ਹੁਸ਼ਿਆਰਪੁਰ: ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਨੂੰ ਸਰਕਾਰੀ ਤੰਤਰ ਹੱਥੋਂ ਹੋਇਆ ਕਤਲ ਦੱਸਦਿਆਂ ਸਿੱਖ ਯੂਥ ਆਫ ਪੰਜਾਬ ਵੱਲੋਂ ਹੁਸ਼ਿਆਰਪੁਰ ਸਰਕਾਰੀ ਕਾਲੇਜ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਇਸ ਦੀ ਨਿਆਇਕ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਮਿਲਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਵਿਚਾਰਧਾਰਾ ਵਿਰੁੱਧ ਕੀਤੇ ਜਾ ਰਹੇ ਇਸ ਘੋਲ ਵਿੱਚ ਉਹ ਦਲਿਤ ਵਿਦਿਆਰਥੀ ਸੰਗਠਨਾ ਦੇ ਨਾਲ ਖੜੇ ਹਨ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਅਸਤੀਫੇ ਦੀ ਮੰਗ ਅਤੇ ਹੋਰ ਮੰਗਾਂ ਦਾ ਸਮਰਥਨ ਕਰਦੇ ਹਨ।
ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਇਹ ਰਵੱਈਆਂ ਬਣ ਚੁੱਕਿਆ ਹੈ ਕਿ ਉਹ ਇਨਸਾਫ ਲਈ ਆਵਾਜ ਚੁੱਕਣ ਵਾਲਿਆਂ ਨੂੰ ਡੰਡੇ ਦੇ ਜੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।
ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਜਿਸ ਤਰ੍ਹਾਂ ਅੰਬੇਦਕਰ ਸਟੂਡੈਂਟ ਐਸੋਸੀਏਸ਼ਨ ਨਾਲ ਸੰਬੰਧਿਤ ਵੇਮੁਲਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਵਿਰੋਧੀ ਵੀਚਾਰ ਰੱਖਣ ਕਾਰਨ ਸਜਾ ਦਿੱਤੀ ਗਈ ਸੀ, ਉਸ ਤੋਂ ਭਾਰਤ ਵਿੱਚਲੀ ਵਿਰੋਧੀ ਵਿਚਾਰਾਂ ਪ੍ਰਤੀ ਅਸਿਹਣਸ਼ੀਲਤਾ ਦਾ ਇੱਕ ਵਾਰ ਫੇਰ ਪ੍ਰਗਟਾਵਾ ਹੋਇਆ ਹੈ। ਉਨ੍ਹਾਂ ਭਾਰਤ ਦੀ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਬਿਆਨਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਭਾਰਤੀ ਸਰਕਾਰ ਦੇ ਮੰਤਰੀਆਂ ਵੱਲੋਂ ਅਸਲ ਵਿੱਚ ਸੱਚ ਉੱਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮ੍ਰਿਤੀ ਇਰਾਨੀ ਦਾ ਇਹ ਕਹਿਣਾ ਕਿ ਇਹ ਮਸਲਾ ਦਲਿਤ ਬਨਾਮ ਗੈਰ ਦਲਿਤ ਨਹੀਂ ਹੈ ਬਲਕਿ ਦੋ ਵਦਿਆਰਥੀ ਧੜਿਆਂ ਵਿਚਲੀ ਲੜਾਈ ਹੈ, ਇਹ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਿਦਿਆਰਥੀ ਜਥੇਬੰਦੀਆਂ ਅਲੱਗ ਵਿਚਾਰਧਾਰਵਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿੱਚੋਂ ਇੱਕ ਅੰਬੇਦਕਰ ਦੀ ਵਿਚਾਰਧਾਰਾ ਤੇ ਚੱਲਦੀ ਹੈ ਤੇ ਦੂਜੀ ਹਿੰਦੂਤਵ ਦੀ ਵੀਚਾਰਧਾਰਾ ਤੇ। ਇਸ ਲਈ ਇਹ ਦੋ ਧੜਿਆਂ ਦਾ ਟਕਰਾਅ ਨਹੀਂ ਦੋ ਵਿਚਾਰਧਾਰਾਵਾਂ ਦਾ ਆਪਸੀ ਟਕਰਾਅ ਹੈ ਜਿਸ ਵਿੱਚ ਅਖੌਤੀ ਉੱਚ ਜਾਤੀ ਹਿੰਦੂਤਵ ਵਿਚਾਰਧਾਰਾ ਵੱਲੋਂ ਅਖੌਤੀ ਨੀਵੀ ਜਾਤੀ ਵਾਲੀ ਅੰਬੇਦਕਰ ਦੀ ਵੀਚਾਰਧਾਰਾ ਨੂੰ ਦਬਾਇਆ ਜਾ ਰਿਹਾ ਹੈ।
ਇਸ ਮੌਕੇ ਨੋਬਲਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਪ੍ਰਤੱਖ ਹੈ ਕਿ ਭਾਰਤੀ ਰਾਜ ਪ੍ਰਣਾਲੀ ਵਿੱਚ ਸਿਰਫ ਇੱਕ ਵਰਗ ਦੀ ਸ੍ਰੇਸ਼ਟਤਾ ਨੂੰ ਕਾਇਮ ਰੱਖਣ ਲਈ ਕਿਸ ਤਰ੍ਹਾਂ ਬਾਕੀ ਵਰਗਾਂ ਦਾ ਗਲਾ ਘੁਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ਅਤੇ ਯੂਨੀਵਰਸਿਟੀ ਦੇ ਅਖੌਤੀ ਉੱਚ ਜਾਤੀ ਨਾਲ ਸੰਬੰਧਿਤ ਅਧਿਕਾਰੀਆਂ ਵੱਲੋਂ ਰੋਹਿਤ ਨਾਲ ਐਨਾ ਬੁਰਾ ਸਲੂਕ ਕੀਤਾ ਗਿਆ ਕਿ ਇੱਕ ਹੁਸ਼ਿਆਰ ਅਤੇ ਮਿਹਨਤੀ ਵਿਦਿਆਰਥੀ ਨੂੰ ਆਤਮਹੱਤਿਆ ਲਈ ਮਜਬੂਰ ਹੋਣਾ ਪਿਆ।
ਇਸ ਮੌਕੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਕਰਤਾਰਪੁਰ, ਹੁਸ਼ਿਆਰਪੁਰ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ, ਮਨਜੀਤ ਸਿੰਘ, ਸਰਬਜੋਤ ਸਿੰਘ, ਪਵਨਦੀਪ ਸਿੰਘ ਆਦਿ ਹਾਜਿਰ ਸਨ।