ਅੰਮਿ੍ਤਸਰ (24 ਜੂਨ, 2015): ਕਰਨਾਟਕ ਦੀ ਗੁਲਬਰਗ ਜੇਲ ਵਿੱਚ ਪਿੱਛਲੇ ਲੰਮੇ ਸਮੇਂ ਤੋਂ ਬੰਦ ਸਿੱਖ ਸਿਆਸੀ ਕੈਦੀ ਗੁਰਦੀਪ ਸਿੰਘ ਖੇੜਾ ਨੂੰ ਲੈ ਕੇ ਕਰਨਾਟਕ ਪੁਲਿਸ ਰੇਲ ਗੱਡੀ ਰਾਹੀਂ ਰਵਾਨਾ ਹੋ ਗਈ ਹੈ ਜੋ 25 ਜੂਨ ਨੂੰ ਕਿਸੇ ਵੀ ਸਮੇਂ ਅੰਮਿ੍ਤਸਰ ਪਹੁੰਚ ਸਕਦੀ ਹੈ।
ਇਸ ਸਬੰਧ ‘ਚ ਦਲ ਖ਼ਾਲਸਾ ਦੇ ਬੁਲਾਰੇ ਸ: ਕੰਵਰਪਾਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਖੈੜਾ ਨੂੰ 25 ਜੂਨ ਨੂੰ ਕਰਨਾਟਕ ਪੁਲਿਸ ਕਿਸੇ ਵੀ ਸਮੇਂ ਲੈ ਕੇ ਅੰਮਿ੍ਤਸਰ ਪਹੁੰਚ ਸਕਦੀ ਹੈ ।ਸੁਰੱਖਿਆ ਦੇ ਨਜ਼ਰੀਏ ਨਾਲ ਪੁਲਿਸ ਵੱਲੋਂ ਗੱਡੀ ਦਾ ਨਾਂਅ ਤੇ ਸਮਾਂ ਗੁਪਤ ਰੱਖਿਆ ਗਿਆ ਹੈ ।ਪਰ ਇਹ ਇਤਲਾਹ ਮਿਲੀ ਹੈ ਕਿ ਗੁਰਦੀਪ ਸਿੰਘ ਖੈੜਾ ਨੂੰ ਲੈ ਕੇ ਕਰਨਾਟਕਾ ਪੁਲਿਸ ਰਵਾਨਾ ਹੋ ਚੁੱਕੀ ਹੈ।
ਦੂਸਰੇ ਪਾਸੇ ਇਸ ਸਬੰਧ ‘ਚ ਅੰਮਿ੍ਤਸਰ ਜੇਲ੍ਹ ਸੁਪਰਡੈਂਟ ਸ੍ਰੀ ਆਰ. ਕੇ. ਸ਼ਰਮਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੂੰ ਗੁਰਦੀਪ ਸਿੰਘ ਖੈੜਾ ਦੇ ਅੰਮਿ੍ਤਸਰ ਲਿਆਉਣ ਤੋਂ ਪਹਿਲਾਂ ਕੋਈ ਇਤਲਾਹ ਨਹੀਂ ਦਿੱਤੀ ਗਈ ।ਜਦਕਿ ਪ੍ਰੋ: ਭੁੱਲਰ ਨੂੰ ਇਥੇ ਲਿਆਉਣ ਸਬੰਧੀ ਇਕ ਹਫ਼ਤਾ ਪਹਿਲਾਂ ਇਤਲਾਹ ਮਿਲ ਗਈ ਸੀ ।
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮਿ੍ਤਸਰ ਤਬਦੀਲ ਕੀਤੇ ਜਾਣ ਤੋਂ ਬਾਅਦ ਹੁਣ ਕਰਨਾਟਕ ਦੀ ਗੁਲਬਰਗਾ ਜੇਲ੍ਹ ਤੋਂ ਖਾੜਕੂ ਗੁਰਦੀਪ ਸਿੰਘ ਖੈੜਾ ਨੂੰ ਅੰਮਿ੍ਤਸਰ ਲਿਆਂਦਾ ਜਾ ਰਿਹਾ ਹੈ ।
ਦਿੱਲੀ ਅਤੇ ਕਰਨਾਟਕ ਦੇ ਬਿਦਰ ਸ਼ਹਿਰ ‘ਚ ਹੋਏ ਧਮਾਕਿਆਂ ਦੇ ਦੋਸ਼ ਤਹਿਤ ਖਾੜਕੂ ਗੁਰਦੀਪ ਸਿੰਘ ਖੈੜਾ ਨੂੰ ਦਿੱਲੀ ਅਤੇ ਕਰਨਾਟਕ ‘ਚ ਉਮਰ ਕੈਦ ਦੀ ਸਜਾ ਹੋਈ ਸੀ ।ਗੁਰਦੀਪ ਸਿੰਘ ਨੇ ਦਿੱਲੀ ‘ਚ ਆਪਣੀ ਉਮਰ ਕੈਦ ਦੀ ਸਜਾ ਪੂਰੀ ਕਰ ਲਈ ਹੈ ਜਦ ਕਿ ਹੁਣ ਉਹ ਕਰਨਾਟਕ ਦੀ ਜੇਲ੍ਹ ‘ਚ ਬੰਦ ਹੈ ।ਗੁਰਦੀਪ ਸਿੰਘ ਖੈੜਾ ਨੂੰ 1990 ‘ਚ ਹਿਰਾਸਤ ‘ਚ ਲਿਆ ਗਿਆ ਸੀ ।ਕਰੀਬ ਅੱਠ ਵਰ੍ਹੇ ਪਹਿਲਾਂ ਉਸ ਨੂੰ ਦਿੱਲੀ ਜੇਲ੍ਹ ‘ਚੋਂ ਆਪਣੀ ਭਣੇਵੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਪੈਰੋਲ ਮਿਲੀ ਸੀ ।