ਲੇਖ » ਸਾਹਿਤਕ ਕੋਨਾ » ਸਿੱਖ ਇਤਿਹਾਸਕਾਰੀ » ਸਿੱਖ ਖਬਰਾਂ

ਸਿੱਖਾਂ ਨੇ ਤਾਂ ਇਸ ਰਵੱਈਏ ਦਾ ਸਿਖਰ ਵੇਖਿਆ ਹੈ

March 27, 2020 | By

ਇਹ ਓਹੀ ਜੁੱਤੀ ਸੀ ਜਿਹੜੀ ਕਦੇ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਸੀ ਤੇ ਪਤਾ ਨਹੀਂ ਹੋਰ ਕਿੰਨੇ ਗੁਰਦੁਆਰਿਆਂ ਦੇ ਅੰਦਰ ਇਹਨੇ ਦਗੜ ਦਗੜ ਕੀਤੀ ਸੀ, ਅੱਜ ਤਾਂ ਇਹਦੇ ਕੋਲ ਬਸ ਇਕ ਬੰਦੇ ਦਾ ਸਿਰ ਹੀ ਸੀ…..

ਲੇਖਕ: ਮਲਕੀਤ ਸਿੰਘ (ਭਵਾਨੀਗੜ੍ਹ)

ਦੁਨੀਆਂ ਭਰ ਵਿੱਚ ਫੈਲੀ ਬਿਮਾਰੀ ਕਰਕੇ ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਕਰਫਿਊ ਲਗਾਇਆ ਹੋਇਆ ਹੈ। ਸੋ ਜਿੱਥੇ ਤਕਰੀਬਨ ਕੁੱਲ ਦੁਨੀਆਂ ਮੌਤ ਦੇ ਖੌਫ ਕਾਰਨ ਸਭ ਕਾਸੇ ਤੋਂ ਨਿਰਲੇਪ ਜਾਪ ਰਹੀ ਹੈ ਉੱਥੇ ਪੰਜਾਬ ਵਿੱਚ ਸਖਤੀ ਨਾਲ ਕਰਫਿਊ ਲਾਗੂ ਕਰਨ ਦੀ ਖੁੱਲ ਦੇ ਨਸ਼ੇ ਵਿੱਚ ਇਕ ਵਾਰ ਫਿਰ ਇਥੋਂ ਦੀ ਬਹੁਤੀ ਪੁਲਸ ਘੁੰਡ ਚੱਕ ਕੇ ਆਪਣੇ ਵਡੇਰਿਆਂ ਦੇ ਰੰਗ ਵਿੱਚ ਰੰਗੀ ਵੇਖੀ ਜਾ ਸਕਦੀ ਹੈ। ਇਸ ਵਾਰ ਸ਼ੁਰੂਆਤ ਵਿੱਚ ਇਹਨੂੰ ਇਥੋਂ ਦੇ ਕੁਝ ਪੜ੍ਹੇ ਲਿਖਿਆਂ ਨੇ ਦਿਲ ਖੋਲ ਕੇ ਹੱਲਾ ਸ਼ੇਰੀ ਦਿੱਤੀ, ਸਲਾਮਾਂ ਕੀਤੀਆਂ, ਵੱਡੀ ਸੇਵਾ ਦੇ ਸਨਮਾਨ ਦਿੱਤੇ, ਮਿਲੀ ਖੁੱਲ ਅਤੇ ਵਰਤੇ ਢੰਗਾਂ ਦਾ ਮਾਣ ਮਹਿਸੂਸ ਕਰਵਾਇਆ। ਸਰਕਾਰ ਦੀ ਖੁੱਲ ਨੂੰ ਜਦੋਂ ਵਸ਼ਿੰਦੇ ਪ੍ਰਵਾਨਗੀ ਦੇ ਦੇਣ ਅਤੇ ਸਿਰਫ ਪ੍ਰਵਾਨਗੀ ਹੀ ਨਹੀਂ ਸਗੋਂ ਮਾਣ ਵੀ ਮਹਿਸੂਸ ਕਰਵਾ ਦੇਣ ਫਿਰ ਜਿਹੜੇ ਪਹਿਲਾਂ ਹੀ ਮਨੁੱਖ ਨੂੰ ਮਨੁੱਖ ਨਾ ਸਮਝਦੇ ਹੋਣ ਉਹਨਾਂ ਲਈ ਕੁਛ ਵੀ ਕਰਨਾ ਅਤੇ ਕਿਸੇ ਵੀ ਤਰੀਕੇ  ਨਾਲ ਕਰਨਾ ਕੋਈ ਸਮੱਸਿਆ ਨਹੀਂ ਰਹਿੰਦੀ।

ਓਹਦੇ ਲਈ ਤਾਂ ਮਨ ਆਈਆਂ ਕਰਨ ਲਈ ਸਭ ਦਰਵਾਜੇ ਖੁੱਲ ਜਾਂਦੇ ਨੇ, “ਮੀਆਂ ਮੇਰਾ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ।” ਹੋਇਆ ਵੀ ਓਹੀ ਜੋ ਹੋਣਾ ਸੀ ਪਰ ਸ਼ਾਇਦ ਇਹ ਮਾਹੌਲ ਤਿਆਰ ਕਰਨ ਵਾਲਿਆਂ ਨੂੰ ਇਹਦਾ ਅੰਦਾਜ਼ਾ ਨਹੀਂ ਸੀ। ਅਸਲ ਵਿੱਚ ਜੋ ਹੋਇਆ ਉਹ ਕਰਨ ਵਾਲਿਆਂ ਦੀ ਰਵਾਇਤ ਮੁਤਾਬਿਕ ਕੋਈ ਜ਼ਿਆਦਾ ਨਹੀਂ ਹੈ, ਉਹ ਤਾਂ ਹਜੇ ਉਸ ਰੰਗ ਵਿੱਚ ਪਰਤ ਹੀ ਰਹੇ ਸੀ ਕਿ ਹੱਲਾ ਸ਼ੇਰੀ ਦੇਣ ਵਾਲਿਆਂ ਵਿੱਚੋਂ ਬਹੁਤਿਆਂ ਨੂੰ ਵੀ ਇਸ ਵਾਪਰ ਰਹੇ ਵਤੀਰੇ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ। ਓਹੀ ਲੋਕ ਫਿਰ “ਆਪੇ ਫਾਥੜੀਏ ਤੈਨੂੰ ਕੌਣ ਛਡਾਵੇ” ਵਾਲੀ ਹਾਲਤ ਵਿੱਚ ਫਸੇ ਵੇਖੇ ਗਏ। ਇਸ ਸੇਕ ਦਾ ਵੱਡਾ ਕਾਰਨ ਇਹ ਹੈ ਕਿ ਇਸ ਵਾਰ ਮਜਲੂਮ ਧਿਰ ਕੋਈ ਇਕ ਵਰਗ ਨਹੀਂ। ਦਰਅਸਲ ਪੁਲਸ ਦੇ ਇਸ ਤਰ੍ਹਾਂ ਦੇ ਰਵੱਈਏ ਦਾ ਸ਼ਿਕਾਰ ਜਦੋਂ ਇਕੋ ਵੇਲੇ ਕੋਈ ਇਕ ਵਰਗ ਹੋ ਰਿਹਾ ਹੁੰਦਾ ਹੈ ਤਾਂ ਬਾਕੀ ਸਾਰੇ ਉਹਨੂੰ ਉਸ ਪੱਧਰ ਤੇ ਜਾ ਕੇ ਮਹਿਸੂਸ ਕਰਨ ਅਤੇ ਸਮਝਣ ਵਿੱਚ ਅਸਮਰਥ ਹੁੰਦੇ ਹਨ ਸਿਵਾਏ ਉਹਨਾਂ ਦੇ ਜਿਹੜੇ ਇਹਨਾਂ ਦੀ ਰਗ ਰਗ ਤੋਂ ਵਾਕਿਫ ਹੋਣ। ਕਿੰਨੀ ਦਫਾ ਪੁਲਸ ਦਾ ਇਸ ਤੋਂ ਵੀ ਘਟੀਆ ਵਰਤਾਰਾ ਲੋਕਾਂ ਨੇ ਝੱਲਿਆ, ਸਭ ਨੇ ਦੇਖਿਆ, ਫਰਕ ਸਿਰਫ ਇਹਨਾਂ ਹੁੰਦਾ ਸੀ ਕਿ ਉਦੋਂ ਕੋਈ ਇਕ ਵਰਗ ਸੰਘਰਸ਼ ਵਿੱਚ ਉਤਰਿਆ ਹੁੰਦਾ ਸੀ ਤੇ ਬਾਕੀ ਘਰ ਬੈਠ ਕੇ ਹਾਕਮਾਂ ਵੱਲੋਂ ਦਿੱਤੀ ਪਰਿਭਾਸ਼ਾ ਨੂੰ ਪ੍ਰਵਾਨ ਕਰ ਰਹੇ ਹੁੰਦੇ ਸੀ।

ਨੋਜਵਾਨ ਨੂੰ ਬੇਹਰਿਮੀ ਨਾ ਕੁੱਟਦੀ ਹੋਈ ਪੰਜਾਬ ਪੁਲਸ

ਹੁਣ ਜਦੋਂ ਇਸ ਦੀ ਲਪੇਟ ਵਿੱਚ ਸਾਰੇ ਆਏ ਤਾਂ ਕੀਤੇ ਜਾ ਕੇ ਥੋੜਾ ਬਹੁਤ ਮਹਿਸੂਸ ਹੋਇਆ। ਜਿਹਨਾਂ ਨੂੰ ਇਹਨਾਂ ਦੀ ਅਸਲੀਅਤ ਬਾਰੇ ਪਤਾ ਸੀ ਉਹਨਾਂ ਨੇ ਵੇਲੇ ਸਿਰ ਇਸ ਹੱਲਾ ਸ਼ੇਰੀ ਨੂੰ ਰੋਕਣ ਲਈ ਅਗਾਹ ਵੀ ਕੀਤਾ। ਪਰ “ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ‘ਚ ਪਤਾ ਲਗਦਾ।”

ਸ਼ੁਰੂਆਤ ਵਿੱਚ ਰਾਹ ਜਾਂਦੇ ਨੂੰ ਖੜਾ ਕੇ ਓਹਦੇ ਹੱਥ ਵਿੱਚ ਇਕ ਫੱਟੀ/ਕਾਗਜ ਫੜਾਇਆ ਗਿਆ ਜਿਸ ਤੇ ਲਿਖਿਆ ਸੀ  “ਮੈਂ ਸਮਾਜ ਦਾ ਦੁਸਮਣ ਹਾਂ ਇਸ ਕਰਕੇ ਮੈਂ ਘਰ ਨਹੀਂ ਬੈਠ ਸਕਦਾ” ਅਤੇ ਓਹਦੀ ਫੋਟੋ ਖਿੱਚ ਕੇ ਮੱਕੜ ਜਾਲ (ਇੰਟਰਨੈੱਟ) ਤੇ ਪਾਈ ਗਈ। ਸੋ ਇਹ ਤਰੀਕਾ ਸ਼ਾਇਦ ਉਹਨਾਂ ਨੂੰ ਆਪਣੇ ਕੱਦ ਦੇ ਹਾਣਦਾ ਨਾ ਲੱਗਿਆ ਅਤੇ ਤਰੀਕਾ ਬਦਲਿਆ ਗਿਆ। ਇੱਥੇ ਤਰਕ ਮਿਲਦਾ ਹੈ ਕਿ ਲੋਕ ਘਰ ਨਹੀਂ ਬੈਠ ਰਹੇ ਸਨ ਤਾਂ ਪੁਲਸ ਨੂੰ ਸਖਤੀ ਵਧਾਉਣੀ ਪਈ। ਸਖਤੀ ਵਧਾਉਣ ਲਈ ਹੋਰ ਬਥੇਰੇ ਤਰੀਕੇ ਮੌਜੂਦ ਨੇ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਖਤੀ ਦੇ ਤਰੀਕੇ ਚੁਣਨ ਵਿੱਚ ਕੋਈ ਕਿੰਨਾ ਕੁ ਡਿੱਗਿਆ ਹੈ। ਯਹੂਦੀਆਂ ਦੇ ਇਤਿਹਾਸ ਵਿੱਚੋਂ ‘ਹਰਜ਼ਲ’ ਦੀ ਇਹ ਗੱਲ ਇੱਥੇ ਪੂਰੀ ਢੁੱਕਦੀ ਹੈ ਕਿ “ਇਖਲਾਕ ਤੋਂ ਡਿੱਗਣ ਦੇ ਵੀ ਵੱਖੋ ਵੱਖ ਪੱਧਰ ਨੇ ਹਰੇਕ ਬੰਦੇ ਅਤੇ ਸੰਸਥਾ ਦੇ, ਆਪੋ ਆਪਣੇ ਰੁਤਬੇ ਅਨੁਸਾਰ ਡਿੱਗਦੇ ਨੇ।”

ਕਰਫਿਊ ਦੋਰਾਨ ਨੌਜਵਾਨਾਂ ਤੋਂ ਕੰਨ ਫੜਾ ਕੇ ਬੈਠਕਾਂ ਕੱਢਵਾ ਰਹੀਂ ਪੰਜਾਬ ਪੁਲਸ

ਇਸ ਤੋਂ ਅਗਲਾ ਤਰੀਕਾ ਅਪਣਾਉਂਦੇ ਹੋਏ ਬੰਦਿਆਂ ਨੂੰ ਡੰਡੇ ਨਾਲ ਡਰਾ ਕੇ ਡੰਡ ਬੈਠਕਾਂ ਲਵਾਈਆਂ ਗਈਆਂ, ਕੰਨ ਫੜਾਏ ਗਏ। ਹੱਲਾ ਸ਼ੇਰੀ ਸ਼ੁਰੂ ਹੋ ਗਈ, ਮਾਣ ਮਿਲਿਆ ਅਤੇ ਖੁੱਲ ਮਿਲੀ ਤਾਂ ਡੰਡ ਬੈਠਕਾਂ ਨਾਲ ਕੁੱਟਿਆ ਵੀ ਗਿਆ, ਸੜਕ ਤੇ ਲੰਮੇ ਪਾਇਆ ਗਿਆ, ਬਿਨਾਂ ਕੁਝ ਪੁੱਛਿਆਂ ਸੋਟੀਆਂ ਅਤੇ ਲੱਤਾਂ ਮਾਰੀਆਂ ਗਈਆਂ, ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ।

ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਵੱਲੋਂ ਸਖਤੀ ਨਾਲ ਕਰਫਿਊ ਲਾਗੂ ਕਰਵਾਉਣ ਤੇ ਪੁਲਸ ਨੂੰ ਸ਼ਾਬਾਸ਼ੀ ਦਿੱਤੀ ਗਈ। ਥੋੜੇ ਸਮੇਂ ਵਿੱਚ ਹੀ ਲਗਾਤਾਰਤਾ ਨਾਲ ਇਹਨਾ ਦਾ ਤਰੀਕਾ ਹੋਰ ਡਿੱਗਦਾ ਗਿਆ, ਹੁਣ ਲੋਕਾਂ ਦੇ ਪਿੱਛੇ ਭੱਜ ਭੱਜ ਕੁੱਟਿਆ ਗਿਆ, ਘਰਾਂ ਦੇ ਬਾਹਰ ਖੜ੍ਹਿਆ ਨੂੰ ਬੁਰਾ ਭਲਾ ਬੋਲਿਆ ਗਿਆ, ਆਪਣੇ ਪੈਰਾਂ ਵਿੱਚ ਸੜਕ ਤੇ ਲਿਟਾ ਕੇ ਨੱਕ ਨਾਲ ਲਕੀਰਾਂ ਕਢਾਈਆਂ ਗਈਆਂ, ਠੁੱਡੇ ਮਾਰੇ ਗਏ, ਘਰ ਦਾ ਬੂਹਾ ਤੋੜ ਕੇ ਅੰਦਰ ਵੜ ਕੇ ਕੁੱਟਿਆ ਗਿਆ, ਕਈ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਗੁੰਡਾਗਰਦੀ ਦਾ ਨਿਸ਼ਾਨਾ ਬਣਨਾ ਪਿਆ, ਸਿਰ ਵਿੱਚ ਚੱਪਲ/ਜੁੱਤੀ ਮਾਰ ਮਾਰ ਕੁੱਟਿਆ ਗਿਆ।

ਹਕੂਮਤ ਵੱਲੋਂ ਮਿਲੀ ਖੁੱਲ੍ਹ ਤੋਂ ਬਾਅਦ ਨੌਜਵਾਨ ਦੇ ਸਿਰ ਤੇ ਚੱਪਲਾ ਮਾਰਦੀ ਹੋਈ ਪੰਜਾਬ ਪੁਲਸ

ਹੁਣ ਇਹ ਆਪਣੀ ਰਵਾਇਤ ਅਤੇ ਆਪਣੇ ਵਡੇਰਿਆਂ ਵਾਲੇ ਰੰਗ ਚ ਪਰਤ ਰਹੇ ਸਨ। ਜਿਹੜੀ ਜੁੱਤੀ ਸਿਰ ਚ ਵਾਰ ਵਾਰ ਮਾਰੀ ਜਾ ਰਹੀ ਸੀ, ਇਹ ਓਹੀ ਜੁੱਤੀ ਸੀ ਜਿਹੜੀ ਕਦੇ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਸੀ ਤੇ ਪਤਾ ਨਹੀਂ ਹੋਰ ਕਿੰਨੇ ਗੁਰਦੁਆਰਿਆਂ ਦੇ ਅੰਦਰ ਇਹਨੇ ਦਗੜ ਦਗੜ ਕੀਤੀ ਸੀ, ਅੱਜ ਤਾਂ ਇਹਦੇ ਕੋਲ ਬਸ ਇਕ ਬੰਦੇ ਦਾ ਸਿਰ ਹੀ ਸੀ। ਇਕ ਭਾਈ ਆਪਣੀ ਘਰਵਾਲੀ ਜਿਹਦੇ ਬੱਚਾ ਹੋਣਾ ਸੀ ਓਹਨੂੰ ਦਵਾਈ ਦਵਾਉਣ ਜਾ ਰਿਹਾ ਸੀ, ਉਸ ਬੀਬੀ ਦੇ ਬਿਆਨ ਮੁਤਾਬਿਕ ਉਹਨਾਂ ਵੱਲੋਂ ਬਕਾਇਦਾ ਸਾਰੇ ਸਬੂਤ (ਦਵਾਈ ਦੀਆਂ ਪਰਚੀਆਂ ਆਦਿ) ਪੁਲਸ ਨੂੰ ਦਿਖਾਏ ਗਏ ਪਰ ਫਿਰ ਵੀ ਉਸ ਭਾਈ ਨੂੰ ਕੁੱਟਿਆ ਗਿਆ ਅਤੇ ਇੱਥੇ ਹੀ ਬਸ ਨਹੀਂ, ਉਹਦੇ ਘਰ ਦਾ ਬੂਹਾ ਤੋੜ ਕੇ ਅੰਦਰ ਵੜ ਕੇ ਉਸ ਭਾਈ ਨੂੰ ਕੁੱਟਿਆ ਗਿਆ, ਨੱਕ ਦੀ ਹੱਡੀ ਤੋੜੀ ਗਈ ਅਤੇ ਇਸ ਤਰ੍ਹਾਂ ਨਾਲ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਲੀਲ ਕੀਤਾ ਗਿਆ। ਫਿਰ ਹੱਲਾ ਸ਼ੇਰੀ ਦੇਣ ਵਾਲਿਆਂ ਨਾਲ ਕੁਝ ਇਸ ਤਰ੍ਹਾਂ ਦਾ ਹੋਇਆ “ਮਾਂ ਬੈੜਕਾ ਬੜਾ ਸੋਹਣਾ, ਕਹਿੰਦੀ ਕੀ ਦੱਸਾਂ ਪੁੱਤ ਇਸੇ ਨੇ ਤਾਂ ਰੰਡੀ ਕੀਤੀ ਆਂ।” ਇਹ ਸਭ ਵਾਪਰਦੇ ਵਾਪਰਦੇ ਲੋਕਾਂ ਵੱਲੋਂ ਪੁਲਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ, ਇਕ ਥਾਂ ਪੁਲਸ ਨੂੰ ਬੀਬੀਆਂ ਨੇ ਮੂਹਰੇ ਲਾ ਲਿਆ ਅਤੇ ਭਜਾ ਦਿੱਤੇ ਭਾਵੇਂ ਬਾਅਦ ਵਿੱਚ ਗ੍ਰਿਫਤਾਰ ਵੀ ਹੋਏ ਅਤੇ ਮਾਮਲੇ ਵੀ ਦਰਜ ਕੀਤੇ ਗਏ, ਇਕ ਪੁਲਸ ਮੁਲਾਜਮ ਨੂੰ ਆਪਣੇ ਪਰਿਵਾਰ ਨਾਲ ਜਾਂਦੇ ਹੋਏ ਨੂੰ ਉਹਨਾਂ ਵੱਲੋਂ ਆਮ ਲੋਕਾਂ ਨਾਲ ਕੀਤੇ ਜਾ ਰਹੇ ਸਲੂਕ ਦਾ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਗਿਆ ਅਤੇ ਇਹ ਸਭ ਹਾਲੀ ਵੱਖੋ ਵੱਖਰੇ ਤਰੀਕੇ ਜਾਰੀ ਹੈ।

ਕਰਫਿਊ ਦੋਰਾਨ ਆਪਣੇ ਪਰਿਵਾਰ ਨੂੰ ਲੈ ਕੇ ਜਾਂਦਾ ਹੋਇਆ ਪੁਲਸ ਅਧਿਕਾਰੀ

ਭਾਵੇਂ ਹੁਣ ਮੁੱਖ ਮੰਤਰੀ ਵੱਲੋਂ ਪੁਲਸ ਨੂੰ ਤਾੜਨਾ ਕਰਨ ਦੀਆਂ ਖਬਰਾਂ ਵੀ ਨੇ, ਇਕ ਥਾਂ ਪੁਲਸ ਅਫਸਰ ਮੁਅੱਤਲ ਕਰਨ ਦੀ ਵੀ ਖਬਰ ਹੈ ਪਰ ਜੋ ਵਾਪਰਿਆ ਉਹਦੇ ਚੋਂ ਇਹਨਾਂ ਦੀ ਮਾਨਸਿਕਤਾ ਸਮਝਣੀ ਬੇਹੱਦ ਜਰੂਰੀ ਹੈ। 

ਇਹ ਸਭ ਇਸ ਵਾਰ ਲੋਕਾਂ ਤੇ ਸਾਂਝੇ ਰੂਪ ਵਿੱਚ ਹੋਣ ਕਰਕੇ ਤਕਰੀਬਨ ਸਭ ਨੂੰ ਹੁਣ ਪੁਲਸ ਦਾ ਇਹ ਵਤੀਰਾ ਗਲਤ ਲੱਗ ਰਿਹਾ ਹੈ। ਵੱਖੋ ਵੱਖਰੇ ਸੰਘਰਸ਼ਾਂ ਦੌਰਾਨ ਸਭ ਦਾ ਆਪੋ ਆਪਣਾ ਤਜ਼ਰਬਾ ਰਿਹਾ ਹੋਵੇਗਾ ਪਰ ਸਿੱਖਾਂ ਨੇ ਤਾਂ ਇਸ ਰਵੱਈਏ ਦਾ ਸਿਖਰ ਵੇਖਿਆ ਹੈ।

ਗੁਰਦੁਆਰਿਆਂ ਵਿੱਚ ਸਣੇ ਜੁੱਤੀਆਂ ਦਾਖਲ ਹੋਣਾ, ਬੇਅਦਬੀਆਂ ਕਰਨੀਆਂ, ਥਾਣਿਆਂ ਵਿੱਚ ਧੀ ਨੂੰ ਨੰਗਿਆਂ ਕਰਕੇ ਪਿਓ ਉੱਤੇ ਪਾਉਣਾ, ਜੇਲ੍ਹਾਂ ਵਿੱਚ ਸਿੰਘਾਂ ਨੂੰ ਅਣਮਨੁੱਖੀ ਤਸ਼ੱਦਤ ਦੇਣੇ, ਸਿੰਘਾਂ ਦੇ ਤੱਤੀਆਂ ਪ੍ਰੈੱਸਾਂ ਲਾਉਣੀਆਂ, ਗਰਮ ਲੋਹੇ ਦੀਆਂ ਰਾੜਾਂ ਨਾਲ ਤਸ਼ੱਦਤ ਕਰਨੇ, ਝੂਠੇ ਮੁਕਾਬਲੇ ਬਣਾ ਦੇਣੇ, ਝੂਠੇ ਕੇਸਾਂ ਵਿੱਚ ਜੇਲ੍ਹਾਂ ਚ ਕੈਦ ਕਰਨਾ, ਜਾਪ ਕਰਦੀ ਸੰਗਤ ਤੇ ਗੋਲੀਆਂ ਚਲਾਉਣੀਆਂ, ਸਿੰਘ ਸ਼ਹੀਦ ਕਰਨੇ ਹੋਰ ਕਿੰਨਾ ਕੁਝ ਹੈ ਜਿਹੜਾ ਕਿਸੇ ਨੇ ਕਦੀ ਕਿਆਸਿਆ ਵੀ ਨੀ ਹੋਣਾ ਅਤੇ ਇਹ ਸਭ ਕਰਨ ਤੇ ਪੁਲਸ ਵਾਲਿਆਂ ਨੂੰ ਫੀਤੀਆਂ ਮਿਲਣੀਆਂ, ਸ਼ਾਬਾਸ਼ ਮਿਲਣੀ। ਇਹ ਜਿਹਨਾਂ ਨਾਲ ਬੀਤਿਆ ਅਤੇ ਜਿਹਨਾਂ ਜਿਹਨਾਂ ਨੇ ਮਹਿਸੂਸ ਕੀਤਾ ਉਹ ਇਸ ਘਟੀਆ ਮਾਨਸਿਕਤਾ ਨੂੰ ਸਮਝ ਸਕਦੇ ਨੇ ਅਤੇ ਜੋ ਆਹ ਦੋ ਕੁ ਦਿਨ ਵਾਪਰਿਆ ਇਹ ਤਾਂ ਇਹਨਾਂ ਦੀ ਰਵਾਇਤ ਮੁਤਾਬਿਕ ਬਿਲਕੁਲ ਹੀ ਨਾ-ਮਾਤਰ ਸੀ, ਇਹ ਵਤੀਰਾ ਕਿੰਨਾ ਘਟੀਆ ਹੋ ਸਕਦਾ ਹੈ ਇਹਦਾ ਬਸ ਅੰਦਾਜ਼ਾ ਹੀ ਲਾਇਆ ਜਾ ਸਕਦਾ ਅਤੇ ਬੀਤੇ ਤੋਂ ਸਿੱਖ ਕੇ ਭਵਿੱਖ ਲਈ ਸਮਝ ਬਣਾਈ ਜਾ ਸਕਦੀ ਹੈ। ਜਿਹਨਾਂ ਨੂੰ ਹੁਣ ਇਹ ਥੋੜਾ ਬਹੁਤਾ ਵੀ ਮਹਿਸੂਸ ਹੋ ਗਿਆ ਉਹਨਾਂ ਦਾ ਮਨੁੱਖ ਹੋਣ ਦੇ ਨਾਤੇ ਭਵਿੱਖ ਵਿੱਚ ਇਹ ਫਰਜ ਬਣਦਾ ਹੈ ਕਿ ਧੱਕਾ ਕਿਸੇ ਨਾਲ ਵੀ ਹੋਵੇ ਓਹਦਾ ਵਿਰੋਧ ਠੀਕ ਉਸੇ ਤਰ੍ਹਾਂ ਕਰੋ ਜਿਵੇਂ ਉਹ ਧੱਕਾ ਤੁਹਾਡੇ ਖੁਦ ਨਾਲ ਹੋ ਰਿਹਾ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,