ ਅਸੀਂ ਇਹ ਮੰਗ ਕਰਦੇ ਐ ਤਾਂ ਅਸੀਂ ਫਿਰਕਾਪ੍ਰਸਤ ਨਹੀਂ ਹੁੰਦੇ ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਮੇਰੇ ਅੰਦਰ ਇਹ ਗੱਲ ਜਰੂਰ ਆਉਂਦੀ ਐ ਕਿ ਦਿੱਲੀ ਦੇ ਹਾਕਮ ਜਿਹੜੇ ਸਦੀਆਂ ਤੋਂ ਗੁਲਾਮੀ ਦੀ ਜਿੰਦਗੀ ਬਤੀਤ ਕਰਦੇ ਰਹੇ ਜਲੀਲ ਹੁੰਦੇ ਰਹੇ ਤੇ ਉਹਨਾਂ ਦੀ ਸੋਚ ਅੱਜ ਇਸ ਤਰ੍ਹਾਂ ਦੀ ਹੋ ਗਈ ਐ ਕਿ ਉਹਨੂੰ ਬੰਦ ਬੰਦਾ ਨਹੀਂ ਦਿੱਸ ਰਿਹਾ ਉਹਨਾਂ ਦਾ ਹੱਲ ਵੀ ਇਹੋ ਹੈ ਕਿ ਉਹ ਇੱਕ ਚੰਗਾ ਰਾਜਨੀਤਕ ਮਾਡਲ ਅਪਣਾਉਣ ਮੈਂ ਜਿੱਥੇ ਆਪਣੀ ਕੌਮ ਵਾਸਤੇ ਘਰ ਮੰਗਦਾ ਉੱਥੇ ਮੈਂ ਕਹਿਨਾ ਕਿ ਉਹਨਾਂ ਲੋਕਾਂ ਨੂੰ ਵੀ ਜਿਹੜੇ ਆਨੇ ਬਹਾਨੇ ਕਦੀ ਭਾਰਤੀ ਕਰਣ ਦੇ ਨਾਹਰੇ ਮਾਰਦੇ ਨੇ ਕਦੀ ਮਰਾਠਾ ਰਾਜ ਦੇ ਨਾਹਰ ਮਾਰਦੇ ਨੇ ਸਾਨੂੰ ਉਹਨਾਂ ਨੂੰ ਵੀ ਕਹਿ ਦੇਣਾ ਚਾਹੀਦਾ ਕਿ ਤੁਹਾਨੂੰ ਤੁਹਾਡਾ ਘਰ ਮੁਬਾਰਕ ਤੁਸੀਂ ਤੇਤੀ (33) ਕਰੋੜ ਦੇਵੀ ਦੇਵਤਿਆਂ ਦਾ ਆਪਣਾ ਰਾਜ ਸਿਰਜ ਲਉ ਪਰ ਅਸੀਂ ਆਪਣੇ ਫਲਸਫੇ ਦੇ ਆਧਾਰ ਤੇ ਸਮਾਜ ਸਿਰਜ ਕੇ ਤੁਹਾਨੂੰ ਦਿਖਾਈਏ ਤੁਸੀਂ ਆਪਣੇ ਤੇ ਦੁਨੀਆਂ ਦੇਖੇਗੀ ਕਿਹੜਾ ਧਰਮ ਕਿਹੜਾ ਫਲਸਫਾ ਠੀਕ ਹੈ ਉਹ ਫਿਰ ਅਡਵਾਂਸ ਕਰੇਗਾ।
ਮੈਂ ਜਿਆਦੀਆਂ ਗੱਲਾਂ ਨਾ ਕਹਿੰਦਾ ਹੋਇਆ ਤੁਹਾਡਾ ਜਿਆਦਾ ਟਾਈਮ ਨਾ ਲਾਵਾਂ ਅਖੀਰ ਦੇ ਵਿੱਚ ਅਣਖੀਲਾ ਪੰਜਾਬ ਪ੍ਰੋਗਰਾਮ ਨੂੰ ਵਧਾਈ ਦੇਨਾਂ । ਇੱਕ ਗੱਲ ਮੈਂ ਹੰਸਰਾ ਜੀ ਨਾਲ ਆਪਣੇ ਦਿਲ ਦੀ ਸਾਂਝੀ ਕਰਦਾਂ। ਇੱਥੇ ਬੈਠਿਆਂ ਮੇਰੇ ਦਿਮਾਗ ’ਚ ਆਈ ਸੀ ਮੈਂ ਸੋਚਿਆ ‘ਅਣਖੀਲਾ ਪੰਜਾਬ’, ਪੰਜਾਬ ਵੀ ਤਾਂ ਅਣਖੀਲਾ ਹੁੰਦਾ ਹਰ ਅਣਖੀਲਾ ਪੰਜਾਬੀ ਹੁੰਦਾ ਪਰ ਇੱਥੇ ਬੱਚੇ ਲੱਗੇ ਸੀਗੇ ਵਾਰ ਗਾਉਣ। ਬੈਠਿਆਂ-ਬੈਠਿਆਂ ਮੈਂ ਜਦੋਂ ਇਹ ਸਵਾਲ ਨਾਲ ਘੁਲ ਰਿਹਾ ਸੀ ਤਾਂ ਮੈਨੂੰ ਜਵਾਬ ਮਿਲਦਾ ਸੀ ਉੱਥੋਂ ਪੰਜਾਬ ਤਿੰਨ ਨੇ। ਇੱਕ ਉਹ ਪੰਜਾਬ ਦਾ ਹਿੱਸਾ ਜਿਸ ਨੇ ਸ਼ੁਰੂ ਤੋਂ ਵੈਦਿਕ ਸਭਿਆਚਾਰ ਨੂੰ ਅਲਵਿਦਾ ਕਹਿ ਕੇ ਹਿੰਦੂਕੁਸ਼ ਪਰਬਤ ਦੇ ਪਾਰੋਂ ਆਏ ਵਿਚਾਰਾਂ ਨੂੰ, ਪਾਰੋਂ ਆਏ ਰਾਜਿਆਂ ਨੂੰ ਅਪਣਾ ਕੇ ਇੱਕ ਹਿੱਸਾ ਅੱਡ ਕਰ ਲਿਆ। ਇੱਕ ਪੰਜਾਬ ਦਾ ਉਹ ਹਿੱਸਾ ਐ ਜਿਹੜਾ ਦਿੱਲੀ ਤੋਂ ਸ਼ੁਰੂ ਹੋ ਜਾਂਦਾ ਐ। ਉਹ ਵੀ ਪੰਜਾਬ ਐ ਜਿਹੜਾ ਉਹਨਾਂ ਰਵਾਇਤਾਂ ਨੂੰ ਨਹੀਂ ਭੁੱਲਿਆ ਜਿਨ੍ਹਾਂ ਰਵਾਇਤਾਂ ਕਰਕੇ ਹਰ ਦੂਜੇ-ਤੀਜੇ ਮਹੀਨੇ ਮੁਹੰਮਦ ਗਜਨਵੀ ਆ ਚੜ੍ਹਦਾ ਸੀ ਤੇ ਅਗਲੇ ਬੰਨਿਓਂ ਝੋਲੀਆਂ ਵਿਛਾ ਕੇ ਜੋ ਮੰਗਦਾ ਸੀ ਉਹਨੂੰ ਦੇ ਦਿੰਦੇ ਸੀ ਉਹ ਵੀ ਇੱਕ ਕਲਚਰ (ਸੱਭਿਆਚਾਰ) ਐ ਤੇ ਪੰਜਾਬ ਦਾ ਇੱਕ ਉਹ ਵੀ ਹਿੱਸਾ ਜਿੰਨ੍ਹੇ ਉਸ ਹਿੱਸੇ ਨੂੰ ਅਡਾਪਟ (ਪ੍ਰਵਾਨ) ਕੀਤਾ ਐ ਇਤਿਹਾਸ ਦੇ ਵਿੱਚ ਇੱਕ ਨਿੱਕੀ ਜਿਹੀ ਘਟਨਾ ਆਉਂਦੀ ਹੈ । ਨਾਦਰ ਸ਼ਾਹ ਨੇ ਜਦ ਦਿੱਲੀ ’ਤੇ ਹਮਲਾ ਕੀਤਾ ਉਹਨੇਂ ਐਨਾ ਜੁਲਮ ਕੀਤਾ, ਐਨਾ ਜਬਰ ਕੀਤਾ ਕਿ ਉਹਦੀ ਆਪਣੀ ਆਤਮਾ ਵੀ ਕੰਬਣ ਲੱਗੀ ਤਾਂ ਸ਼ਾਮ ਨੂੰ ਉਹ ਕਹਿਣ ਲੱਗਾ ਆਪਣੇ ਸੈਨਾਪਤੀਆਂ ਨੂੰ ਕਿ ਆਪਾਂ ਛੇਤੀ ਵਾਪਸ ਚਲੇ ਜਾਈਏ ਜਿੰਨ੍ਹਾਂ ਜੁਲਮ ਕੀਤਾ ਐ ਉਹਦੇ ਤੋਂ ਇਹਨਾਂ ਲੋਕਾਂ ਦੀ ਜਮੀਰ ਜਾਗ ਸਕਦੀ ਹੈ ਤੇ ਕੱਲ੍ਹ ਨੂੰ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਇਤਿਹਾਸ ’ਚ ਦਰਜ ਹੈ ਉਸ ਮੌਕੇ ਦੇ ਇਕ ਵਿਦਵਾਨ ਨੇ ਲਿਖਿਆ ਕਿ ਇਕ ਤਜਰਬੇਕਾਰ ਵਜੀਰ ਜਿਹੜਾ ਕਿ ਉਦੋਂ ਤਾਂ ਵਜੀਰ ਨਹੀਂ ਸੀ ਪਰ ਪਹਿਲਾਂ ਦਿੱਲੀ ਦਰਬਾਰ ਦੀ ਸ਼ਾਨ ਸੀ, ਉਹਨੇ ਕਿਹਾ, ਨਾਦਰ ਸ਼ਾਹ! ਇਹ ਗੱਲ ਤੇਰੀ ਗਲਤ ਹੈ, ਇਸ ਦਿੱਲੀ ਦੇ ਲੋਕਾਂ ’ਤੇ ਇਤਿਹਾਸ ’ਚ ਜੀਹਨੇ ਜਿਨਾਂ ਵੱਧ ਜਬਰ ਕੀਤਾ ਐ, ਉਨ੍ਹਾਂ ਵੱਧ ਨਜ਼ਰਾਨੇ ਭੇਟ ਕੀਤੇ ਨੇ ਤੇ ਤੂੰ ਦੇਖੇਗਾ ਕੱਲ ਨੂੰ ਕੀ ਹੋਊਗਾ ਤੇ ਭਰਾਓ ਮੈਂ ਫਿਰਕਾਪ੍ਰਸਤੀ ਦੇ ਆਧਾਰ ਤੇ ਨਹੀਂ ਕਹਿ ਰਿਹਾ ਇਹ ਹਿਸਟੋਰੀਕਲ (ਇਤਿਹਾਸਕ) ਸਚਾਈ ਹੈ ਕਿ ਅਗਲੇ ਦਿਨ ਨਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਨਾਲੇ ਬਹੂ-ਬੇਟੀਆਂ ਨੂੰ ਨਚਾਇਆ ਗਿਆ, ਨਾਲੇ ਨਜ਼ਰਾਨੇ ਭੇਟ ਕੀਤੇ ਗਏ, ਨਾਲੇ ਸ਼ੁਕਰਾਨੇ ਭੇਟ ਕੀਤੇ ਗਏ ਇਕ ਉਹ ਵੀ ਪੰਜਾਬ ਐ। ਤਿੰਨ੍ਹਾਂ ਪੰਜਾਬਾਂ ਦੇ ਹਿੱਸੇ ਨੇ ਤਿੰਨ ਤਰ੍ਹਾਂ ਦੇ ਪੰਜਾਬੀ ਨੇ । ਇੱਕ ਉਹ ਵੀ ਪੰਜਾਬ ਐ ਜਿਨ੍ਹੇ ਦਸਮ ਪਿਤਾ ਦੇ ਇਸ਼ਾਰੇ ਤੇ ਆਪਣੇ ਸਿਰ ਭੇਟ ਕਰ ਦਿੱਤੇ ਇੱਕ ਉਹ ਵੀ ਪੰਜਾਬੀ ਐ ਜਿੰਨ੍ਹੇ ਆਪਣੀ ਅਣਖ ਦੀ ਖਾਤਰ ਤਾਂ ਕੀ ਜਿਨ੍ਹੇ ਦੁਨੀਆਂ ਦੀ ਇੱਜਤ ਬਚਾਉਣ ਲਈ, ਜਿਨ੍ਹੇ ਦਿੱਲੀ ਦੀ ਇੱਜਤ ਬਚਾਉਣ ਲਈ ਆਪਣੇ ਆਪ ਨੂੰ ਵਾਰ ਦਿੱਤਾ, ਉਹ ਵੀ ਇੱਕ ਪੰਜਾਬ ਐ। ਜਿਹੜੀ ਇਹ ਗਲਤਫਹਿਮੀ ਕਿ ਹਰ ਕੋਈ ਪੰਜਾਬੀ ਏ ਤੇ ਹਰ ਪੰਜਾਬੀ ਅਣਖ ਵਾਲੇ ਏ ਮੈਂ ਕਹਿਨਾ ਇਹ ਇੱਕ ਗਲਤ ਧਾਰਨਾ ਐ। ਜਿਹੜਾ ਪੰਜਾਬ ’ਚ ਵੱਸਦਾ ਅਣਖ ਵਾਲਾ ਪੰਜਾਬੀ ਐ। ਉਹ ਪੰਜਾਬੀ ਤਾਂ ਰਿਹਾ ਨਹੀਂ ਕਿਉਂਕਿ ਜਦੋਂ ਪੰਜਾਬੀਆਂ ਦੀ ਡਵੀਜ਼ਨ ਹੋਈ ਤਾਂ ਉਹ ਤਾਂ ‘ਖਾਲਸਾੱ ਸਜ ਗਿਆ। ਅਣਖੀਲਾ ਪੰਜਾਬ ਉਹ ਐ ਜਿਹੜਾ ਗੁਰੂ ਦਾ ਖਾਲਸਾ ਐ। ਅਣਖੀਲਾ ਪੰਜਾਬ ਉਹ ਹੈ ਜਿਹੜਾ ਸੱਚੀਓਂ ਅਣਖ ਦੀ ਜਿੰਦਗੀ ਜਿਊਣ ਦੇ ਵਾਸਤੇ ਤੜਪਦਾ ਐ (ਸੰਗਤ ਵੱਲੋਂ ਜੈਕਾਰਾ) ਸੋ ਮੇਰੇ ਭਰਾਓ ਗੁਰੂ ਪਾਸ ਅਰਦਾਸ ਕਰੋ ਕਿ ਸੱਚੀਓਂ ਅਸੀਂ ਅਣਖੀਲੇ ਬਣੇ ਰਹੀਏ। ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ।
ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰੂ ਤੋਂ ਸਭ ਕੁਝ ਮੰਗਦੇ ਆਂ ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ ਗੁਰੂ ਕੋਲ ਬੜੀਆਂ ਦਾਤਾਂ ਨੇ ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਐ ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂਗੀ, ਪੁੱਤ ਦੀ ਨਹੀਂਗੀ ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ। ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ। ਗੁਰੂ ਨੇ ਜਦ ਗੁਰਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ ਤਾਂ ਉਹਦੇ ਕੋਲ ਇਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜੀ ਸਿੱਖ ਲੈ ਸਕਦਾ ਐ ਤੇ ਉਸ ਵਿਸ਼ੇਸ਼ ਦਾਤ ਨੂੰ ਗੁਰਾਂ ਦੇ ਤੋਂ ਬਾਅਦ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਤੇ ਉਹ ਵਿਸ਼ੇਸ਼ ਦਾਤ ਐ ਗੁਰੂ ਦੇ ਕੋਲ ਐ ਉਹ ਹੈ ‘ਸ਼ਹਾਦਤ’ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਏ ਉਹ ਗੁਰੂ ਤਾਂ ਨਹੀਂ ਬਣਦੇ ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ।
ਸੋ ਜੇ ਸਾਡੀ ਕਿਸਮਤ ’ਚ ਇਹ ਦਾਤ ਨਹੀਂ ਜੇ ਸਤਿਗੁਰ ਨੇ ਅਜੇ ਸਾਨੂੰ ਇੰਨੀ ਮੱਤ ਬੁੱਧ ਤਾਕਤ ਨਹੀਂ ਦਿੱਤੀ ਤਾਂ ਘੱਟੋ ਘੱਟ ਉਸ ਦਾਤ ਨੂੰ ਪ੍ਰਾਪਤ ਕਰਨ ਵਾਲਿਆਂ ਦੇ ਅੱਗੇ ਆਪਣਾ ਸਿਰ ਝੁਕਾਇਆ ਕਰੋ ਉਸ ਦਾਤ ਨੂੰ ਪ੍ਰਾਪਤ ਕਰਨ ਦੀ ਤਮੰਨਾ ਜਰੂਰ ਕਰਿਆ ਕਰੋ ਸਤਿਗੁਰ ਮਿਹਰ ਕਰੇ ਜੇ ਅਸੀਂ ਇਹ ਮੰਗ ਕਰਾਂਗੇ ਤਾਂ ਉਹ ਬਾਕੀ ਸਾਰੀਆਂ ਦਾਤਾਂ ਇਹਦੇ ਵਿੱਚ ਈ ਦੇ ਦੇਊਗਾ। ਮੈਂ ਇਹ ਆਸ ਕਰਦਾਂ ਐ ਮੈਂ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਕੋਈ ਸਿਆਸੀ ਲਾਈਨ ਜਾਂ ਸਿਆਸੀ ਪੈਂਤੜਾ ਕਰ ਸਕਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜਰੂਰ ਕਹੂੰਗਾ ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਸਾਜਿਆ ਗਿਆ ਸੀ ਤੇ ਜੇ ‘ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓੱ ਤਾਂ ਦੁਨੀਆਂ ’ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ (ਪਰਿਭਾਸ਼ਾ) ਕੁੱਛ ਵੀ ਨਹੀਂ ਦੇ ਸਕੋਗੇ, ਸੋ ਅੱਜ ਖਾਲਸੇ ਦੀ ਵਿਆਖਿਆ ਕਰਨ ਲਈ ਹੀ ਆਪਣੇ ਫਰਜ ਨੂੰ ਪਛਾਣੋ ਸਤਿਗੁਰ ਪਾਸ ਅਰਦਾਸ ਕਰਿਆ ਕਰੋ, ਦੁਨੀਆਂ ਦੇ ਵਿੱਚ ਮਾੜੇ ਲੋਕਾਂ ਨਾਲ ਰਹਿ ਕੇ ਮਾੜੇ ਸਮਾਜ ਦੇ ਨਾਲ ਖਹਿ ਕੇ ਮਾੜੀਆਂ ਬਿਰਤੀਆਂ ਆਈਆਂ ਨੇ, ਕਮਜੋਰੀਆਂ ਆਈਆਂ ਨੇ, ਘਰਾਂ ਵੱਲ ਨੂੰ ਭੱਜਦੇ ਐ। ਪੰਥ ਦੇ ਕਾਜ ਦੀ ਥਾਂ ਤੇ ਲਾਲਚ ਵੱਸ ਕਈ ਕੁਝ ਕਰਦੇ ਐ। ਸਤਿਗੁਰ ਪਾਸ ਅਰਦਾਸ ਕਰਿਆ ਕਰੋ ਇਨ੍ਹਾਂ ਮਾੜੀਆਂ ਬਿਰਤੀਆਂ ਤੋਂ ਖਹਿੜਾ ਛੁੱਟੇ ਤੇ ਸਤਿਗੁਰ ਆਪਣੇ ਗੱਡੀ ਰਾਹ ਤੇ ਚੱਲਣ ਦੀ ਸਮਰਥਾ ਬਖਸ਼ੇ। ਮੈਂ ਅੱਜ ਏਸ ਮੌਕੇ ਦੇ ਉੱਤੇ ਜਿੱਥੇ ਅਣਖੀਲਾ ਪੰਜਾਬ ਤੇ ਏਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਨਾ ਕਿ ਉਹਨਾਂ ਨੇ ਆਪਣਾ ਅਗਲਾ ਸਾਲ ਸ਼ੁਰੂ ਕਰਨਾ ਐ ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਤਿਗੁਰ ਤੋਂ ਲੈਣਾ ਈ ਨਾ ਸਿੱਖੋ ਸਤਿਗੁਰ ਤੋਂ ਕੁੱਛ ਜੋ ਤੁਹਾਨੂੰ ਹਦਾਇਤ ਹੋਈ ਐ ਉਹ ਵੀ ਪੂਰੀ ਕਰਨੀ ਸਿੱਖੋ। ਸਾਰਾ ਕੁੱਛ ਇਹਦੇ ਵਿੱਚ ਆ ਜਾਊਗਾ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇੰਨ੍ਹਾਂ ਹੀ ਕਹਿੰਦਾ ਹੋਇਆ ਆਉ ਫਤਿਹ ਸਾਂਝੀ ਕਰੀਏ…
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
(ਉਕਤ ਤਕਰੀਰ ਨੂੰ ਲਿਖਤੀ ਰੂਪ ਦੇਣ ਲਈ ਅਸ਼ੀਂ ਸ੍ਰ. ਹਰਿੰਦਰਪ੍ਰੀਤ ਸਿੰਘ ਦੇ ਧੰਨਵਾਦੀ ਹਾਂ।)