ਅੰਮਿ੍ਤਸਰ (6 ਅਗਸਤ , 2015): ਪਾਕਿਸਤਾਨ ਅਤੇ ਭਾਰਤ 14 ਅਤੇ 15 ਅਗਸਤ ਨੂੰ ਆਪੋ ਆਪਣੇ ਅਜ਼ਾਦੀ ਦਿਨ ਮਨਾਉਣਗੇ, ਤਾਂ 1947 ਦੇ ਇਸ ਵੰਡ-ਵੰਡਾਰੇ ਵਿੱਚ ਗੁਰਧਾਮਾਂ ਤੋਂ ਵਿਛੜੀ ਸਿੱਖ ਕੌਮ 14 ਅਗਸਤ ਨੂੰ ਅਰਦਾਸ ਦਿਵਸ ਵਜੋਂ ਮਨਾਏਗੀ।
ਸਿੱਖਾਂ ਦੀ ਅਰਦਾਸ ‘ਚ 25 ਜਨਵਰੀ, 1952 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆਂ ਗਿਆ ਹੈ, ਦੇ ਖੁੱਲ੍ਹੇ ਦਰਸ਼ਨ ਦੀਦਾਰ ‘ਤੇ ਸੇਵਾ ਸੇਵਾ ਸੰਭਾਲ ਦਾ ਦਾਨ ਬਖਸ਼ਣ ਦੀ ਜੋੜੀ ਗਈ ਬੇਨਤੀ ਨੂੰ ਮੌਜੂਦਾ ਹਲਾਤਾਂ ‘ਚ ਪ੍ਰਪੱਕ ਕਰਨ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਭਾਰਤ-ਪਾਕਿ ਵੰਡ ਮੌਕੇ 1947 ‘ਚ 14 ਅਗਸਤ ਨੂੰ ਸਿੱਖਾਂ ਤੋਂ ਵਿਛੜ ਗਏ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਯਾਦ ‘ਚ 14 ਅਗਸਤ ਅਰਦਾਸ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ ।
ਸਿੰਘ ਸਾਹਿਬ ਨੇ ਸਮੂਹ ਸਿੱਖਾਂ ਨੂੰ ਅਗਾਮੀ 14 ਅਗਸਤ ਅਰਦਾਸ ਦਿਵਸ ਵਜੋਂ ਮਨਾਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਇਹ ਅਰਦਾਸ ਹੋਰਨਾਂ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਸਰਹੱਦ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਵੀ ਕੀਤੀ ਜਾਵੇ ।
ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਕੇਂਦਰ ਤੱਕ ਪਹੁੰਚ ਕਰਦਿਆਂ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਜਾਵੇ ।