Site icon Sikh Siyasat News

ਸਿੱਖ ਸੰਮੇਲਨ ਹੀ ਨਿਰਧਾਰਤ ਕਰੇਗਾ ਹੁੱਡਾ ਸਰਕਾਰ ਵੱਲੋਂ ਕਮੇਟੀ ਸਬੰਧੀ ਲਿਆ ਜਾਣ ਵਾਲਾ ਫੈਸਲਾ

ਕੁਰੂਕਸ਼ੇਤਰ ( 5 ਜੁਲਾਈ 2014): ਹਰਿਆਣਾ ਦੇ ਸਿੱਖਾਂ ਵੱਲੋਂ ਵੱਖਰੀ ਗੁਰਦੁਆਰਾ ਕਮੇਟੀ ਲਈ ਅੱਜ ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਸਿੱਖ ਸੰਮੇਲਨ ਹੋ ਰਿਹਾ ਹੈ ,ਜਿਸ ਵਿੱਚ ਵੱਖਰੀ ਕਮੇਟੀ ਦੇ ਮੁੱਦਾ ਉਠਾਉਣ ਵਾਲੇ ਨਲਵੀ ਅਤੇ ਝੀਡਾ ਧੜਿਆਂ ਤੋਂ ਇਲਾਵਾ ਬਾਦਲ ਦਲ ਨਾਲ ਸਬੰਧਿਤ ਚਾਰ ਸ਼੍ਰੋਮਣੀ ਕਮੇਟੀ ਮੈਂਬਰ ਵੀ ਸ਼ਾਮਿਲ ਹੋ ਰਹੇ ਹਨ ।ਇਸ ਸੰਮੇਲਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸ਼ਾਮਿਲ ਹੋਣ ਦੀ ਚਰਚਾ ਹੈ।

“ਅਜੀਤ” ਅਖ਼ਬਾਰ ਅਨੁਸਾਰ ਇਸ ਸੰਮੇਲਨ ਵਿੱਚ ਸ਼ੋ੍ਰਮਣੀ ਕਮੇਟੀ ਅੰਮਿ੍ਤਸਰ ਦੇ ਹਰਿਆਣਾ ‘ਚ ਮੌਜੂਦ 11 ਮੈਂਬਰਾਂ ‘ਚੋਂ ਘੱਟੋ-ਘੱਟ 4 ਮੈਂਬਰ ਅੰਬਾਲਾ ਤੋਂ ਜਥੇਦਾਰ ਹਰਪਾਲ ਸਿੰਘ ਮਛੌਾਡਾ ਅਤੇ ਜਥੇਦਾਰ ਅਮਰੀਕ ਸਿੰਘ ਜਨੇਤਪੁਰ, ਅਸੰਧ ਤੋਂ ਜਥੇਦਾਰ ਭੁਪਿੰਦਰ ਸਿੰਘ ਅਤੇ ਸਿਰਸਾ ਤੋਂ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਇਸ ਸੰਮੇਲਨ ‘ਚ ਸ਼ਾਮਿਲ ਹੋਣਗੇ।

ਚੱਠਾ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ‘ਤੇ ਜੇਕਰ ਝਾਤ ਪਾਇਆ ਜਾਵੇ ਤਾਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਨ ‘ਚ ਹਰਿਆਣਾ ਤੋਂ 2.5 ਲੱਖ ਤੋਂ ਵੀ ਵੱਧ ਸਿੱਖਾਂ ਨੇ ਸਹੁੰ ਪੱਤਰ ਦਿੱਤੇ ਹਨ। 18 ਸਾਲ ਤੋਂ ਘੱਟ ਉਮਰ ਵਾਲਾ ਸਹੁੰ ਪੱਤਰ ਨਹੀਂ ਦੇ ਸਕਦਾ। ਅਜਿਹੇ ‘ਚ ਸਪਸ਼ਟ ਹੈ ਕਿ ਸਹੁੰ ਪੱਤਰ ਦੇਣ ਵਾਲੇ ਸਾਰੇ ਬਾਲਿਗ ਹਨ।ਪਰ ਸਾਲ 2011 ‘ਚ ਹੋਏ ਸ਼੍ਰੋਮਣੀ ਕਮੇਟੀ ਦੀ ਚੋਣਾਂ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹੁਣ ਕੈਥਲ ਸੰਮੇਲਨ ‘ਚ ਹੋਣ ਵਾਲੀ ਹਾਜ਼ਰੀ ਸਾਬਤ ਕਰੇਗੀ ਕਿ 2.5 ਲੱਖ ਤੋਂ ਵੱਧ ਦਿੱਤੇ ਗਏ ਸਹੁੰ ਪੱਤਰ ਅਸਲੀ ਹਨ ਜਾਂ ਫਰਜ਼ੀ। ਹਾਲਾਂਕਿ ਆਯੋਜਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਸੰਮੇਲਨ ‘ਚ 50 ਹਜਾਰ ਤੋਂ ਵੱਧ ਲੋਕ ਸ਼ਾਮਿਲ ਹੋਣਗੇ ਪਰ ਐਸ. ਜੀ. ਪੀ. ਸੀ. ਨਾਲ ਜੁੜੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸੰਮੇਲਨ ‘ਚ ਕਾਂਗਰਸ ਵੱਲੋਂ ਦਿੱਤੇ ਗਏ ਪੂਰੇ ਸਮਰਥਨ ਦੇ ਬਾਵਜੂਦ ਹਾਜਰੀ 5-7 ਹਜਾਰ ਤੋਂ ਵੱਧ ਨਹੀਂ ਹੋ ਸਕਦੀ।

ਇਸ ਸੰਮੇਲਨ ਵਿੱਚ ਪਹੁੰਚੇ ਸਿੱਖਾਂ ਦਾ ਇਕੱਠ ਨੂੰ ਵੇਖ ਕੇ ਹੀ ਹਰਿਆਣਾ ਦੇ ਮੁੱਖ ਮੰਤਰੀ ਵੱਖਰੀ ਗੁਰਦੁਆਰਾ ਕਮੇਟੀ ਦਾ ਐਲਾਨ ਕਰਨਗੇ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਰੈਲੀ ‘ਚ ਘੱਟ ਹਾਜਰੀ ਵੱਖਰੀ ਕਮੇਟੀ ਦੇ ਗਠਨ ਦੇ ਐਲਾਨ ‘ਚ ਰੋੜਾ ਬਣ ਸਕਦੀ ਹੈ। ਰੈਲੀ ਦੇ ਪ੍ਰਬੰਧਕਾਂ ਨੇ ਰੈਲੀ ਨੂੰ ਸਫਲ ਬਣਾਉਣ ਲਈ ਆਪਣੀ ਸਾਰੀ ਤਾਕਤ ਲਾ ਦਿੱਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version