ਅੰਮ੍ਰਿਤਸਰ: ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਜਥੇਦਾਰਾਂ ਦੀ ਇਕ ਇਕੱਤਰਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲਿਖਤੀ ਫੈਸਲਾ ਪੜ੍ਹਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉੱਪ-ਮੰਤਰੀ ਤੇ ਸ਼੍ਰੋ.ਅ.ਦ. (ਬਾਦਲ) ਦੇ ਪ੍ਰਧਾਨ ਹੁੰਦਿਆਂ “ਕੁਝ ਅਜਿਹੇ ਫੈਸਲੇ” ਲਏ ਜਿਹਨਾ ਨਾਲ ਪੰਥਕ ਹਿੱਤਾਂ ਨੂੰ ਢਾਹ ਲੱਗੀ ਅਤੇ “ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਤਲੀ ਹੋਈ” ਹੈ।
ਉਹਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ 15 ਦਿਨਾਂ ਅੰਦਰ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮਾਫੀ ਮੰਗੇ ਓਨੇ ਚਿਰ ਤੱਕ ਉਸ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਐਲਾਨਿਆ ਜਾਂਦਾ ਹੈ।
ਜਥੇਦਾਰਾਂ ਨੇ ਉਕਤ ਫੈਸਲਾ ਪੰਥਕ ਸੰਸਥਾਵਾਂ, ਸੰਪਰਦਾਵਾਂ, ਜਥਿਆਂ ਤੇ ਸਿੱਖ ਸੰਸਥਾਵਾਂ ਨਾਲ ਰਾਏ ਕਰਕੇ ਗੁਰਮਤਾ ਪਕਾਉਣ ਤੋਂ ਬਿਨਾ ਹੀ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਈ ਸਿੱਖ ਸੰਸਥਾਵਾਂ ਤੇ ਪੰਥਕ ਜਥਿਆਂ ਨੇ ਜਥੇਦਾਰ ਸਾਹਿਬਾਨ ਨੂੰ ਸੁਝਾਅ ਦਿੱਤਾ ਸੀ ਕਿ ਪੰਥਕ ਸਰੋਕਾਰਾਂ ਨਾਲ ਜੁੜੇ ਮਾਮਲੇ ਅਕਾਲ ਤਖਤ ਸਾਹਿਬ ਉੱਤੇ ਵਿਚਾਰਨ ਵੇਲੇ ਪੰਥਕ ਸੰਸਥਾਵਾਂ, ਸੰਪਰਦਾਵਾਂ, ਜਥਿਆਂ ਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਰਾਏ ਮਸ਼ਵਰਾ ਕਰਕੇ ਹੀ ਗੁਰਮਤਾ ਕੀਤਾ ਜਾਵੇ। ਇਹਨਾ ਜਥਿਆਂ ਦਾ ਕਹਿਣਾ ਹੈ ਕਿ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਅਤੇ ਇਥੋਂ ਮਸਲੇ ਵਿਚਾਰ ਤੇ ਫੈਸਲਾ ਲੈਣਾ ਦਾ ਗੁਰਮਤਾ ਅਧਾਰਤ ਪੰਥਕ ਨਿਜ਼ਾਮ ਬਹਾਲ ਕਰਨ ਦੀ ਲੋੜ ਹੈ।