Site icon Sikh Siyasat News

ਸਿੱਖ ਯੂਥ ਫਰੰਟ ਨੇ ਸਿੱਖ ਰਾਜਸੀ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ

ਅੰਮ੍ਰਿਤਸਰ ( 19 ਜੂਨ, 2015): ਸਿੱਖ ਯੂਥ ਫਰੰਟ ਵੱਲੋਂ ਜਾਰੀ ਤਾਜ਼ਾ ਪੈਸ ਬਿਆਨ ਵਿੱਚ ਜਨਰਲ ਸਕੱਤਰ ਪਪਲਪ੍ਰੀਤ ਸਿੰਘ ਨੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਕਾਗਜ਼ੀ ਕਾਰਵਾਈ ਦੀ ਮੱਠੀ ਚਾਲ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਕਰਨਾਟਕ ਦੇ ਜੇਲ ਵਿਭਾਗ ਵੱਲੋਂ ਸਿੱਖ ਰਾਜਸੀ ਕੈਦੀ ਭਾਈ ਗੁਰਦੀਪ ਸਿੰਘ ਖਹਿਰਾ ਦੀ ਜੇਲ ਬਦਲੀ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਵੀ ਪੰਜਾਬ ਸਰਕਾਰ ਉਸਨੂੰ ਪੰਜਾਬ ਲਿਆਉਣ ਵਿੱਚ ਅਸਫਲ ਹੋਈ ਹੈ।

ਪਪਲਪ੍ਰੀਤ ਸਿੰਘ

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਅਫਸਾਰਸ਼ਾਹੀ ਦਾ ਕੰਟਰੋਲ ਰਾਜਸੀ ਪਾਰਟੀਆਂ ਦੇ ਹੱਥਾਂ ਵਿੱਚ ਹੈ।ਏਡੀਜੀਪੀ ਜੇਲਾਂ ਰਾਜਪਾਲ ਮੀਨਾਂ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਦੇ ਵਿਰੋਧ ਵਿੱਚ ਦਿੱਤੀ ਰਿਪੋਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੀਨਾਂ ਨੂੰ ਫਿਰਕਾਪ੍ਰਸਤ ਭਾਜਪਾ ਦਾ ਥਾਪੜਾ ਪ੍ਰਾਪਤ ਹੈ।

ਉਨ੍ਹਾਂ ਨੇ ਕਿਹਾ ਕਿ ਇਸੇ ਏਡੀਜੀਪੀ ਮੀਨਾ ਨੇ ਹੀ ਪ੍ਰੋ. ਭੁੱਲਰ ਦੀ ਜੇਲ ਬਦਲੀ ਸਬੰਧੀ ਰਿਪੋਰਟ ਦਿੱਤੀ ਸੀ ਕਿ ਪ੍ਰੋ. ਭੁੱਲਰ ਨੂੰ ਪੰਜਾਬ ਲਿਆਉਣ ਨਾਲ ਪੰਜਾਬ ਦੇ ਅਮਨ ਸ਼ਾਤੀ ਨੂੰ ਖਤਰਾ ਪੈਦਾ ਹੋ ਜਾਵੇਗਾ, ਪਰ ਹੁਣ ਜਦ ਪ੍ਰੋ. ਭੁੱਲਰ ਪੰਜਾਬ ਵਿੱਚ ਆ ਗਏ ਹਨ ਤਾਂ ਅਜੇ ਤੱਕ ਅਮਨ ਸ਼ਾਂਤੀ ਨੂੰ ਖ਼ਤਰਾ ਪੈਦਾ ਹੋਣ ਦੀ ਕੋਈ ਘਟਨਾ ਨਹੀਂ ਘਟੀ।

ਇਸੇ ਤਰਾਂ ਪ੍ਰੋ ਭੁੱਲਰ ਜੋ ਕਿ ਇਸ ਸਮੇਂ ਬੀਮਾਰੀ ਨਾਲ ਜੂਝ ਰਹੇ ਹਨ, ਦੇ ਪੈਰੋਲ ‘ਤੇ ਆਉਣ ਨਾਲ ਵੀ ਅਮਨ ਸ਼ਾਂਤੀ ‘ਤੇ ਕੋਈ ਅਸਰ ਨਹੀਂ ਪਵੇਗਾ।

ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਮੇਟੀ ਬਣਾਏ ਜਾਣ ਦੇ ਬਾਵਜੂਦ ਵੀ ਹੋ ਰਹੀ ਦੇਰੀ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਸਿੱਖ ਕੌਮ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਕਿ ਬਾਦਲ ਅੰਦਰੂਨੀ ਤੌਰ ‘ਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਦੇ ਹੱਕ ਵਿੱਚ ਨਹੀਂ।ਉਸਨੇ ਬਾਪੂ ਸੂਰਤ ਸਿੰਘ ਖਾਲਸਾ ਦੀ ਹੜਤਾਲ ਕਾਰਣ ਕੌਮਾਂਤਰੀ ਪੱਧਰ ‘ਤੇ ਬਣੇ ਦਬਾਅ ਤਹਿਤ ਹੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਸਮੇਂ ਹੋਰਨਾ ਤੋਂ ਇਲਾਵਾ ਡਾ. ਸ਼ਰਨਜੀਤ ਸਿੰਘ ਰਟੌਲ (ਪ੍ਰਧਾਨ ਸਿੱਖ ਯੂਥ ਫਰੰਟ), ਭਾਈ ਸੁਖਜੀਤ ਸਿੰਘ ਖੇਲਾ ( ਸੀਨੀਅਰ ਮੀਤ ਪ੍ਰਧਾਨ), ਭਾਈ ਪ੍ਰਿਤਪਾਲ ਸਿੰਘ, ਭਾਈ ਹਰਕੀਰਤ ਸਿੰਘ ਅਤੇ ਭਾਈ ਸਤਿੰਦਰ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version