17 ਅਗਸਤ 2024 ਨੂੰ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਗੁਰਮਤ ਸਟਡੀਜ ਅਤੇ ਸੰਗੀਤ ਅਕੈਡਮੀ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ “ਨਾਨਕ ਰਾਜੁ ਚਲਾਇਆ” ਦੇ ਤਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡਾਕਟਰ ਸੇਵਕ ਸਿੰਘ ਨੇ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਭਰੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਮੰਚ ਤੋਂ ਬੋਲਦਿਆਂ ਹੋਇਆਂ ਕਿਹਾ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਹੋਏ ਸਿੱਖੀ ਮਾਰਗ ਤੇ ਚਲਦਿਆਂ ਹੋਇਆਂ ਸਿੱਖ ਕਿਵੇਂ ਇੱਕ ਉੱਤਮ ਰਾਜ ਦੇ ਸਕਦੇ ਹਨ। ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਹੋਏ ਫਲਸਫੇ, ਸਿਧਾਂਤ, ਜੀਵਨ ਜਾਚ, ਸਰਬੱਤ ਦੇ ਭਲੇ ਵਰਗੇ ਅਜਿਹੇ ਗੁਣਾਂ ਦੀ ਬਦੌਲਤ, ਸਿੱਖਾਂ ਨੇ ਬੀਤੇ ਸਮੇਂ ਦੌਰਾਨ ਦੋ ਵਾਰੀ ਰਾਜ ਕਾਇਮ ਕੀਤਾ ਅਤੇ ਦੁਨੀਆਂ ਦੇ ਸਭ ਤੋਂ ਉੱਤਮ ਰਾਜ ਪ੍ਰਬੰਧ ਦੀ ਮਿਸਾਲ ਬਣੇ। ਜਿਸ ਦੇ ਮੁੱਖ ਕਾਰਨ ਉਹਨਾਂ ਦੇ ਗੁਰੂ ਆਸ਼ੇ ਤੇ ਚੱਲਣਾ ਅਤੇ ਗੁਰੂਆਂ ਵਲੋਂ ਬਖਸ਼ੀ ਹੋਈ ਗੁਰਮੁਖੀ ਲਿਪੀ ਨੂੰ ਅਹਿਮੀਅਤ ਦੇਣਾ। ਉਹਨਾਂ ਨੇ ਪੂਰੇ ਵਿਸ਼ਵ ਦੇ ਵਿੱਚੋਂ ਸੈਂਕੜੇ ਲਿਪੀਆਂ ਦੇ ਵਿੱਚੋਂ ਚਾਰ ਪੰਜ ਲਿਪੀਆਂ ਦਾ ਜ਼ਿਕਰ ਕੀਤਾ ਜੋ ਕਿ ਬਦਲਾ ਲਿਆ ਸਕਦੀਆਂ ਹਨ ਜਾਂ ਬਦਲਾ ਲਿਆਉਣ ਦੇ ਕਾਬਲ ਹਨ। ਉਹਨਾਂ ਨੇ ਅਜੋਕੇ ਸਮੇਂ ਪੈਦਾ ਹੋਈਆਂ ਵਿਸ਼ਵ ਵਿਆਪੀ ਬਿਮਾਰੀਆਂ ਜਾਂ ਰੁਕਾਵਟਾਂ ਦੇ ਦੌਰਾਨ ਗੁਰਦੁਆਰਾ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਜਿੱਥੇ ਸਰਕਾਰਾਂ ਨਾਕਾਮਯਾਬ ਹੋ ਗਈਆਂ, ਉੱਥੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਹਰ ਇੱਕ ਪ੍ਰਕਾਰ ਦੀ ਸਹਾਇਤਾਵਾਂ ਬਿਨਾਂ ਕਿਸੇ ਸਵਾਰਥ ਜਾਂ ਭੇਦ ਭਾਵ ਤੋਂ ਸਮੁੱਚੀ ਲੋਕਾਈ ਨੂੰ ਦਿੱਤੀਆਂ ਗਈਆਂ। ਅੱਜ ਲੱਖ ਕਮੀਆਂ ਹੋਣ ਦੇ ਬਾਵਜੂਦ ਵੀ ਜੇ ਸਭ ਤੋਂ ਉੱਤਮ ਪ੍ਰਬੰਧਾਂ ਦੀ ਗੱਲ ਕਰਨੀ ਹੋਵੇ ਤਾਂ ਸਿੱਖਾਂ ਦੇ ਪ੍ਰਬੰਧ ਸਭ ਤੋਂ ਉੱਤਮ ਹਨ। ਇਹ ਉਹਨਾਂ ਦੇ ਵਖਿਆਨ ਦਾ ਪਹਿਲਾ ਭਾਗ ਹੈ, ਦੂਸਰਾ ਭਾਗ ਛੇਤੀ ਹੀ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਸੀਂ ਇਸ ਨੂੰ ਸੁਣੋ ਅਤੇ ਹੋਰ ਨਾਲ ਸਾਂਝੇ ਕਰੋ।